You are currently viewing 3 ਦਿਨਾਂ ਦੌਰਾਨ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 630 ਗ੍ਰਿਫਤਾਰ ਅਤੇ 6500 ਦੇ ਕੱਟੇ ਚਲਾਨ
ਪੰਜਾਬ ਵਿਚ ਕੋਵਿਡ 19 ਉਲੰਘਣਾਵਾਂ ਦੇ ਚਲਾਨ ਕੱਟਦੀ ਪੁਲਿਸ

3 ਦਿਨਾਂ ਦੌਰਾਨ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 630 ਗ੍ਰਿਫਤਾਰ ਅਤੇ 6500 ਦੇ ਕੱਟੇ ਚਲਾਨ

ਚੰਡੀਗੜ੍ਹ, 5 ਮਈ (ਕੇਸਰੀ ਨਿਊਜ਼ ਨੈੱਟਵਰਕ)- ਕੋਵਿਡ -19 ਮਾਮਲਿਆਂ ਵਿੱਚ ਭਾਰੀ ਵਾਧਾ ਹੋਣ ਕਾਰਨ ਪੰਜਾਬ ਸਰਕਾਰ ਵਲੋਂ ਸਖ਼ਤ ਰੋਕਾਂ ਲਗਾਉਣ ਸਬੰਧੀ  ਦਿੱਤੇ ਨਵੇਂ ਦਿਸ਼ਾ ਨਿਰਦੇਸਾਂ ਨੂੰ ਸਖ਼ਤੀ ਨਾਲ ਲਾਗੂ ਕਰਾਉਣ ਵਿੱਚ ਪੰਜਾਬ ਪੁਲਿਸ ਕੋਈ ਕਸਰ ਨਹੀਂ ਛੱਡ ਰਹੀ ਤਾਂ ਜੋ ਲੋਕਾਂ ਨੂੰ ਇਸ ਮਾਰੂ ਵਾਇਰਸ ਤੋਂ ਬਚਾਇਆ ਜਾ ਸਕੇ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਪਿਛਲੇ ਤਿੰਨ ਦਿਨਾਂ ਵਿੱਚ ਸੂਬੇ ਭਰ ਵਿੱਚ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਲਈ ਲਗਭਗ 6531 ਚਲਾਨ ਕੱਟੇ ਹਨ ਅਤੇ 629 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਹਿ ਵਿਭਾਗ ਵਲੋਂ ਐਤਵਾਰ ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਮੁਤਾਬਕ ਰਾਜ ਵਿਚ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ ਜਦੋਂ ਕਿ ਸਾਰੇ 4-ਪਹੀਆ ਵਾਹਨਾਂ ਵਿੱਚ 2 ਤੋਂ ਵੱਧ ਸਵਾਰੀਆਂ ਨਹੀਂ ਬੈਠ ਸਕਣਗੀਆਂ ਅਤੇ ਸਕੂਟਰਾਂ  ਜਾਂ ਮੋਟਰਸਾਈਕਲਾਂ `ਤੇ ਪਰਿਵਾਰਕ ਮੈਂਬਰ ਤੋਂ ਬਿਨਾਂ ਕੋਈ ਹੋਰ ਦੂਜੀ ਸਵਾਰੀ ਬਿਠਾਉਣ ਦੀ ਆਗਿਆ ਨਹੀਂ ਹੈ। ਇਸੇ ਤਰ੍ਹਾਂ ਵਿਆਹਾਂ / ਸਸਕਾਰ / ਰਸਮਾਂ ਦੌਰਾਨ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਆਗਿਆ ਨਹੀਂ ਹੈ।
ਡੀ.ਜੀ.ਪੀ. ਨੇ 2 ਮਈ ਤੋਂ 4 ਮਈ, 2021 ਦੇ ਅੰਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ ਕੋਵਿਡ-੍19 ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਖਿ਼ਲਾਫ਼ 560 ਦੇ ਕਰੀਬ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਹੋਟਲ, ਮੈਰਿਜ ਪੈਲੇਸ, ਰੈਸਟੋਰੈਂਟ, ਦੁਕਾਨਾਂ ਆਦਿ ਦੇ ਮਾਲਕ ਸ਼ਾਮਲ ਹਨ।
ਡੀ.ਜੀ.ਪੀ. ਨੇ ਕਿਹਾ ਕਿ ਜੁਰਮਾਨੇ ਕਰਨ ਤੋਂ ਇਲਾਵਾ,ਇਸੇ ਸਮੇਂ ਦੌਰਾਨ ਪੁਲਿਸ ਨੇ ਕੋਵਿਡ-19 ਦੇ ਢੁਕਵੇਂ ਵਿਹਾਰ ਨਾ ਅਪਣਾਉਣ ਵਾਲੇ 66000 ਤੋਂ ਵੱਧ ਵਿਅਕਤੀਆਂ ਦੇ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਏੇ। ਉਨ੍ਹਾਂ ਕਿਹਾ ਕਿ 19 ਮਾਰਚ 2021 ਤੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤਹਿਤ ਪੰਜਾਬ ਪੁਲਿਸ ਨੇ 6.9 ਲੱਖ ਤੋਂ ਵੱਧ ਲੋਕਾਂ ਨੂੰ ਕੋਵਿਡ-19 ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਤੋਂ ਇਲਾਵਾ ਰਾਜ ਭਰ ਦੇ 1 ਲੱਖ ਲੋਕਾਂ ਨੂੰ ਫੇਸ ਮਾਸਕ ਨਾ ਪਹਿਨਣ ਲਈ ਜੁਰਮਾਨਾ ਕੀਤਾ ।
