ਕੋਵਿਡ -19 ਦੇ ਮਰੀਜ਼ਾਂ ਲਈ ਆਕਸੀਜਨ ਕੰਨਸਨਟਰੇਟਰ ਬੈਂਕ ਸਥਾਪਤ
ਆਕਸੀਜਨ ਕੰਨਸਨਟਰੇਟਰ ਬੈਂਕ

ਕੋਵਿਡ -19 ਦੇ ਮਰੀਜ਼ਾਂ ਲਈ ਆਕਸੀਜਨ ਕੰਨਸਨਟਰੇਟਰ ਬੈਂਕ ਸਥਾਪਤ

ਜਲੰਧਰ, 13 ਮਈ (ਗੁਰਪ੍ਰੀਤ ਸਿੰਘ ਸੰਧੂ)- ਕੋਵਿਡ ਦੇ ਮਾਮਲਿਆਂ ਵਿਚ ਵਾਧੇ ਕਾਰਨ ਜੀਵਨ ਰੱਖਿਅਕ ਆਕਸੀਜਨ ਗੈਸ ਦੀ ਮੰਗ ਵਿੱਚ ਆਈ ਤੇਜ਼ੀ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਿਚ ਰੈਡ ਕਰਾਸ ਭਵਨ ਵਿਚ ਇਕ ਆਕਸੀਜਨ ਕੰਨਸਨਟਰੇਟਰ ਬੈਂਕ ਸਥਾਪਤ ਕੀਤਾ ਗਿਆ ਹੈ।

            ਪ੍ਰਸ਼ਾਸਨ ਦੀ ਇਸ ਦੀ ਵਿਲੱਖਣ ਪਹਿਲਕਦਮੀ ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਗਭਗ 30 ਆਕਸੀਜਨ ਕੰਨਸਨਟਰੇਟਰ ਬੈਂਕ ਵਿਚ ਰੱਖੇ ਗਏ ਹਨ ਅਤੇ ਕੋਈ ਵੀ ਕੋਵਿਡ ਮਰੀਜ਼ ਡਾਕਟਰ ਦੀ ਪਰਚੀ (ਪ੍ਰਿਸਕ੍ਰਿਪਸ਼ਨ) ਤੇ ਅਤੇ ਉਸ ਦੀ ਦੇਖ-ਰੇਖ ਵਿੱਚ ਉਪਕਰਣ ਦੇ ਕੰਮਕਾਜ ਦੀ ਗਰੰਟੀ ਦੇ ਕੇ ਇਸ ਨੂੰ ਘਰੇਲੂ ਵਰਤੋਂ ਲਈ ਬੈਂਕ ਤੋਂ ਲੈ ਸਕਦਾ ਹੈ।

            ਥੋਰੀ ਨੇ ਦੱਸਿਆ ਕਿ ਆਕਸੀਜਨ ਕੰਨਸਨਟਰੇਟਰ ਲੈਣ ਵਾਲੇ ਨੂੰ ਪ੍ਰਸ਼ਾਸਨ ਨੂੰ ਪ੍ਰਤੀਦਿਨ ਘੱਟੋ-ਘੱਟ 200 ਰੁਪਏ ਕਿਰਾਇਆ ਦੇਣਾ ਪਵੇਗਾ ਅਤੇ ਰੈੱਡ ਕਰਾਸ ਸੁਸਾਇਟੀ ਪਾਸ 5000 ਰੁਪਏ ਵਾਪਸੀਯੋਗ ਸਕਿਓਰਿਟੀ ਜਮ੍ਹਾ ਕਰਵਾਉਣੀ ਪਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਨਸਨਟਰੇਟਰ ਮਰੀਜ਼ ਨੂੰ ਹਸਪਤਾਲ ਦੀ ਪਰਚੀ (ਪ੍ਰਿਸਕ੍ਰਿਪਸ਼ਨ) ਤੋਂ ਬਾਅਦ ਹੀ ਦਿੱਤਾ ਜਾਵੇਗਾ ਅਤੇ ਸਬੰਧਤ ਹਸਪਤਾਲ ਨੂੰ ਆਪਣੀ ਨਿਗਰਾਨੀ ਅਧੀਨ ਮਸ਼ੀਨ ਦਾ ਸੰਚਾਲਨ ਯਕੀਨੀ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਮਰੀਜ਼ਾਂ ਨੂੰ ਨਿਰਵਿਘਨ ਅਤੇ ਸੁਚਾਰੂ ਆਕਸੀਜਨ ਸਪਲਾਈ ਲਈ ਪਾਵਰ ਬੈਕਅਪ ਦਾ ਪ੍ਰਬੰਧ ਕਰਨਾ ਪਵੇਗਾ।

            ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੰਗ ਉਪਲਬਧ ਸਟਾਕ ਤੋਂ ਵਧ ਜਾਂਦੀ ਹੈ ਤਾਂ ਮਰੀਜ਼ ਸਿਵਲ ਹਸਪਤਾਲ ਵਿੱਚ ਸਥਾਪਤ ਪੋਸਟ ਕੋਵਿਡ ਰਿਕਵਰੀ ਵਾਰਡ ਵਿੱਚੋਂ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਆਕਸੀਜਨ ਸਹਾਇਤਾ ਦੀ ਸਹੂਲਤ ਪ੍ਰਦਾਨ ਲਈ ਪ੍ਰਸ਼ਾਸਨ ਵੱਲੋਂ 30 ਬੈਡਾਂ ਵਾਲਾ ਵਾਰਡ ਬਣਾਇਆ ਗਿਆ ਹੈ।

            ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਆਕਸੀਜਨ ਕੰਨਸਨਟਰੇਟਰ ਇਕ ਮੈਡੀਕਲ ਉਪਕਰਣ ਹੈਜੋ ਹਵਾ ਵਿਚੋਂ ਆਕਸੀਜਨ ਨੂੰ ਕੇਂਦਰਿਤ ਕਰਦਾ ਹੈ ਅਤੇ ਇਹ ਮਸ਼ੀਨ ਹਵਾ ਨੂੰ ਫੜਦੀ ਅਤੇ ਫਿਲਟਰ ਕਰਦੀ ਹੈ।

            ਉਨ੍ਹਾਂ ਦੱਸਿਆ ਕਿ ਜੀਵਨ ਰੱਖਿਅਕ ਗੈਸ ਦੀ ਵਧ ਰਹੀ ਮੰਗ ਨੂੰ ਦੇਖਦਿਆਂ ਕੰਨਸਨਟਰੇਟਰ ਘਰ ਵਿੱਚ ਇਕਾਂਤਵਾਸ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਵਿੱਚ ਲਾਭਦਾਇਕ ਸਾਬਤ ਹੋ ਸਕਦੇ ਹਨ ਅਤੇ ਹਸਪਤਾਲਾਂ ਤੇ ਕੇਸਾਂ ਦਾ ਭਾਰ ਘਟਾਉਣ ਵਿੱਚ ਮਦਦਗਾਰ ਹੋਣਗੇ। ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ਼ ਕੰਨਟਨਟਰੇਟਰ ਲਈ ਮੋਬਾਈਲ ਨੰਬਰ 9876502613 ਜਾਂ ਕੰਟਰੋਲ ਰੂਮ ਨੰਬਰ 0181-2224417 ‘ਤੇ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰ ਸਕਦੇ ਹਨ