You are currently viewing ਲੱਛੇਦਾਰ ਲੇਖ ਨਹੀਂ ਸਿੱਧੀ ਭਾਸ਼ਾ ਵਿਚ ਸਪੱਸ਼ਟ ਜਵਾਬ ਦਿਉ ਸੰਸਾਰ ਦੇ ਵਿਦਵਾਨੋ !
400 ਸਾਲਾ ਪ੍ਰਕਾਸ਼ ਪੁਰਬ ਗੁਰੂ ਤੇਗ ਬਹਾਦਰ ਜੀ

ਲੱਛੇਦਾਰ ਲੇਖ ਨਹੀਂ ਸਿੱਧੀ ਭਾਸ਼ਾ ਵਿਚ ਸਪੱਸ਼ਟ ਜਵਾਬ ਦਿਉ ਸੰਸਾਰ ਦੇ ਵਿਦਵਾਨੋ !

ਗੁਰਪ੍ਰੀਤ ਸਿੰਘ ਸੰਧੂ

ਦੇਸ਼ ਵਿਦੇਸ਼ ਵਿਚ ਵਸਣ ਵਾਲੇ ਹਿੰਦੋਸਤਾਨੀਆਂ ਖਾਸ ਤੌਰ ਤੇ ਸਿੱਖਾਂ ਲਈ ਹਿੰਦ ਦੀ ਚਾਦਰ, ਨੌਵੀਂ ਪਾਤਸ਼ਾਹੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਕੁਝ ਖਾਸ ਮਾਇਨੇ ਕੁਝ ਖਾਸ ਅਰਥ ਰੱਖਦਾ ਹੈ। ਜੇਕਰ ਅਜਿਹਾ ਨਹੀਂ ਤਾਂ ਨਿਸ਼ਚਿਤ ਤੌਰ ਤੇ ਇਹ ਪ੍ਰਕਾਸ਼ ਸ਼ਤਾਬਦੀ ਵੀ ਕਿਸੇ ਆਮ ਵਿਅਕਤੀ ਦੇ ਜਨਮ ਦਿਵਸ ਦੀ ਖੁਸ਼ੀ ਮਨਾਉਣ ਲਈ ਕੇਕ ਕੱਟਣ ਜਾਂ ਗੁਰੂ ਘਰ ਜਾ ਕੇ ਦੇਗ ਕਰਵਾਉਣ ਤੋਂ ਵਧੇਰੇ ਦੀ ਰਸਮ ਨਹੀਂ ਹੋ ਸਕਣੀ

ਤਾਂ ਫਿਰ ਆਉ ਵਿਚਾਰ ਕਰੀਏ ਕਿ ਕੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਵਿਚ ਸਾਡੇ ਵਲੋਂ ਕੋਈ ਵਿਲੱਖਣਤਾ ਲਿਆਂਦੀ ਵੀ ਗਈ ਹੈ ਜਾਂ ਮਹਿਜ਼ ਅਸੀਂ ਇਸ ਨੂੰ ਅਸੀਂ ਇਕ ਰਸਮ ਵਾਂਗ ਮਨਾਉਂਦੇ ਹੋਏ ਅਗਾਂਹ ਤੋਰ ਰਹੇ ਹਾਂ ?

ਦੇਸ਼ ਵਿਦੇਸ਼ ਵਿਚ ਸਿੱਖ ਪੰਥ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਤਕ ਜੋ ਵੀ ਕੌਮੀ ਜਾਂ ਕੌਮਾਂਤਰੀ ਪੱਧਰ ਤਕ ਦੇ ਸਮਾਰੋਹ ਕੀਤੇ ਗਏ ਹਨ, ਉਹਨਾ ਵਿਚ ਆਮ ਗੁਰਪੁਰਬਾਂ ਆਮ ਦਿਨ ਦਿਹਾਰਾਂ ਤੋਂ ਕੁਝ ਹਟਵਾਂ ਕੁਝ ਨਿਵੇਕਲਾ ਦਿਖਾਈ ਤਾਂ ਨਹੀਂ ਦਿੱਤਾ ਹੈ। ਸੂਝਵਾਨ ਤੇ ਵਿਚਾਰਵਾਨ ਪਾਠਕ ਸਾਡੀ ਇਸ ਗੱਲ ਨਾਲ ਕਾਫੀ ਹੱਦ ਤਕ ਸਹਿਮਤੀ ਰੱਖਣਗੇ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਅਸਲੀ ਕਾਰਨਾਂ ਜਾਂ ਗੁਰੂ ਜੀ ਵਲੋਂ ਦਿੱਤੀ ਗਈ ਸ਼ਹੀਦੀ ਦੇ ਅਸਲ ਮਕਸਦ ਦੀ ਪਛਾਣ ਅਤੇ ਗੁਰੂ ਆਸ਼ੇ ਨੂੰ ਜ਼ਮੀਨੀ ਹਕੀਕਤ ਵਿਚ ਉਤਾਰਨ ਤੋਂ ਬਗੈਰ ਅਸੀਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗੀ ਕਾਰਵਾਈ ਕਰਦੇ ਹੀ ਨ਼ਜ਼ਰ ਆਵਾਂਗੇ। 

