ਪੰਜਾਬ ਦੇ ਦਲਿਤ ਸਮਾਜ ਦਾ ਝੁਕਾਅ ਭਾਜਪਾ ਵੱਲ ਵਧਣ ਕਾਰਨ ਕਾਂਗਰਸ ਤੇ ਹੋਰ ਪਾਰਟੀਆਂ ਘਬਰਾਈਆਂ : ਬਾਗਾ
ਰਾਜੇਸ਼ ਬਾਗਾ ਮੀਤ ਪ੍ਰਧਾਨ ਪੰਜਾਬ ਭਾਜਪਾ

ਪੰਜਾਬ ਦੇ ਦਲਿਤ ਸਮਾਜ ਦਾ ਝੁਕਾਅ ਭਾਜਪਾ ਵੱਲ ਵਧਣ ਕਾਰਨ ਕਾਂਗਰਸ ਤੇ ਹੋਰ ਪਾਰਟੀਆਂ ਘਬਰਾਈਆਂ : ਬਾਗਾ

ਜਲੰਧਰ: 21 ਮਈ (ਗੁਰਪ੍ਰੀਤ ਸਿੰਘ ਸੰਧੂ)- ਸੂਬੇ ਵਿਚ ਦਲਿਤਾਂ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ‘ਤੇ ਸਖਤ ਨੋਟਿਸ ਲੈਂਦਿਆਂ ਅਤੇ ਤਸੀਹੇ ਦਿੱਤੇ ਜਾਣ ‘ਤੇ ਭਾਜਪਾ ਵੱਲੋਂ ਇਸ ਦੀ ਸਖਤ ਨਿਖੇਧੀ ਕੀਤੀ ਗਈ ਹੈ। ਸੂਬਾ ਭਾਜਪਾ ਦੇ ਮੀਤ ਪ੍ਰਧਾਨ ਰਾਜੇਸ਼ ਬਾਗਾ ਨੇ ਕਿਹਾ ਕਿ ਇਹ ਕਿਥੋਂ ਦਾ ਲੋਕਤੰਤਰ ਹੈ ਕਿ ਜੇ ਤੁਸੀਂ ਕਿਸੇ ਦੀ ਸਿਹਤਮੰਦੀ ਲਈ ਅਰਦਾਸ ਕਰਦੇ ਹੋ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਫਿਰ ਤੋਂ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਖਿਲਾਫ਼ ਦਰਜ ਕੀਤੇ ਅਜਿਹੇ ਮਾਮਲਿਆਂ ਨੂੰ ਲੈ ਕੇ ਦਲਿਤ ਸਮਾਜ ਪੂਰੇ ਪੰਜਾਬ ਵਿੱਚ ਕਾਂਗਰਸ ਵਿਰੁੱਧ ਅਰਦਾਸ ਕਰੇਗਾ।
ਰਾਜੇਸ਼ ਬਾਗਾ ਨੇ ਕਿਹਾ ਕਿ ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਗ੍ਰੰਥੀ ਸਿੰਘ ਗੁਰਮੇਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ‘ਚ ਦਲਿਤ ਮੁਖਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਹਨਾਂ ਦੀ ਸਿਹਤਮੰਦੀ ਲਈ ਰੱਬ  ਦੇ ਸਾਹਮਣੇ ਅਰਦਾਸ ਕੀਤੀ ਹੈ, ਜਿਸ ‘ਤੇ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੇ ਇਸ਼ਾਰੇ ‘ਤੇ ਐਡਵੋਕੇਟ ਹਰਪਾਲ ਸਿੰਘ ਖਾਰਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ‘ ਤੇ ਦਲਿਤ ਸਮਾਜ ਨਾਲ ਸਬੰਧਤ ਗ੍ਰੰਥੀ ਗੁਰਮੇਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸੱਤਾਧਾਰੀ ਕਾਂਗਰਸ ਅਤੇ ਹੋਰ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਦਲਿਤ ਬਣੇ, ਕਿਉਂਕਿ ਇਹ ਲੋਕ ਦਲਿਤਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇI ਉਨ੍ਹਾਂ ਕਿਹਾ ਕਿ ਭਾਜਪਾ ਦੇ  ਦਲਿਤ ਮੁੱਖ ਮੰਤਰੀ ਬਣਾਉਣ ਦੇ ਐਲਾਨ ਤੋਂ ਬਾਅਦ ਸਾਰੀਆਂ ਪਾਰਟੀਆਂ ਵਿੱਚ ਡਰ ਦੀ ਲਹਿਰ ਦੌੜ ਗਈ ਹੈ। ਇਹ ਸਾਰੀਆਂ ਪਾਰਟੀਆਂ ਦਲਿਤ ਪੱਖੀ ਹੋਣ ਦਾ ਦਾਅਵਾ ਕਰਦੀਆਂ ਹਨ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਨਹੀਂ ਬਣਾਉਣਾ ਚਾਹੁੰਦੀਆਂ। ਉਨ੍ਹਾਂ ਦੇ ਦਿਲ ਕਾਲੇ ਹਨ ਅਤੇ ਉਨ੍ਹਾਂ ਦੇ ਦਿਲਾਂ ਵਿੱਚ ਚੋਰ ਹੈI
ਰਾਜੇਸ਼ ਬਾਗਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਹਮੇਸ਼ਾਂ ਦਲਿਤਾਂ ਨੂੰ ਸਤਾਇਆ ਹੈ ਅਤੇ ਦਲਿਤ ਸਮਾਜ ਦੇ ਲੋਕਾਂ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਿਆ ਹੈ। ਦਲਿਤ ਸਮਾਜ ਦੇ ਸਮਰਥਨ ਨਾਲ ਸੱਤਾ ਵਿੱਚ ਆਉਣ ਤੋਂ ਬਾਅਦ ਦਲਿਤ ਸਮਾਜ ਨੂੰ ਨਕਾਰ ਕੇ ਲਾਂਭੇ ਕਰ ਦਿੱਤਾ ਜਾਂਦਾ ਹੈ ਅਤੇ ਦਲਿਤ ਸਮਾਜ ਉੱਤੇ ਅੱਤਿਆਚਾਰ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦਲਿਤ ਔਰਤਾਂ ਅਤੇ ਬੱਚੀਆਂ ਨਾਲ ਬਲਾਤਕਾਰ ਅਤੇ ਸਰੀਰਕ ਸ਼ੋਸ਼ਣ, ਦਲਿਤ ਨੇਤਾਵਾਂ ਅਤੇ ਆਮ ਲੋਕਾਂ ਦੀ ਬੇਰਹਮੀ ਨਾਲ ਹੱਤਿਆਵਾਂ, ਦਲਿਤਾਂ ਖ਼ਿਲਾਫ਼ ਝੂਠੇ ਕੇਸ, ਅੱਤਿਆਚਾਰ ਆਦਿ ਵਰਗੀਆਂ ਘਿਣਾਉਣੀਆਂ ਘਟਨਾਵਾਂ ਅੱਜ ਪੰਜਾਬ ਵਿੱਚ ਬਹੁਤ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾਂ ਦਲਿਤਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਬਹੁਤ ਸੋਚ-ਸਮਝ ਕੇ ਲਿਆ ਹੈ ਅਤੇ ਜੇ ਕੋਈ ਚੰਗੇ ਕੰਮ ਲਈ ਅਰਦਾਸ ਕਰਦਾ ਹੈ ਤਾਂ ਇਹ ਕਿੱਥੇ ਅਤੇ ਕਿਵੇਂ ਜੁਰਮ ਬਣ ਜਾਂਦਾ ਹੈ? ਉਨ੍ਹਾਂ ਕਿਹਾ ਕਿ ਦਲਿਤ ਸਮਾਜ ਪ੍ਰਧਾਨ ਮੰਤਰੀ ਮੋਦੀ ਦੇ ਫੈਸਲੇ ਤੋਂ ਖੁਸ਼ ਹੈ ਅਤੇ ਦਲਿਤ ਸਮਾਜ ਦੇ ਲੋਕ ਭਾਜਪਾ ਦਾ ਸਮਰਥਨ ਕਰ ਰਹੇ ਹਨ ਅਤੇ ਇਸ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਉੱਚਾ ਚੁੱਕਣਾ ਚਾਹੁੰਦੇ ਹਨ। ਪਰ ਭਾਜਪਾ ਵਿਰੋਧੀ ਪਾਰਟੀਆਂ ਇਸ ਸਭ ਤੋਂ ਇੰਨੀਆਂ ਡਰੀਆਂ ਹੋਈਆਂ ਹਨ ਕਿ ਉਹ ਕਿਸੇ ਵੀ ਕੀਮਤ ਤੇ ਦਲਿਤ ਸਮਾਜ ਨੂੰ ਦਬਾਉਣਾ ਚਾਹੁੰਦੀਆਂ ਹਨ। ਇਸ ਲਈ ਦਲਿਤ ਸਮਾਜ ਖਿਲਾਫ ਗਲਤ ਅਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਰਾਜੇਸ਼ ਬਾਗਾ ਨੇ ਪੰਜਾਬ ਸਰਕਾਰ ਨੂੰ ਚਿਤਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਦਲਿਤਾਂ ‘ਤੇ ਅੱਤਿਆਚਾਰ ਅਤੇ ਝੂਠੇ ਕੇਸ ਦਰਜ ਕਰਨਾ ਬੰਦ ਨਹੀਂ ਕੀਤੇ ਤਾਂ ਭਾਜਪਾ ਐਸ.ਸੀ. ਮੋਰਚਾ ਅਤੇ ਦਲਿਤ ਸਮਾਜ ਮਿਲ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।