ਵਿਆਹੁਤਾ ਦਾ ਗਲਾ ਘੁੱਟ ਕੇ ਮਾਰਨ ਦੇ ਦੋਸ਼ ਵਿਚ ਪਤੀ ਗ੍ਰਿਫਤਾਰ, ਸਹੁਰਾ ਨਾਮਜ਼ਦ
breaking news punjab logo

ਵਿਆਹੁਤਾ ਦਾ ਗਲਾ ਘੁੱਟ ਕੇ ਮਾਰਨ ਦੇ ਦੋਸ਼ ਵਿਚ ਪਤੀ ਗ੍ਰਿਫਤਾਰ, ਸਹੁਰਾ ਨਾਮਜ਼ਦ

ਸ਼ਰਾਬ ਬਣੀ ਕਤਲ ਦਾ ਮੁੱਖ ਕਾਰਨ ਸ਼ਰਾਬ ਦਾ ਆਦੀ ਸੀ ਪਤੀ ਪਹਿਲਾ ਵੀ ਕਈ ਵਾਰ ਪਤਨੀ ਦੀ ਕੀਤੀ ਸੀ ਕੁੱਟ ਮਾਰ 
 ਕਪੂਰਥਲਾ (ਕੇ.ਐਸ.ਕੌੜਾ)- ਪਤਨੀ ਵੱਲੋਂ ਪਤੀ ਤੇ ਸਹੁਰੇ ਨੂੰ ਸ਼ਰਾਬ ਪੀਣ ਤੋਂ ਰੋਕਣ ਦੇ ਮਾਮਲੇ ਵਿਚ ਪਤੀ ਵਲੋਂ ਕੁੱਟਮਾਰ ਕਰਨ ਅਤੇ ਸਹੁਰੇ ਨਾਲ ਮਿਲ ਕੇ ਗਲਾ ਘੁੱਟਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਪਤੀ ਅਤੇ ਸਹੁਰੇ ਖਿਲਾਫ ਪਤਨੀ ਦੇ ਰਿਸ਼ਤੇਦਾਰ ਮੰਗਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸੁਲਤਾਨਪੁਰ ਲੋਧੀ ਹਰਜੀਤ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਦੇ ਬਿਆਨ ਮੁਤਾਬਕ ਮ੍ਰਿਤਕ ਲੜਕੀ ਸ਼ਰਨਜੀਤ ਕੌਰ ਉਸ ਦੇ ਸਾਲੇ ਦੀ ਲੜਕੀ ਹੈ ਜਿਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਉਸ ਦੇ ਇੱਕ ਭਰਾ ਨੂੰ ਲੈ ਕੇ ਆਪਣੇ ਪੇਕੇ ਘਰ ਰਹਿਣ ਚਲੀ ਗਈ ਸੀ। ਲੜਕੀ ਸ਼ਰਨਜੀਤ ਆਪਣੀ ਦਾਦੀ ਬਚਨ ਕੌਰ ਪਤਨੀ ਗੁਰਮੁੱਖ ਸਿੰਘ ਵਾਸੀ ਪਿੰਡ ਨੂਰੋਵਾਲ ਦੇ ਕੋਲ ਰਹਿਣ ਲੱਗ ਪਈ। ਜਿਸ ਨੂੰ ਉਸ ਦੇ ਦਾਦਕੇ ਪਰਿਵਾਰ ਨੇ ਪਾਲ ਪੋਸ ਕੇ ਕਰੀਬ 4 ਸਾਲ ਪਹਿਲਾਂ ਉਸਦਾ ਵਿਆਹ ਵਾਸੀ ਕਾਲਰੂ ਨਾਲ ਕਰ ਦਿੱਤਾ। ਜਿਸ ਦੇ ਘਰ ਇਕ ਲੜਕਾ 3 ਸਾਲ ਦਾ ਯੁਵਰਾਜ ਸਿੰਘ ਵੀ ਹੈ।