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਮਕਸਦ ਨੂੰ ਜਾਨਣ ਦੀ ਕੋਸ਼ਿਸ਼ ਕਰੀਏ ਤਾਂ, ਗੁਰੂ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ  ‘ਬਚਿਤਰ ਨਾਟਕ’ ਵਿਚ ਲਿਖਿਆ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥
(ਸ੍ਰੀ ਦਸਮ ਗ੍ਰੰਥ)

ਉਪਰੋਕਤ ਸਤਰਾਂ ਤੋਂ ਮੇਰੇ ਵਰਗੇ ਤੁਛ ਬੁੱਧੀ ਵਾਲੇ ਮਨੁੱਖਾਂ ਨੂੰ ਕੀ ਸਮਝ ਆਉਂਦਾ ਹੈ ਕਿ ਤਿਲਕ ਤੇ ਜੰਝੂ ਦਾ ਪ੍ਰਭੂ ਖੁਦ ਸਹਾਰਾ ਬਣਿਆ, ਜਦੋਂ ਕਲਯੁਗ ਵਿਚ ਵੱਡਾ ਸਾਕਾ ਕਰਦੇ ਹੋਏ , ਅਜਿਹਾ ਸਾਧਨ ਅਜਿਹਾ ਢੰਗ ਤਰੀਕਾ ਅਪਣਾਇਆ ਗਿਆ ਕਿ ਆਪਣਾ ਸੀਸ ਤਾਂ ਦੇ ਦਿੱਤਾ ਪਰ ਮੁੱਖੋਂ ਸੀ ਵੀ ਨਾ ਉਚਰੀ। ਇਹ ਸਾਕਾ ਧਰਮ ਦੀ ਰੱਖਿਆ ਦੀ ਖਾਤਰ ਜਿਸਨੇ (ਗੁਰੂ ਜੀ ਨੇ) ਕੀਤਾ ਉਸਨੇ ਆਪਣਾ ਸੀਸ ਤਾਂ ਦੇ ਦਿੱਤਾ ਪਰ ਸਿਰੜ ਸਿਦਕ ਦਾ ਤਿਆਗ ਨਹੀਂ ਕੀਤਾ। 

ਉਪਰੋਕਤ ਸਤਰਾਂ ਦੀ ਗਹਿਰਾਈ ਵਿਚ ਜਾਣ ਦੀ ਕੋਸ਼ਿਸ਼ ਕਰੀਏ ਤਾਂ ਤਿਲਕ ਤੇ ਜੰਝੂ ਧਰਮ ਦਾ ਪ੍ਰਤੀਕ ਨਜ਼ਰ ਆਉਂਦੇ ਹਨ ਜਿਹਨਾ ਦੀ ਰਖਵਾਲੀ ਵਾਸਤੇ ਨੌਵੀਂ ਪਾਤਸ਼ਾਹੀ ਜੀ ਨੇ ਆਪਣਾ ਸੀਸ ਤਕ ਵਾਰ ਦਿੱਤਾ।  ਪਰ ਨਾਲ ਹੀ ਦੇਖੀਏ ਤਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚ ਇਹੋ ਤਿਲਕ ਜੰਝੂ ਦੀ ਰਸਮ ਮਨੁੱਖਾ ਜੀਵਨ ਲਈ ਇਕ ਬੇਲੋੜੀ ਜਿਹੀ ਰਸਮ ਨਜ਼ਰ ਆਉਂਦੀ ਹੈ, ਜਦੋਂ ਬਾਬਾ ਨਾਨਕ ਜੀ ਪਾਂਧੇ ਨੂੰ ਫੁਰਮਾਉਂਦੇ ਹਨ-

