MGN ਦੇ ਰਾਏ ਗਰੁੱਪ ਨੂੰ ਝਟਕਾ, ਪਸਰੀਚਾ ਧੜੇ ਦੀ ਪਟੀਸ਼ਨ ਤੇ ਰੁਕੀ ਚੋਣ
MGN Public school

MGN ਦੇ ਰਾਏ ਗਰੁੱਪ ਨੂੰ ਝਟਕਾ, ਪਸਰੀਚਾ ਧੜੇ ਦੀ ਪਟੀਸ਼ਨ ਤੇ ਰੁਕੀ ਚੋਣ

ਜਲੰਧਰ, 16 ਮਈ (ਗੁਰਪ੍ਰੀਤ ਸਿੰਘ ਸੰਧੂ)-ਐਮਜੀਐਨ ਐਜ਼ੂਕੇਸ਼ਨਲ ਟਰਸਟ ਦੇ ਪ੍ਰਬੰਧਕਾਂ ਦੀ ਆਪਸੀ ਖਿੱਚੋਤਾਣ ਦਾ ਮਾਮਲਾ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਦੋ ਧੜਿਆਂ ਵਿਚ ਵੰਡੀ ਗਈ ਟੀਮ ਦੀ ਮਾਮਲਾ ਅਦਾਲਤ ਵਿਚ ਚਲ ਰਿਹਾ ਹੈ। ਇਸ ਦੌਰਾਨ ਪਸਰੀਚਾ ਧੜੇ ਦੀ ਪਟੀਸ਼ਨ ਉੱਪਰ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ  ਰਾਏ ਧੜੇ ਵਲੋਂ ਕਰਵਾਈ ਜਾਣ ਵਾਲੀ 17 ਮਈ ਦੀ ਪ੍ਰਸਤਾਵਿਤ ਚੋਣ ਉੱਪਰ ਰੋਕ ਲਗਾ ਦਿੱਤੀ ਹੈ।

ਪਟੀਸ਼ਨਰ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਪਟੀਸ਼ਨ ਉੱਪਰ ਸੁਣਵਾਈ ਦੌਰਾਨ ਜੋ ਮਿਸਾਲਾਂ ਅਤੇ ਤੱਥ ਪੇਸ਼ ਕੀਤੇ ਉਹਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਅਦਾਲਤ ਨੇ ਤਤਕਾਲ ਪ੍ਰਭਾਵ ਨਾਲ ਸਟੇਅ ਜਾਰੀ ਕਰ ਦਿੱਤਾ। ਇਸ ਫੈਸਲੇ ਵਿਚ ਖਾਸ ਗੱਲ ਇਹ ਰਹੀ ਕਿ ਮਾਣਯੋਗ ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਕਿ ਹੁਣ ਜਦੋਂ ਵੀ ਟਰਸਟ ਦੀ ਚੋਣ ਹੋਈ ਉਹ 2018 ਦੀ ਸੂਚੀ ਦੇ ਆਧਾਰ ਤੇ ਸਰਕਾਰੀ ਰਿਸੀਵਰ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿਚ ਹੀ ਹੋਵੇਗੀ।

ਦੋਵਾਂ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੂੰ ਪਸਰੀਚਾ ਗਰੁੱਪ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਦੀਆਂ ਦਲੀਲਾਂ ਵਧੇਰੇ ਪ੍ਰਭਾਵਸ਼ਾਲੀ ਲੱਗੀਆਂ ਅਤੇ ਜਾਪਿਆ ਕਿ ਚੋਣ ਉੱਪਰ ਸਟੇਅ ਦੀ ਮੰਗ ਪਹਿਲੀ ਨਜ਼ਰੇ ਜਾਇਜ਼ ਹੈ। ਅਦਾਲਤ ਨੂੰ ਇਹ ਵੀ ਜਾਪਿਆ ਕਿ ਜੇਕਰ ਤੁਰੰਤ ਹੀ ਹੋਣ ਜਾ ਰਹੀ ਇਸ ਚੋਣ ਉੱਪਰ ਰੋਕ ਨਾ  ਲਗਾਈ ਗਈ ਤਾਂ ਪਟੀਸ਼ਨ ਕਰਤਾ ਦੇ ਅਧਿਕਾਰਾਂ ਦਾ ਹਨਨ ਹੋ ਜਾਵੇਗਾ ਕਿਉਂਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀਸੀ. ਜਲੰਧਰ ਨੂੰ ਚੋਣ ਕਰਵਾਉਣ ਦਾ ਆਦੇਸ਼ ਦਿੱਤਾ ਹੋਇਆ ਹੈ।

ਅਦਾਲਤ ਦੇ ਇਸ ਫੈਸਲਾ ਤੋਂ ਬਾਅਦ ਰਾਏ ਧੜੇ ਨੂੰ ਵੱਡਾ ਝਟਕਾ ਲੱਗਾ ਮਹਿਸੂਸ ਕੀਤਾ ਜਾ ਰਿਹਾ ਹੈ ਕਿਉਂਕਿ 2018 ਤੋਂ ਬਾਅਦ ਕਥਿੱਤ ਤੌਰ ਤੇ ਰਾਏ ਗਰੁੱਪ ਨੇ ਟਰਸਟ ਨੂੰ ਹਾਈਜੈਕ ਕਰ ਰੱਖਿਆ ਸੀ ਅਤੇ ਪਸਰੀਚਾ ਧੜੇ ਦੇ ਇਕ ਤੋਂ ਬਾਅਦ ਇਕ ਕਈ ਮੈਂਬਰਾਂ ਨੂੰ ਡਿਸਮੈਂਬਰ ਕਰ ਦਿੱਤਾ ਸੀ। ਰਮਣੀਕ ਸਿੰਘ ਟੈਣੀ ਨੂੰ ਵੀ ਹਰਾਉਣ ਦੀ ਸਾਜਿਸ਼ ਵੀ ਸਫਲ ਕਰ ਲਈ ਸੀ।

ਅਦਾਲਤ ਦੇ ਇਸ ਫੈਸਲੇ ਨਾਲ ਪਸਰੀਚਾ ਧੜੇ ਨੂੰ ਵੱਡੀ ਰਾਹਤ ਮਿਲ ਗਈ ਜਾਪਦੀ ਹੈ। ਪਰ ਇਹ ਦੇਖਣਾ ਬਾਕੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਸਰੀਚਾ ਧੜਾ ਕਾਬਜ ਧੜੇ ਨੂੰ ਕਿਵੇਂ ਪਟਕਣੀ ਦੇਣ ਵਿਚ ਸਫਲ ਹੁੰਦਾ ਹੈ।