ਉਨ੍ਹਾਂ ਦੱਸਿਆ ਕੇ ਜਗਜੀਤ ਉਰਫ ਜੱਗੀ ਆਪਣੀ ਪਤਨੀ ਸ਼ਰਨਜੀਤ ਕੌਰ ਦੀ ਬਹੁਤ ਕੁੱਟਮਾਰ ਕਰਦਾ ਸੀ ਜਿਸ ਵਿੱਚ ਉਸ ਦਾ ਸਹੁਰਾ ਵੀ ਸਾਥ ਦਿੰਦਾ ਸੀ। ਲੜਕੀ ਸ਼ਰਨਜੀਤ ਕੌਰ ਵੱਲੋਂ ਪੇਕੇ ਘਰ ਦੱਸਣ ਤੇ ਉਹ ਮੰਗਲ ਸਿੰਘ, ਚਾਚਾ ਅਤੇ ਉਸ ਦੀ ਦਾਦੀ  ਪੁੱਤਰੀ ਸ਼ਰਨਜੀਤ ਕੌਰ ਦੇ ਘਰ ਕਾਲਰੂ ਗਏ ਜਿੱਥੇ ਉਨ੍ਹਾਂ ਵੱਲੋਂ ਉਸ ਦੇ ਪਤੀ  ਤੇ ਸਹੁਰੇ ਨੂੰ ਕਾਫੀ ਸਮਝਾਇਆ। ਪ੍ਰੰਤੂ ਉਹ ਦੋਵੇਂ ਕਿਸੇ ਵੀ ਗੱਲ ਤੇ ਨਾ ਮੰਨੇ ਤਾਂ ਅਖੀਰ ਵਿੱਚ ਅਗਲੇ ਦਿਨ ਉਹ ਸ਼ਰਨਜੀਤ ਨੂੰ ਪੱਕੇ ਤੌਰ ਤੇ ਲਿਜਾਣ ਲਈ ਉਸ ਨੂੰ ਦਿੱਤੇ ਗਏ ਸਾਮਾਨ ਨੂੰ ਛੋਟੇ ਹਾਥੀ ‘ਚ ਲੱਦ ਕੇ  ਪਿੰਡ ਚਲੇ ਗਏ। ਕਿਸੇ ਤਰਾਂ ਪਤਾ ਲੱਗਣ ਉੱਪਰ ਉਹ ਸ਼ਰਨਜੀਤ ਨੂੰ ਮੁੜ ਦੇਖਣ ਪੁੱਜੇ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਉਹ ਘਰ ਦੇ ਅੰਦਰ ਦਾਖਲ ਹੋਏ ਤਾਂ ਵੇਖਿਆ ਕਿ ਸ਼ਰਨਜੀਤ ਤੜਪ ਰਹੀ ਸੀ ਅਤੇ ਉਸ ਦਾ ਪਤੀ  ਤੇ ਸਹੁਰਾ  ਉਨ੍ਹਾਂ ਨੂੰ ਧੱਕਾ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸ਼ਰਨਜੀਤ ਮੌਕੇ ਤੇ ਦਮ ਤੋੜ ਗਈ। ਜਿਸ ਦੀ ਉਨ੍ਹਾਂ ਤੁਰੰਤ ਸੂਚਨਾ ਥਾਣਾ ਸੁਲਤਾਨਪੁਰ ਲੋਧੀ ਦਿੱਤੀ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮੰਗਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਸ਼ਰਨਜੀਤ ਕੌਰ ਦੇ ਪਤੀ ਜਗਜੀਤ ਸਿੰਘ ਪੁੱਤਰ ਸਾਧੂ ਰਾਮ ਅਤੇ ਸਹੁਰੇ ਸਾਧੂ ਰਾਮ ਪੁੱਤਰ ਮਹਿੰਦਰ ਦੋਵੇਂ ਵਾਸੀ ਕਾਲਰੂ ਦੇ ਖਿਲਾਫ ਧਾਰਾ 302,34 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।