ਸਲੋਕੁ ਮਃ ੧ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥

ਆਖਰ ਏਨਾ ਵਿਰੋਧਾਭਾਸ ਕਿਉਂ ਜਾਪ ਰਿਹਾ ਹੈ ਦੋਵਾਂ ਗੁਰੂ ਸਹਿਬਾਨ ਦੋਵਾਂ ਪਾਤਸ਼ਾਹੀਆਂ ਦੀ ਕਹਿਣੀ ਅਤੇ ਕਰਨੀ ਵਿਚ। ਇਹ ਵੀ ਸੱਚ ਹੈ ਕਿ ਪਹਿਲੀ ਤੋਂ ਨੌਵੀਂ ਪਾਤਸ਼ਾਹੀ ਤਕ ਕਿਸੇ ਵੀ ਗੁਰੂ ਸਹਿਬਾਨ ਨੇ ਜਨੇਊ ਅਤੇ ਤਿਲਕ ਨੂੰ ਕਿਸੇ ਧਾਰਮਿਕ ਚਿੰਨ ਵਜੋਂ ਆਪਣੇ ਸਰੀਰ ਜਾਂ ਮਰਿਯਾਦਾ ਦਾ ਹਿੱਸਾ ਨਹੀਂ ਮੰਨਿਆ। ਫਿਰ ਅਜਿਹਾ ਕੀ ਹੋ ਗਿਆ ਕਿ ਉਹ ਹੀ ਤਿਲਕ ਤੇ ਜੰਝੂ ਨੂੰ ਬਚਾਉਣ ਦੀ ਖਾਤਿਰ ਆਪਣਾ ਸੀਸ ਤਕ ਦੇ ਦੇਣਾ ਲਾਜ਼ਮੀ ਹੋ ਗਿਆ ਸੀ। ਉਹੀ ਤਿਲਕ ਜੰਝੂ ਉਤਰਨ ਤੋਂ ਰੋਕਣਾ ਧਰਮ ਹੇਤੁ ਸਾਕਾ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਰ ਵਿਚ?

ਦਰਅਸਲ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪਿੱਛੇ ਉਹਨਾ ਦਾ ਮਕਸਦ ਸ਼ਾਇਦ ਏਨਾ ਸਿੱਧਾ ਨਹੀਂ ਸੀ ਜਿੰਨਾ ਇਸ ਨੂੰ ਸਮਝ ਲਿਆ ਗਿਆ ਤੇ ਸਮਝ ਆ ਜਾਣ ਦਾ ਅਸੀਂ ਦਾਅਵਾ ਕਰਨ ਲਗ ਜਾਂਦੇ ਹਾਂ। ਆਮ ਤੌਰ ਤੇ ਗਲ ਕਰੀਏ ਤਾਂ ਬਹੁਤੇ ਪ੍ਰਚਾਰਕ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕਿਸੇ ਦੂਜੇ ਧਰਮ ਪੰਥ ਦੀਆਂ ਮਾਨਤਾਵਾਂ ਦੀ ਰਖਵਾਲੀ ਲਈ ਆਪਣੇ ਆਪ ਨੂੰ ਪੇਸ਼ ਕਰਨ ਵਜੋਂ ਦੇਖਦੇ ਹਨ, ਉਹਨਾ ਦਾ ਇਹ ਵੀ ਮੰਨਣਾ ਹੈ ਕਿ ਗੁਰੂ ਜੀ ਨੇ ਅਜਿਹਾ ਕਰਕੇ ਹਿੰਦੋਸਤਾਨ ਉੱਪਰ ਅਹਿਸਾਨ ਦਾ ਕਰਜ਼ਾ ਚੜਾਇਆ ਹੈ। ਦੂਜੇ ਕਿਸਮ ਦੇ ਕੁਝ ਪ੍ਰਚਾਰਕ ਇਹ ਵੀ ਕਹਿੰਦੇ ਸੁਣੀਦੇ ਹਨ ਕਿ ਮੁਗਲ ਹਕੂਮਤ ਵਲੋਂ ਤਿਲਕ ਜੰਝੂ ਨੂੰ ਉਤਾਰਨ ਦੇ ਰੂਪ ਵਿਚ ਖੋਹੀ ਜਾਣ ਵਾਲੀ ਧਾਰਮਿਕ ਆਜ਼ਾਦੀ ਵਿਚੋਂ ਆਉਣ ਵਾਲੇ ਸਮੇਂ ਵਿਚ ਸਿੱਖ ਧਰਮ ਲਈ ਵੀ ਖ਼ਤਰੇ ਦੀ ਕਨਸੋਅ ਆ ਰਹੀ ਸੀ, ਇਸ ਲਈ ਗੁਰੂ ਜੀ ਨੇ ਆਪਣੀ ਸ਼ਹੀਦੀ ਦੇ ਕੇ ਉਸ ਕਾਗ ਨੂੰ ਤਿਲਕ ਜੰਝੂ ਉੱਪਰ ਹੀ ਰੋਕ ਲੈਣ ਦੇ ਹੀਲੇ ਵਜੋਂ ਕੁਰਬਾਨੀ ਦੇਣ ਦਾ ਫੈੇਸਲਾ ਲਿਆ ਸੀ। 

