ਕਲਯੁੱਗ: ਨੂੰਹ ਨੇ ਗੱਠੀਏ ਦੀ ਮਾਰੀ ਸੱਸ ਨੂੰ ਘਰੋਂ ਕੱਢ ਥਾਣੇਂ ਵਿੱਚ ਦਿੱਤੀ ਝੂਠੀ ਦਰਖ਼ਾਸਤ

ਕਪੂਰਥਲਾ(ਰਾਜੇਸ਼ ਤਲਵਾੜ)-ਬਾਬਾ ਪੀਰ ਚੌਧਰੀ ਰੋਡ ਤੇ ਸਹਾਰਾ ਹਸਪਤਾਲ ਦੇ ਸਾਹਮਣੇ ਪੈਂਦੀ ਗਰੀਨ ਪਾਰਕ ਕਾਲੋਨੀ ਦੀ ਗਲੀ ਨੰਬਰ 4 ਅਤੇ ਕੋਠੀ ਨੰਬਰ 40 ਦੀ ਵਸਨੀਕ ਬਲਬੀਰ ਕੌਰ ਪਤਨੀ ਗੁਰਮੀਤ ਸਿੰਘ ਨੇ ਤਸਦੀਕ ਸ਼ੁਦਾ ਹਲਫ਼ੀਆ ਬਿਆਨ ਪੰਜਾਬ ਹਿਉਮਨ ਰਾਈਟਸ ਆਰਗੇਨਾਈਜੇਸਨਜ਼ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਵ ਪ੍ਰਸਿੱਧ ਸ਼ਾਇਰ ਕੰਵਰ ਇਕਬਾਲ ਸਿੰਘ ਸਮੇਤ ਐਸ. ਐਸ.ਪੀ. ਸਾਹਿਬ, ਡਿਪਟੀ ਕਮਿਸ਼ਨਰ ਸਾਹਿਬ, ਅਡੀਸ਼ਨਲ ਡਿਪਟੀ ਕਮਿਸ਼ਨਰ ਸਾਹਿਬ, ਐਸ.ਡੀ.ਐਮ. ਸਾਹਿਬ ਕਪੂਰਥਲਾ ਇਤਿਆਦਿ ਨੂੰ ਦਿੱਤਾ ! ਗਠੀਏ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਬਲਬੀਰ ਕੌਰ ਅਨੁਸਾਰ ਕੁਝ ਦਿਨ ਪਹਿਲਾਂ ਜਦੋਂ ਉਹ ਦਵਾਈ ਲੈਣ ਉਪਰੰਤ ਘਰ ਪਰਤੀ ਤਾਂ ਉਸ ਦੀ ਨੂੰਹ ਨਵਜੀਤ ਕੌਰ ਨੇ ਉਸ ਨੂੁੰ ਹਮੇਸ਼ਾ ਵਾਸਤੇ ਘਰੋਂ ਬਾਹਰ ਨਿਕਲਣ ਦਾ ਕਹਿ ਕੇ ਗਾਲ ਮੰਦਾ ਬੋਲਣ ਤੋਂ ਬਾਅਦ ਅੰਦਰੋਂ ਤਾਲਾ ਲਾਉਣ ਮਗਰੋਂ ਉਸੇ ਦਿਨ ਹੀ ਐਸ.ਐਸ.ਪੀ. ਸਾਹਿਬ ਕਪੂਰਥਲਾ ਨੂੰ ਸੱਸ ਵੱਲੋਂ ਮਾਰਕੁਟਾਈ ਕੀਤੇ ਜਾਣ ਅਤੇ ਦਾਜ ਮੰਗਣ ਸਬੰਧੀ ਇਕ ਝੂਠੀ ਦਰਖ਼ਾਸਤ ਸੱਸ ਦੇ ਖ਼ਿਲਾਫ਼ ਹੀ ਦੇ ਦਿੱਤੀ !ਬਲਬੀਰ ਕੌਰ ਨੇ ਦੱਸਿਆ ਕਿ ਮੇਰੀ ਨੂੰਹ ਨੇ ਜਰਮਨ ਵਿੱਚ ਰਹਿ ਰਹੇ ਮੇਰੇ ਪੁੱਤਰ ਨੂੰ ਆਪਣੇਂ ਪੇਕੇ ਪਰਿਵਾਰ ਦੀ ਮਦਦ ਨਾਲ ਬਹਿਲਾ-ਫੁਸਲਾ ਕੇ ਪਹਿਲਾਂ ਤਾਂ ਦਾਦੇ ਵੱਲੋਂ ਪੋਤਰੇ ਦੇ ਨਾਂ ਲਵਾਈ ਭੁਲੱਥ ਇਲਾਕੇ ਵਿੱਚ ਪੈਂਦੀ ਇੱਕ ਏਕੜ ਜੱਦੀ ਜ਼ਮੀਨ ਦੀ ਰਜਿਸਟਰੀ ਆਪਣੀਂ ਭੂਆ ਦੇ ਨਾਂਮ ਕਰਵਾ ਦਿੱਤੀ, ਜਿਸ ਸਬੰਧੀ ਕੇਸ ਐਸ.