You are currently viewing ਸਿਵਲ ਹਸਪਤਾਲ ਨੂੰ ਮਿਲਣਗੇ 13 ਆਕਸੀਜਨ ਕੰਨਸਨਟਰੇਟਰ, ਮੰਗ, ਸਪਲਾਈ ਅਤੇ ਵਰਤੋਂ ਦਾ ਰਿਕਾਰਡ ਸੰਭਾਲ ਕੇ ਰੱਖਣ ਦੀਆਂ ਹਦਾਇਤਾ
ਸਿਵਲ ਹਸਪਤਾਲ ਜਲੰਧਰ ਵਿਖੇ ਆਕਸੀਜ਼ਨ

ਸਿਵਲ ਹਸਪਤਾਲ ਨੂੰ ਮਿਲਣਗੇ 13 ਆਕਸੀਜਨ ਕੰਨਸਨਟਰੇਟਰ, ਮੰਗ, ਸਪਲਾਈ ਅਤੇ ਵਰਤੋਂ ਦਾ ਰਿਕਾਰਡ ਸੰਭਾਲ ਕੇ ਰੱਖਣ ਦੀਆਂ ਹਦਾਇਤਾ

ਜਲੰਧਰ 23 ਅਪ੍ਰੈਲ (ਗੁਰਪ੍ਰੀਤ ਸਿੰਘ ਸੰਧੂ)- ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਆਕਸੀਜਨ ਦੀ ਮੰਗ ਨੂੰ ਘੱਟ ਕਰਨ ਲਈ ਸਿਵਲ ਹਸਪਤਾਲ 13 ਆਕਸੀਜਨ ਕੰਨਸਨਟਰੇਟਰ ਨੂੰ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਸਿਵਲ ਹਸਪਤਾਲ ਵਿਖੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਸੰਭਾਲ ਸਹੂਲਤਾਂ ਵਿੱਚ ਕੋਵਿਡ ਦੇ ਦਾਖਲ ਗੰਭੀਰ ਮਰੀਜ਼ਾਂ ਲਈ ਲੋੜੀਂਦੀ ਮਾਤਰਾ ਵਿੱਚ ਜੀਵਨ ਰੱਖਿਅਕ ਆਕਸੀਜਨ ਗੈਸ ਦੀ ਉਪਲਬੱਧਤਾ ਲਈ ਇਹ ਆਕਸੀਜਨ ਕੰਨਸਨਟਰੇਟਰ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਵਧੀਕ ਡਿਪਟੀ ਕਮਿਸ਼ਨਰ ਵਲੋਂ ਸਿਵਲ ਹਸਪਤਾਲ ਵਿਖੇ ਆਕਸੀਜਨ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਿਉਂਤਬੰਧੀ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਆਕਸੀਜਨ ਦੀ ਰੋਜ਼ਾਨਾ ਮੰਗ, ਸਪਲਾਈ ਅਤੇ ਵਰਤੋਂ ਸਬੰਧੀ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਵਲੋਂ ਇਸ ਕੀਮਤੀ ਗੈਸ ਨੂੰ ਬਰਬਾਦ ਹੋਣ ਤੋਂ ਰੋਕਣ ਲਈ ਪ੍ਰੈਸ਼ਰ ਮਾਪਣ ਵਾਲੀਆਂ ਗੇਜ਼ ਖ਼ਰੀਦੀਆਂ ਜਾ ਰਹੀਆਂ ਹਨ।

ਇਸ ਮੌਕੇ ਸ੍ਰੀ ਸਾਰੰਗਲ ਵਲੋਂ ਕੋਵਿਡ ਕੇਅਰ ਵਾਰਡ ਵਿੱਚ ਦਵਾਈਆਂ ਅਤੇ ਹੋਰ ਜਰੂਰੀ ਚੀਜਾਂ ਦੀ ਉਪਲੱਬਧਤਾ ਦਾ ਵੀ ਜਾਇਜ਼ਾ ਲੈਂਦਿਆਂ ਮੈਡੀਕਲ ਅਮਲੇ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਹਸਪਤਾਲ ਵਿੱਚ ਦਵਾਈਆਂ ਦੀ ਕੋਈ ਘਾਟ ਨਹੀਂ ਹੈ।

ਵਧੀਕ ਡਿਪਟੀ ਕਮਿਸ਼ਨਰ ਵਲੋਂ ਸਿਵਲ ਹਸਪਤਾਲ ਵਿਖੇ ਆਕਸੀਜਨ ਬਣਾਉਣ ਵਾਲੇ ਪਲਾਂਟ ਦਾ ਵੀ ਦੌਰਾ ਕੀਤਾ ਗਿਆ ਅਤੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਇਸ ਪਲਾਂਟ ਦੀ ਕਾਰਜਪ੍ਰਣਾਲੀ ’ਤੇ ਬਾਰੀਕੀ ਨਾਲ ਨਿਗ੍ਹਾ ਰੱਖੀ ਜਾਵੇ ਕਿਉਂਕਿ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਆਕਸੀਜਨ ਨੂੰ ਜਾਇਆ ਕਰਨ ਦੀ ਕੋਈ ਗੁੰਜ਼ਾਇਸ ਨਹੀਂ ਹੈ।