ਕੁਝ ਪ੍ਰਚਾਰਕ ਸਹਿਬਾਨ ਗੁਰੂ ਜੀ ਦੀ ਕੁਰਬਾਨੀ ਨੂੁੰ ਹਿੰਦ ਦੀ ਚਾਦਰ ਵਜੋਂ ਹਿੰਦੋਸਤਾਨ ਦੀ ਲੁੱਟੀ ਜਾ ਰਹੀ ਅਸਮਤ ਦੀ ਰਖਵਾਲੀ ਨਾਲ ਜੋੜ ਕੇ ਪ੍ਰਚਾਰਦੇ ਹਨ। ਕੁਝ ਉਸ ਤੋਂ ਵੀ ਅੱਗੇ ਸਮੁੱਚੀ ਮਨੁੱਖਤਾ ਦੀ ਧਾਰਮਿਕ ਆਜ਼ਾਦੀ ਦੇ ਹੱਕ ਵਿਚ ਗੁਰੂ ਜੀ ਵਲੋਂ ਡਟ ਕੇ ਖੜੋ ਜਾਣ ਦੀ ਕਾਰਵਾਈ ਵਜੋਂ ਦੇਖਦੇ ਹਨ।

ਇਸ ਦੌਰਾਨ ਕੁਝ ਅਖੌਤੀ ਸੈਕੂਲਰ ਵਿਦਵਾਨ, ਜਿਨਾਂ ਦੀ ਨਜ਼ਰ ਵਿਚ ਸਾਰੇ ਧਰਮ ਪੰਥ ਇੱਕੋ ਜਿਹੇ ਹੀ ਨੇ, ਸ਼ਾਇਦ ਅਫੀਮ ਵਰਗੇ, ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਹਨਾ ਦੀ ਨਜ਼ਰ ਵਿਚ ਕਿਸੇ ਧਰਮ ਪੰਥ ਦੀਆਂ ਮਰਿਯਾਦਾਵਾਂ ਦੀ ਰੱਖਿਆ ਲਈ ਨਾ ਹੋ ਕੇ , ਸਿਰਫ ਸਰਕਾਰਾਂ (ਔਰੰਗਜ਼ੇਬ) ਵਲੋ ਜਨਤਾ ਉੱਪਰ ਕੀਤੇ ਜਾਣ ਵਾਲੇ ਜਬਰ ਜ਼ੁਲਮ ਖਿਲਾਫ਼ ਇਕ ਸੰਘਰਸ਼ ਦਾ ਪ੍ਰਤੀਕ ਸੀ। ਸ਼ਾਇਦ ਇਸ ਤਰਾਂ ਆਖ ਕੇ ਉਹਨਾ ਲਈ ਸਾਰੇ ਧਰਮ ਪੰਥਾਂ ਖਾਸ ਤੌਰ ਤੇ ਹਿੰਦੋਸਤਾਨੀ ਧਰਮ ਪੰਥਾਂ ਖ਼ਿਲਾਫ਼ ਜ਼ਹਿਰ ਉਗਲਣ ਦੀ ਗੁੰਜਾਇਸ਼ ਵੀ ਸੁਰੱਖਿਅਤ ਰਹਿੰਦੀ ਹੈ ਅਤੇ ਤਾਕਤਵਰਾਂ (ਜਿਹਨਾ ਵਿਚ ਸਰਕਾਰਾਂ ਤੇ ਆਰਥਿਕ ਤੌਰ ਤੇ ਖੁਸ਼ਹਾਲ ਲੋਕਾਂ) ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦੀ ਧਾਰਨਾ ਨੂੰ ਵੀ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। 