ਡੀ.ਐਮ ਸਾਹਿਬ ਭੁਲੱਥ ਦੀ ਅਦਾਲਤ ਵਿੱਚ ਸਾਲ 2020 ਦਾ ਚੱਲ ਰਿਹਾ ਹੈ ਅਤੇ ਬਲਬੀਰ ਕੌਰ ਨੇ ਹਲਫ਼ੀਆ ਬਿਆਨ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਬਾਬਾ ਪੀਰ ਚੌਧਰੀ ਨੇੜਲੇ ਸਹਾਰਾ ਹਸਪਤਾਲ ਕਪੂਰਥਲਾ ਦੇ ਸਾਹਮਣੇ ਪੈਂਦੀ ਗਰੀਨ ਪਾਰਕ ਵਿਚਲੀ ਉਪਰੋਕਤ 40 ਨੰਬਰ ਕੋਠੀ ਜੋ ਕਿ ਮੈਂ ਬਲਬੀਰ ਕੌਰ ਨੇ ਪੁੱਤ ਵਿਆਹੁਣ ਤੋਂ ਸਵਾ ਸਾਲ ਪਹਿਲਾਂ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕ ਕੇ ਖ਼ਰੀਦੀ ਸੀ ਉਸ ਦੀ ਰਜਿਸਟਰੀ ਮੈਂ ਆਪਣੇ ਇਕਲੌਤੇ ਪੁੱਤਰ ਲਵਪ੍ਰੀਤ ਸਿੰਘ ਦੇ ਨਾਂ ਕਰਵਾ ਦਿੱਤੀ ਸੀ, ਉਹ ਕੋਠੀ ਵੀ ਮੇਰੇ ਕਲਯੁੱਗੀ ਪੁੱਤਰ ਨੇ ਸਾਲ 2021 ਵਿੱਚ ਆਪਣੀ ਘਰਵਾਲੀ ਦੇ ਨਾਂ ਕਰ ਦਿੱਤੀ ਹੈ ਸਾਡੀ ਜਾਇਦਾਦ ਹੜੱਪਣਾ ਚਾਹੁੰਦੇ ਕੁੜਮਾਂ ਨੇ ਮਹਿਲਾ ਥਾਣੇਂ ਵਿੱਚ ਇਹ ਝੂਠਾ ਬਿਆਨ ਦਿੱਤਾ ਹੈ ਕਿ ਇਹ ਕੋਠੀ ਅਸੀਂ ਆਪਣੇਂ ਪੈਸੇ ਨਾਲ ਆਪਣੀਂ ਧੀ ਨੂੰ ਖ਼ਰੀਦ ਕੇ ਦਿੱਤੀ ਹੈ, ਜਦ ਕਿ ਕੁੜਮ ਵੀ ਭਲੀ ਭਾਂਤ ਜਾਣਦੇ ਨੇ ਕਿ ਕੋਠੀ ਤਾਂ ਉਨ੍ਹਾਂ ਦੀ ਧੀ ਦੇ ਵਿਆਹ ਤੋਂ ਤਕਰੀਬਨ ਸਵਾ ਸਾਲ ਪਹਿਲਾਂ ਦੀ ਉਨ੍ਹਾਂ ਦੇ ਕੁੜਮਾਂ ਨੇ ਖ਼ਰੀਦੀ ਹੋਈ ਹੈ !ਪੀੜਤ ਪਰਿਵਾਰ ਵੱਲੋਂ ਪੰਜਾਬ ਹਿਉਮਨ ਰਾਈਟਸ ਆਰਗੇਨਾਈਜੇਸਨਜ਼ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਦੇ ਸਮੂਹ ਅਫ਼ਸਰ ਸਾਹਿਬਾਨਾਂ ਨੂੰ ਕ਼ਾਨੂਨੀ ਮਦਦ ਦੀ ਗੁਹਾਰ ਲਗਾਉਂਦਿਆਂ ਹੋਇਆਂ ਮੰਗ ਕੀਤੀ ਹੈ ਕਿ ਉਸ ਨਾਲ ਧੋਖਾਧੜੀ (420) ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ !