You are currently viewing ਕੋਰੋਨਾ ਕਾਲ ਦੀ ਨਵੀਂ ਐਡਵਾਈਜ਼ਰੀ ਵਿਚ 10 ਮੀਟਰ ਦੀ ਦੂਰੀ ਸਮੇਤ ਇਹ ਸੁਝਾਅ
ਭਾਰਤ ਸਰਕਾਰ ਦੀ ਮੁੱਖ ਸਾਇੰਟੀਫਿਕ ਐਡਵਾਈਜ਼ਰੀ ਵਲੋਂ ਸਲਾਹ

ਕੋਰੋਨਾ ਕਾਲ ਦੀ ਨਵੀਂ ਐਡਵਾਈਜ਼ਰੀ ਵਿਚ 10 ਮੀਟਰ ਦੀ ਦੂਰੀ ਸਮੇਤ ਇਹ ਸੁਝਾਅ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)-ਕੋਵਿਡ-19 ਭਾਵ ਕੋਰੋਨਾ ਮਹਾਂਮਾਰੀ ਦੌਰਾਨ ਦੁਨੀਆ ਭਰ ਵਿਚ ਵਧ ਚੁੱਕੇ ਇਨਫੈਕਸ਼ਨ ਦੇ ਕਹਿਰ ਨੂੰ ਦੇਖਦੇ ਹੋਏ ਭਾਰਤ ਸਰਕਾਰ ਨਾ ਆਪਣੇ ਨਾਗਰਿਕਾਂ ਵਾਸਤੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਬਿਹਤਰ ਵੈਂਟੀਲੇਸ਼ਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ।

ਨਵੀਂ ਐਡਵਾਈਜ਼ਰੀ ਅਨੁਸਾਰ ਖ਼ਰਾਬ ਵੈਂਟੀਲੇਸ਼ਨ ਵਾਲੇ ਘਰ ਜਾਂ ਦਫਤਰ ਵਿਚ ਵਾਇਰਸ ਵਾਲੀ ਇਨਫੈਕਟਿਡ ਹਵਾ ਰਹਿੰਦੀ ਹੈ। ਜੇਕਰ ਵੈਂਟੀਲੇਸ਼ਨ ਬਿਹਤਰ ਹੋ ਜਾਵੇ ਤਾਂ ਇਨਫੈਕਸ਼ਨ ਦਾ ਖ਼ਤਰਾ ਵੀ ਘਟ ਜਾਂਦਾ ਹੈ।

ਭਾਰਤ ਸਰਕਾਰ ਦੀ ਮੁੱਖ ਸਾਇੰਟਿਫਿਕ ਐਡਵਾਈਜ਼ਰੀ ਵਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿਚ ਮਾਸਕ ਪਹਿਨਣ, ਸਰੀਰਕ ਦੂਰੀ ਅਤੇ ਸਫਾਈ ਤੇ ਵੈਂਟੀਲੇਸ਼ਨ (ਹਵਾ ਦਾ ਆਉਣ ਜਾਣ) ਉੱਪਰ ਜ਼ੋਰ ਦਿੱਤਾ ਗਿਆ ਹੈ।

  1. ਦਸ ਮੀਟਰ ਦੀ ਦੂਰੀ ਬਣਾਈ ਰੱਖਣ ਦੀ ਸਲਾਹ  

ਪਰਧਾਨ ਵਿਗਿਆਨਿਕ ਸਲਾਹਕਾਰ ਕੇ. ਵਿਜੇ ਰਾਘਵਨ ਨੇ ਦੱਸਿਆ ਕਿ ਕਿਸੇ ਕੋਰੋਨਾ ਮਰੀਜ਼ ਦਾ ਸਲਾਈਵਾ ਡਰਾਪਲੈੱਟ ਤੇ ਏਅਰੋਸਾਲ  ਦੇ ਰੂਪ ਵਿਚ ਕੋਰੋਨਾ ਇਨਫੈਕਸ਼ਨ ਬਾਹਰ ਫੈਲਦਾ ਰਹਿੰਦਾ ਹੈ। ਡਰਾਪਲੈਟ ਦੋ ਮੀਟਰ ਤਕ ਜਾ ਕੇ ਸਤਹ ਤੇ ਬੈਠ ਜਾਂਦਾ ਹੈ। ਉੱਥੇ ਏਅਰੋਸਾਲ 10 ਮੀਟਰ ਤਕ ਹਵਾ ਵਿਚ ਫੈਲ ਸਕਦਾ ਹੈ। ਇਸ ਲਈ ਕੋਰੋਨਾ ਮਰੀਜ਼ ਤੋਂ 10 ਮੀਟਰ ਦੀ ਦੂਰੀ ਉੱਪਰ ਰਹਿਣਾ ਚਾਹੀਦਾ ਹੈ।

ਉਹਨਾ ਮਿਸਾਲ ਦਿੱਤੀ ਕਿ ਜਿਸ ਤਰਾਂ ਕਮਰਿਆਂ ਵਿਚੋਂ ਬਦਬੂ ਦੂਰ ਕਰਨ ਲਈ ਅਸੀਂ ਖਿੜਕੀਆਂ ਬੂਹੇ ਆਦਿ ਖੋਲ ਦਿੰਦੇ ਹਾਂ ਅਤੇ ਐਗਜ਼ਾਸਟ ਸਿਸਟਮ ਦੀ ਵਰਤੋਂ ਕਰਦੇ ਹਾਂ ਉਸੇ ਤਰਾਂ ਇਨਫੈਕਟਿਡ ਹਵਾ ਨੂੰ ਸ਼ੁੱਧ ਕਰਨ ਲਈ ਵੈਂਟੀਲੇਸ਼ਨ ਵਧੀਆ ਹੱਲ ਹੈ। ਐਡਵਾਈਜ਼ਰੀ ਵਿਚ ਵੈਂਟੀਲੇਸ਼ਨ ਨੂੰ ਸਮਾਜਿਕ ਸੁਰੱਖਿਆ ਕਰਾਰ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਸਾਨੂੰ ਘਰਾਂ ਅਤੇ ਦਫਤਰਾਂ ਵਿਚ ਇਨਫੈਕਸ਼ਨ ਤੋਂ ਬਚਾਵੇਗਾ। 

ਇਸਦੇ ਨਾਲ ਹੀ ਕਰਾਸ ਵੈਂਟੀਲੇਸ਼ਨ ਅਤੇ ਐਗਜ਼ਾਸਟ ਫੈਨ ਦੀ ਭੂਮਿਕਾ ਨੂੰ ਇਨਫੈਕਸ਼ਨ ਤੋਂ ਬਚਾਅ ਲਈ ਮਹੱਤਵਪੂਰਨ ਦੱਸਿਆ ਗਿਆ ਹੈ। ਐਡਵਾਈਜ਼ਰੀ ਮੁਤਾਬਿਕ,ਇਨਫੈਕਟਿਡ ਮਰੀਜ਼ ਦੇ ਖੰਘਣ, ਛਿੱਕਣ ਜਾਂ ਕਿਸੇ ਹੋਰ ਤਰੀਕੇ ਨਾਲ ਨਿਕਲੇ ਡਰਾਪਲੈੱਟਸ ਰਾਹੀਂ ਕੋਰੋਨਾ ਵਾਇਰਸ ਹਵਾ ‘ਚ ਪਹੁੰਚ ਜਾਂਦਾ ਹੈ। ਬਗ਼ੈਰ ਲੱਛਣਾਂ ਵਾਲੇ ਕੋਵਿਡ ਪਾਜ਼ੇਟਿਵ ਵਿਅਕਤੀ ਤੋਂ ਵੀ ਇਨਫੈਕਸ਼ਨ ਫੈਲ ਸਕਦਾ ਹੈ। ਲੋਕਾਂ ਲਈ ਮਾਸਕ ਬਲਕਿ ਦੂਹਰਾ, ਤੀਹਰਾ ਜਾਂ ਐਨ 95 ਮਾਸਕ ਪਹਿਨਣਾ ਬਿਹਤਰ ਰਹੇਗਾ।

ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਦੇ ਸੂਤਰਾਂ ਮੁਤਾਬਿਕ ਬੀਤੇ 24 ਘੰਟਿਆਂ ਦੌਰਾਨ ਭਾਰਤ ‘ਚ ਕੋਵਿਡ-19 ਦੇ 2,76,070 ਨਵੇਂ ਮਾਮਲੇ ਸਾਹਮਣੇ ਆਏ ਹਨ। 3,874 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਕੁੱਲ ਇਨਫੈਕਟਿਡ ਮਾਮਲਿਆਂ ਦਾ ਅੰਕੜਾ 2,57,72,400 ਹੋ ਗਿਆ ਹੈ ਤੇ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 2,87,122 ਹੋ ਗਈ ਹੈ। ਦੇਸ਼ ‘ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 31,29,878 ਹੈ ਤੇ ਡਿਸਚਾਰਜ ਹੋਏ ਮਾਮਲਿਆਂ ਦੀ ਕੁੱਲ ਗਿਣਤੀ 2,23,55,440 ਹੈ ।