ਆਮ ਤੌਰ ਤੇ ਗੁਰੂ ਤੇਗ ਬਹਾਦਰ ਜੀ ਬਾਰੇ ਲਿਖੇ ਜਾਣ ਵਾਲੇ ਲੇਖ ਅਜਿਹੀਆਂ ਜਾਂ ਰਲਦੀਆਂ ਮਿਲਦੀਆਂ ਸਤਰਾਂ ਨਾਲ ਸਮਾਪਤ ਹੁੰਦੇ ਹਨ, ਵਿਸ਼ਵ-ਇਤਿਹਾਸ ਵਿਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ।

ਉਪਰੋਕਤ ਸਤਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਵਿਲੱਖਣ ਕੁਰਬਾਨੀ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ, ਵਿਚੋਂ ਅਸੀਂ ਕਿਹੜੇ ਅਰਥ ਸਮਝ ਪਾਏ ਹਾਂ, ਇਸਦਾ ਜਵਾਬ ਕੋਈ ਨਹੀਂ ਦਿੱਤਾ ਗਿਆ।  ਲੇਖਕ ਵਿਲਖਣਤਾ ਮੰਨ ਰਿਹਾ ਹੈ ਕਿ ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਗਈ। ਤਾਂ ਵੱਡਾ ਸਵਾਲ ਉੱਠਦਾ ਹੈ ਕਿ ਉਹ ਕਿਹੜੀ ਕੁਰਬਾਨੀ ਜੋ ਆਪਣੇ ਭਾਈਚਾਰੇ ਲਈ ਤਾਂ ਨਾ ਹੋਵੇ ਪਰ ਪੂਰੀ ਮਨੁੱਖਤਾ ਨੂੰ ਬਚਾਉਣ ਦਾ ਕਾਰਨ ਬਣਦੀ ਹੋਵੇ। ਅਜੇਹਾ ਕਿਵੇਂ ਸੰਭਵ ਹੈ? ਕੀ ਕੋਈ ਭਾਈਚਾਰਾ ਮਨੁੱਖਤਾ ਦੇ ਦਾਇਰੇ ਤੋਂ ਬਾਹਰ ਹੋ ਸਕਦਾ ਹੈ। ਜੇ ਹਾਂ ਤਾਂ ਕਿਵੇ? 

ਦੂਜੇ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਨੂੰ ਵੀ ਦੇਖੀਏ ਤਾਂ ਜਿਸ  ਭਾਈਚਾਰੇ ਦੇ ਗਠਨ ਦੀ ਪ੍ਰਕਿਰਿਆ ਵਾਸਤੇ ਪਹਿਲੀ ਤੋਂ ਲੈ ਕੇ ਦਸਵੀਂ ਤਕ ਨਾਨਕ ਜੋਤ ਵੱਖ ਵੱਖ ਰੂਪਾਂ ਵਿਚ ਵਿਚਰਦਿਆਂ  ਅਸਿਹ ਤੇ ਅਕਹਿ ਕਸ਼ਟ ਸਹਾਰਦੀ ਰਹੀ ਜੇਕਰ ਕੁਰਬਾਨੀ ਉਸ ਭਾਈਚਾਰੇ ਵਾਸਤੇ ਨਹੀਂ ਸੀ, ਤਾਂ ਉਹ ਉਸ ਸਿੱਖ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਕਿਵੇਂ ਸਾਬਤ ਹੋਈ? ਫਿਰ ਗੱਲ ਕਰਦੇ ਹਾਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ ਮਿਟਣ ਦਾ ਜਜ਼ਬਾ ਪ੍ਰਦਾਨ ਕਰਨ ਦਾ, ਤਾਂ ਸੱਚਮੁੱਚ ਵਿਚਾਰਨਾ ਬਣਦਾ ਹੈ ਕਿ ਅਜੋਕਾ ਵਿਸ਼ਵ ਗੁਰੂ ਜੀ ਕੋਲੋਂ ਹੱਕ, ਸੱਚ, ਇਨਸਾਫ਼, ਅਤੇ ਧਰਮ ਲਈ ਮਰ ਮਿਟਣ ਦਾ ਕਿਹੜਾ ਜਜ਼ਬਾ ਹਾਸਿਲ ਕਰ ਚੁੱਕਾ ਹੈ?

