ਕੋਰੋਨਾ ਨੇ ਲਈ ਲੋਕ ਸੰਪਰਕ ਵਿਭਾਗ ਦੇ ਮੁਲਾਜ਼ਮ ਲਲਿਤ ਜਿੰਦਲ ਦੀ ਜਾਨ
ਕੋਵਿਡ ਕਾਰਨ ਮੌਤ ਦੇ ਅੰਕੜੇ

ਕੋਰੋਨਾ ਨੇ ਲਈ ਲੋਕ ਸੰਪਰਕ ਵਿਭਾਗ ਦੇ ਮੁਲਾਜ਼ਮ ਲਲਿਤ ਜਿੰਦਲ ਦੀ ਜਾਨ

ਚੰਡੀਗੜ, ਪਹਿਲੀ ਮਈ (ਕੇਸਰੀ ਨਿਊਜ਼ ਨੈੱਟਵਰਕ)- ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਸਹਾਇਕ ਲਲਿਤ ਜਿੰਦਲ ਦੀ ਕੋਰੋਨਾ ਮਹਾਮਾਰੀ ਨੇ ਜਾਨ ਲੈ ਲਈ ਹੈ। ਜਿੰਦਲ 45 ਵਰਿਆਂ ਦੇ ਸਨ ਜੋ ਪਿਛਲੇ ਦੋ ਹਫਤਿਆਂ ਤੋਂ ਕੋਵਿਡ ਨਾਲ ਜੂਝਦੇ ਹੋਏ ਅੱਜ ਸਵੇਰੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਚੱਲ ਵਸੇ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, ਇਕ ਧੀ ਤੇ ਇਕ ਪੁੱਤਰ ਛੱਡ ਗਏ ਹਨ।
           ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੰਦਲ ਦੀ ਮੌਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ, “ਮੈਨੂੰ ਲਲਿਤ ਜਿੰਦਲ ਦੀ ਬੇਵਕਤੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਪਹੁੰਚਿਆ ਹੈ ਜੋ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਬਹੁਤ ਹੀ ਨੇਕ ਦਿਲ ਤੇ ਮਿਹਨਤੀ ਮੁਲਾਜ਼ਮ ਸਨ।“
          ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਦੁੱਖ ਦੀ ਇਸ ਘੜੀ ਵਿਚ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
          ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਲਲਿਤ ਜਿੰਦਲ ਦੀ ਮੌਤ ਉਤੇ ਅਫਸੋਸ ਜਾਹਰ ਕੀਤਾ ਹੈ।
          ਇਸੇ ਦੌਰਾਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕਿ੍ਰਪਾਲ ਸਿੰਘ ਅਤੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਨੇ ਵੀ ਲਲਿਤ ਜਿੰਦਲ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।