ਪ੍ਰਮੁੱਖ ਅਦਾਰਿਆਂ ਖਿ਼ਲਾਫ਼ ਕੀਤੀ ਕਾਰਵਾਈ  ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ ਰੈਸਟੋਰੈਂਟ ਅਰੇਬੀਅਨ ਕਬਾਬ ਅਤੇ ਮਾਸਟਰ ਬਰਗਰ ਨੇੇ ਰਾਤ ਦੇ ਕਰਫਿਊ ਦੌਰਾਨ ਸਮੇਂ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤਾ । ਇਸ ਤੋਂ ਇਲਵਾ ਪੈਟ੍ਰੋਲ ਪੰਪ ਮਾਲਕਾਂ ਖਿ਼ਲਾਫ਼ ਵੀ ਕੇਸ ਦਰਜ ਕੀਤਾ ਹੈ ਜਿੱਥੇ ਜਿ਼ਆਦਾਤਰ ਕਰਮਚਾਰੀ ਬਿਨਾਂ ਮਾਸਕ ਦੇ ਅਤੇ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕਰਦੇ ਪਾਏ ਗਏ ਸਨ।
ਇਸੇ ਤਰ੍ਹਾਂ ਬਰਨਾਲਾ ਪੁਲਿਸ ਨੇ ਰਾਇਲ ਗ੍ਰੀਨ ਰਿਜ਼ਾਰਟਜ਼ ਦੇ ਮਾਲਕ ਖਿਲਾਫ ਕੋਵਡ -19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ, ਜਦੋਂ ਕਿ ਹੁਸਿ਼ਆਰਪੁਰ ਪੁਲਿਸ ਨੇ ਰਾਤ ਦੇ ਕਰਫਿਊ ਦੇ ਸਮੇਂ ਦੌਰਾਨ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਸ਼ਰਾਬ ਪੀਂਦੇ ਤਿੰਨ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ। ਹਾਲ ਹੀ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਰਮਾਡਾ ਹੋਟਲ ਅਤੇ ਗੁਲਸ਼ਨ ਪੈਲੇਸ ਦੇ ਮਾਲਕਾਂ ਉੱਤੇ 20 ਤੋਂ ਵੱਧ ਮਹਿਮਾਨਾਂ ਵਾਲੀ ਪਾਰਟੀ ਦਾ ਆਯੋਜਨ ਕਰਨ ਲਈ ਵੀ ਕੇਸ ਦਰਜ ਕੀਤਾ ਸੀ, ਜਦੋਂ ਕਿ ਤਾਜ ਰੈਸਟੋਰੈਂਟ ਅਤੇ ਯੰਮੀ ਫਾਸਟ ਫੂਡ ਦੇ ਮਾਲਕਾਂ ਉੱਤੇ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤਾ ਗਿਆ ।
ਡੀ.ਜੀ.ਪੀ. ਨੇ ਇਕ ਵਾਰ ਫਿਰ ਲੋਕਾਂ ਨੂੰ ਦੇਸ਼ ਦੇ 15 ਹੋਰ ਰਾਜਾਂ ਵਿਚ ਆਇਦ ਪਾਬੰਦੀਆਂ ਵਾਂਗ ਹੀ ਸੂਬੇ ਵਲੋਂ ਨਿਰਧਾਰਤ ਪਾਬੰਦੀਆਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਅਤੇ  ਉਲੰਘਣਾ ਕਰਨ ਵਾਲਿਆਂ ਖਿਲਾਫ ਗ੍ਰਿਫਤਾਰੀਆਂ ਅਤੇ ਵਾਹਨਾਂ ਨੂੰ ਜ਼ਬਤ ਕਰਨ ਸਮੇਤ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ।
ਇਸ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਕੈਮਿਸਟ ਦੀਆਂ ਦੁਕਾਨਾਂ ਅਤੇ ਜ਼ਰੂਰੀ ਚੀਜ਼ਾਂ, ਦੁੱਧ, ਰੋਟੀ, ਸਬਜ਼ੀਆਂ, ਫਲ, ਡੇਅਰੀ ਅਤੇ ਪੋਲਟਰੀ ਉਤਪਾਦ ਜਿਵੇਂ ਕਿ ਅੰਡੇ, ਮੀਟ, ਮੋਬਾਈਲ ਰਿਪੇਅਰ, ਕਰਿਆਨੇ ਦੀਆਂ ਦੁਕਾਨਾਂ, ਖਾਦ,ਬੀਜ,ਕੀਟਨਾਸ਼ਕ ਜਾਂ ਖੇਤੀ ਉਪਕਰਣ ਵੇਚਣ ਵਾਲੀਆਂ ਦੁਕਾਨਾਂ ਸਮੇਤ ਸਾਰੀਆਂ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਤੋਂ ਇਲਾਵਾ ਸ਼ਰਾਬ ਦੇ ਠੇਕਿਆਂ ਆਦਿ ਨੂੰ ਖੋਲ੍ਹਣ ਦੀ ਆਗਿਆ ਹੈ।