ਆਕਸੀਜਨ ਦੀ ਲ਼ੋੜੀਂਦੀ ਸਪਲਾਈ ਮਿਲਣ ਨਾਲ ਪੰਜਾਬ ਨੂੰ ਮਿਲੀ ਰਾਹਤ 
ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਵੱਡੇ ਐਲਾਨ

ਆਕਸੀਜਨ ਦੀ ਲ਼ੋੜੀਂਦੀ ਸਪਲਾਈ ਮਿਲਣ ਨਾਲ ਪੰਜਾਬ ਨੂੰ ਮਿਲੀ ਰਾਹਤ 

ਚੰਡੀਗੜ, 17 ਮਈ (ਕੇਸਰੀ ਨਿਊਜ਼ ਨੈੱਟਵਰਕ)- ਮਹਾਂਮਾਰੀ ਦੇ ਇਸ ਚੁਣੌਤੀਪੂਰਨ ਸਮੇਂ ਵਿੱਚ ਪੰਜਾਬ ਲਈ ਇੱਕ ਰਾਹਤ ਦੀ ਖ਼ਬਰ ਆਈ ਹੈ। ਪੰਜਾਬ ਸਰਕਾਰ ਦੇ ਯਤਨਾਂ ਨੂੰ ਬੂਰ ਪਿਆ ਹੈ ਜਦੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਹਵਾਈ ਰਸਤੇ ਰਾਹੀਂ ਆਕਸੀਜਨ ਸਪਲਾਈ ਮਿਲਣੀ ਸ਼ੁਰੂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਕੋਵਿਡ ਕੰਟਰੋਲ ਰੂਮ (ਆਕਸੀਜਨ) ਦੇ ਮੈਂਬਰਾਂ ਨੇ ਦੱਸਿਆ ਕਿ 27 ਅਪ੍ਰੈਲ ਤੋਂ ਹਵਾਈ ਰਸਤੇ ਰਾਹੀਂ ਆਕਸੀਜਨ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਭਾਰਤੀ ਹਵਾਈ ਸੈਨਾ ਦੇ ਸਹਿਯੋਗ ਨਾਲ ਅਸੀਂ ਹੁਣ ਤੱਕ 30 ਉਡਾਨਾਂ ਜ਼ਰੀਏ ਕੁੱਲ 804.26 ਮੀਟਿ੍ਰਕ ਟਨ ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਪ੍ਰਾਪਤ ਕਰਨ ਵਿਚ ਕਾਮਯਾਬ ਰਹੇ ਹਾਂ। 
ਉਨਾਂ ਦੱਸਿਆ ਕਿ ਲੰਮੀ ਦੂਰੀ ਹੋਣ ਕਰਕੇ ਸੂਬੇ ਨੂੰ ਆਪਣਾ ਆਕਸੀਜਨ ਕੋਟਾ ਬੋਕਾਰੋ ਅਤੇ ਹਜ਼ੀਰਾ ਤੋਂ ਟਰੱਕਾਂ ਰਾਹੀਂ ਆਕਸੀਜਨ ਲਿਆਉਣ ਲਿਜਾਣ ਅਕਸਰ ਕਾਫੀ ਸਮਾਂ ਲੱਗ ਜਾਂਦਾ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਜੀਵਨ ਰੱਖਿਅਕ ਮੈਡੀਕਲ ਸਪਲਾਈ ਪ੍ਰਾਪਤ ਕਰਨ ਲਈ ਨਵੇਂ ਢੰਗ-ਤਰੀਕੇ ਵਿਚਾਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਚੰਡੀਗੜ੍ਹ ਏਅਰ ਬੇਸ ਤੋਂ ਬੋਕਾਰੋ ਅਤੇ ਹਜ਼ੀਰਾ ਪਲਾਂਟਾਂ ਤੱਕ ਆਕਸੀਜਨ ਟੈਂਕਰ ਪਹੁੰਚਾਉਣ ਅਤੇ ਵਾਪਸ ਸੜਕੀ ਮਾਰਗ ਰਾਹੀਂ ਮੰਗਵਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਇਹ ਫੈਸਲੇ ਨਾਲ ਸੂਬੇ ਦੇ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਲਿਆ ਗਿਆ ਹੈ ਅਤੇ ਸੂਬਾ ਲੋੜੀਂਦੀ ਆਕਸੀਜਨ ਸਪਲਾਈ ਪ੍ਰਾਪਤ ਕਰਨ ਦੇ ਸਮਰੱਥ ਹੋਇਆ ਹੈ।
ਆਕਸੀਜਨ ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਪਲਾਈ ਵਿੱਚ ਹੋਰ ਤੇਜ਼ੀ ਲਿਆਉਣ  ਲਈ ਅਸੀਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਿਤ ਆਕਸੀਜਨ ਉਤਪਾਦਨ ਦੇ ਹੋਰ ਪਲਾਂਟਾਂ ਦੇ ਵੀ ਸੰਪਰਕ ਵਿੱਚ ਹਾਂ ਅਤੇ  ਪੰਜਾਬ ਸਰਕਾਰ ਐਲ.ਐੱਮ.ਓ. ਲਿਜਾਣ ਵਾਲੇ ਟਰੱਕਾਂ ਦੇ ਸਮੇਂ ਸਿਰ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਇਸ ’ਤੇ ਨੇੜਿਓਂ ਨਿਗਰਾਨੀ ਰੱਖ ਰਹੀ ਹੈ। ਉਨਾਂ ਕਿਹਾ, “ਸਟੇਟ ਕੋਵਿਡ ਕੰਟਰੋਲ ਰੂਮ ਤੋਂ ਟਰੱਕਾਂ ਦੀ ਆਵਾਜਾਈ ’ਤੇ ਦੋਹਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਕੋਈ ਵੀ ਨੁਕਸ ਪੈਣ ਦੀ ਸਥਿਤੀ ਵਿੱਚ ਕਿਸੇ ਵੀ ਤਰਾਂ ਦੀ ਦੇਰੀ ’ਤੇ ਨਜ਼ਰ ਰੱਖਣ ਲਈ ਹਰੇਕ ਟਰੱਕ ਦੇ ਨਾਲ ਇੱਕ ਪੁਲਿਸ ਕਾਂਸਟੇਬਲ ਵੀ ਮੌਜੂਦ ਹੈ।”ਇਨ੍ਹਾਂ ਸਾਰੇ ਯਤਨਾਂ ਤੋਂ ਇਲਾਵਾ ਸੂਬੇ ਵਲੋਂ ਦੋ ਵਿਸ਼ੇਸ਼ ਰੇਲ ਗੱਡੀਆਂ ਆਕਸੀਜਨ ਐਕਸਪ੍ਰੈਸ ਬੋਕਾਰੋ ਅਤੇ ਹਜ਼ੀਰਾ ਲਈ ਰਵਾਨਾ ਕੀਤੀਆਂ ਗਈਆਂ ਹਨ।
ਜਿਕਰਯੋਗ ਹੈ ਕਿ ਇਨਾਂ ਯਤਨਾਂ ਸਦਕਾ ਅੱਜ ਦੀ ਤਾਰੀਖ ਵਿੱਚ ਸਾਡੇ ਕੋਲ ਡਾਕਟਰੀ ਮੰਤਵ ਲਈ ਢੁਕਵੀਂ ਆਕਸੀਜਨ ਉਪਲੱਬਧ ਹੈ। ਉਨਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ  ਕਿਸੇ ਵੀ ਕੋਰੋਨਾ ਮਰੀਜ਼ ਨੂੰ ਇਸ ਜੀਵਨ ਰੱਖਿਅਕ ਗੈਸ ਦੀ ਕਮੀ ਨਹੀਂ ਝੱਲਣੀ ਪਵੇਗੀ।