ਸਿੱਧੂ ਦੇ ਤਿੱਖੇ ਤੇਵਰਾਂ ਉੱਪਰ ਸੁੰਦਰ ਸ਼ਾਮ ਅਰੋੜਾ ਨੇ ਦਿੱਤੀ ਇਹ ਸਲਾਹ
ਸੁੰਦਰ ਸ਼ਾਮ ਅਰੋੜਾ ਮੰਤਰੀ ਪੰਜਾਬ

ਸਿੱਧੂ ਦੇ ਤਿੱਖੇ ਤੇਵਰਾਂ ਉੱਪਰ ਸੁੰਦਰ ਸ਼ਾਮ ਅਰੋੜਾ ਨੇ ਦਿੱਤੀ ਇਹ ਸਲਾਹ

ਸਿੱਧੂ ਨੂੰ ਪਾਰਟੀ ਨੀਤੀਆਂ ਦਾ ਸਨਮਾਨ ਕਰਨ ਦੀ ਦਿੱਤੀ ਸਲਾਹ
ਹੁਸ਼ਿਆਰਪੁਰ, 29 ਅਪ੍ਰੈਲ  (ਗੁਰਪ੍ਰੀਤ ਸਿੰਘ ਸੰਧੂ)- ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਵਾਰ-ਵਾਰ ਪਾਰਟੀ ਲੀਡਰਸ਼ਿਪ ਦੇ ਖਿਲਾਫ ਬੋਲਣਾ ਉਨ੍ਹਾਂ ਦਾ ਪਾਰਟੀ ਦੇ ਪ੍ਰਤੀ ਗੈਰ ਜ਼ਿੰਮੇਵਾਰ ਰਵੱਈਆ ਅਤੇ ਅਨੁਸ਼ਾਸਨਹੀਣਤਾ ਨੂੰ ਦਰਸਾਉਂਦਾ ਹੈ।
ਮੰਤਰੀ ਨੇ ਸਿੱਧੂ ਨੂੰ ਯਾਦ ਦਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ ਪੰਜਾਬ ਦੀ ਚੋਣ ਲੜ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ ਪਾਰਟੀ ਹਾਈਕਮਾਨ ਨੇ ਹੀ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ’ਤੇ ਚੁਣਿਆ ਹੈ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਯੋਗ ਅਤੇ ਦੂਰਦਰਸ਼ੀ ਅਗਵਾਈ ਵਿੱਚ ਪੰਜਾਬ ’ਚ ਕਾਂਗਰਸ ਪਹਿਲਾਂ ਤੋਂ ਹੋਰ ਜ਼ਿਆਦਾ ਮਜ਼ਬੂਤ ਹੋਈ ਹੈ। ਨਵਜੋਤ ਸਿੰਘ ਸਿੱਧੂ ਦਾ ਵਾਰ-ਵਾਰ ਮੁੱਖ ਮੰਤਰੀ ਦੀ ਅਗਵਾਈ ’ਤੇ ਸਵਾਲ ਚੁੱਕਣਾ ਸਿੱਧੇ ਤੌਰ ’ਤੇ ਪਾਰਟੀ ਲੀਡਰਸ਼ਿਪ ’ਤੇ ਉਂਗਲੀ ਚੁੱਕਣ ਦੇ ਬਰਾਬਰ ਹੈ।
ਮੰਤਰੀ ਨੇ ਕਿਹਾ ਕਿ ਸਿੱਧੂ ਨੂੰ ਜੇਕਰ ਕੋਈ ਸਮੱਸਿਆ ਹੈ ਤਾਂ ਉਹ ਇਕ ਜ਼ਿੰਮੇਵਾਰ ਨੇਤਾ ਦੇ ਤੌਰ ’ਤੇ ਪਾਰਟੀ ਦੇ ਸਾਹਮਣੇ ਆਪਣੀ ਗੱਲ ਰੱਖੇ ਪਰ ਉਨ੍ਹਾਂ ਦਾ ਵਾਰ-ਵਾਰ ਸੋਸ਼ਲ ਮੀਡੀਆ ਅਤੇ ਜਨਤਕ ਤੌਰ ’ਤੇ ਮੁੱਖ ਮੰਤਰੀ ਦੇ ਖਿਲਾਫ ਬੋਲਣਾ ਪਾਰਟੀ ਨੂੰ ਕਮਜ਼ੋਰ ਕਰਦਾ ਹੈ। ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਪਾਰਟੀ ਨੀਤੀਆਂ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਤੋਂ ਸ਼ਹਿਰੀ ਵੋਟਰਾਂ ਵਿੱਚ ਨਾਰਾਜ਼ਗੀ  ਦੇ ਚੱਲਦੇ ਮੁੱਖ ਮੰਤਰੀ ਨੇ ਲੋਕ ਹਿੱਤ ਵਿੱਚ ਇਨ੍ਹਾਂ ਦਾ ਵਿਭਾਗ ਬਦਲ ਦਿੱਤਾ ਸੀ ਅਤੇ ਹੁਣ ਵੀ ਇਨ੍ਹਾਂ ਨੇ ਪਾਰਟੀ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਦੂਜਾ ਵਿਭਾਗ ਜੁਆਇੰਨ ਨਹੀਂ ਕੀਤਾ, ਬਲਕਿ ਸਮੇਂ-ਸਮੇਂ ’ਤੇ ਪਾਰਟੀ ਨੇਤਾਵਾਂ ਅਤੇ ਮੁੱਖ ਮੰਤਰੀ ਦੇ ਖਿਲਾਫ਼ ਬੋਲਣ ਤੋਂ ਬਾਜ ਨਹੀਂ ਆਏ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੂਰਾ ਮਾਣ ਸਨਮਾਣ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਨਿਟ ਵਿੱਚ ਉਨ੍ਹਾਂ ਨੂੰ ਉੱਚ ਅਹੁੱਦਾ ਦਿੱਤਾ, ਇਸ ਦੇ ਬਾਵਜੂਦ ਉਹ ਪਾਰਟੀ ਅਤੇ ਜਨਤਾ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਹਿੱਤ ਲਈ ਕੰਮ ਕੀਤਾ ਹੈ ਅਤੇ ਜਨਤਾ ਦੀਆਂ ਭਾਵਨਾਵਾਂ ਨੂੰ ਪਹਿਲ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਾਰਟੀ ਦੀਆਂ ਨੀਤੀਆਂ ਅਤੇ ਅਨੁਸ਼ਾਸਨ ਦਾ ਵੀ ਬਹੁਤ ਮਹੱਤਵ ਹੈ, ਜਿਸ ਨਾਲ ਕਦੇ ਸਮਝੌਤਾ ਨਹੀਂ ਕੀਤਾ ਜਾ ਸਕਦਾ।