ਕੀ ਧਰਮ ਲਈ ਮਰ ਮਿਟਣ ਦੇ ਜਜ਼ਬੇ ਨੂੰ ਤਿਲਕ ਜੰਝੂ ਦੀ ਰਖਵਾਲੀ ਕਰਨ ਦੇ ਗੁਰੂ ਐਲਾਨ ਰਾਹੀਂ ਸਮਝਿਆ ਜਾਵੇ ?

ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿਚ ਇਕ ਨਵੀਂ ਰੂਹ ਫੂਕੀ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।

ਇਸ ਤੋਂ ਇਲਾਵਾ ਹੋਰ ਵੀ ਕਈ ਢੰਗ ਤਰੀਕਿਆਂ ਨਾਲ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਸ਼ਹੀਦੀ ਪਿੱਛੇ ਲੁਕੇ ਅਸਲ ਮਕਸਦ ਨੂੰ ਤਲਾਸ਼ਣ ਦੀ ਕਵਾਇਦ ਚਲਦੀ ਆ ਰਹੀ ਹੈ। ਪਰ ਗੁਰੂ ਪਰੰਪਰਾ ਅਨੁਸਾਰ ਇਸ ਸ਼ਹੀਦੀ ਪਿੱਛੇ ਲੁਕੇ ਅਸਲ ਧਰਮ ਦੀ ਪਛਾਣ ਵੱਲ ਸ਼ਾਇਦ ਬਹੁਤਾ ਧਿਆਨ ਨਹੀਂ ਜਾ ਸਕਿਆ ਹੈ। ਇਸੇ ਲਈ ਇਸ ਲੇਖ ਦੇ ਮੁੱਢ ਵਿਚ ਲੇਖਕ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਸੀਂ ਸਹੀ ਅਰਥਾਂ ਵਿਚ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਵਸ ਨਹੀਂ ਮਨਾਅ ਸਕੇ । ਇਸ ਹਿਮਾਕਤ ਦਾ ਅਰਥ ਏਨਾ ਹੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦਾ ਸਾਰ ਸਭ ਤੋਂ ਵਧੇਰੇ ਉਹਨਾ ਦੀ ਸ਼ਹੀਦੀ ਵਿਚੋਂ ਹੀ ਝਲਕਦਾ ਹੈ। ਤੇ ਜਦੋਂ ਤਕ ਉਹਨਾ ਦੀ ਮਹਾਨ ਸ਼ਹੀਦੀ ਦੇ ਅਰਥਾਂ ਨੂੰ ਅਸੀਂ ਚੰਗੀ ਤਰਾਂ ਸਮਝ ਨਹੀਂ ਲੈਂਦੇ, ਉਹਨਾ ਨੂੰ ਆਪਣੇ ਜੀਵਨ ਵਿਚ ਉਤਾਰਦੇ ਹੋਏ ਉਹਨਾ ਆਸ਼ਿਆਂ ਨੂੰ ਆਪਣੇ ਜੀਵਨ ਵਿਚ ਉਤਾਰ ਨਹੀਂ ਲੈਂਦੇ, ਅਸੀਂ ਸਹੀ ਅਰਥਾਂ ਵਿਚ ਗੁਰੂ ਜੀ ਦਾ ਪ੍ਰਕਾਸ਼ ਪੁਰਬ ਜਾਂ 2025 ਵਿਚ ਆਉਣ ਵਾਲੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਵੱਡਮੁੱਲੇ ਮੌਕੇ ਨੂੰ ਵੀ ਅਜਾਂਈਂ ਗੁਆਉਂਦੇ ਜਾ ਰਹੇ ਹੋਵਾਂਗੇ। (ਲੇਖ ਜਾਰੀ ਹੈ…)