ਬ੍ਰਹਮ ਮਹਿੰਦਰਾ ਨੇ ਭਾਜਪਾ ਵਲੋਂ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ਐਲਾਨ ਦੱਸਿਆ ਹਾਸੋਹੀਣਾ 
ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ

ਬ੍ਰਹਮ ਮਹਿੰਦਰਾ ਨੇ ਭਾਜਪਾ ਵਲੋਂ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ਐਲਾਨ ਦੱਸਿਆ ਹਾਸੋਹੀਣਾ 

ਚੰਡੀਗੜ, 15 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ)- ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਵੱਲੋਂ ਸੂਬੇ ਵਿੱਚ ਸਰਕਾਰ ਬਣਨ ‘ਤੇ ਪਾਰਟੀ ਵੱਲੋਂ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ਬਿਆਨ ਨੂੰ ਹਾਸੋਹੀਣਾ ਦੱਸਿਆ ਹੈ। 

ਇੱਥੇ ਜਾਰੀ ਇਕ ਬਿਆਨ ਵਿੱਚ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਭਾਜਪਾ ਆਗੂ 2007 ਅਤੇ 2012 ਵਿੱਚ ਹਿੰਦੂ ਉਪ ਮੁੱਖ ਮੰਤਰੀ ਨਿਯੁਕਤ ਨਹੀਂ ਕਰ ਸਕੇ ਸਨ, ਜਦੋਂ ਉਹ ਅਸਾਨੀ ਨਾਲ ਅਜਿਹਾ ਕਰ ਸਕਦੇ ਸਨ।

ਉਹਨਾਂ ਦੱਸਿਆ ਕਿ 2007 ਵਿਚ ਅਕਾਲੀ ਦਲ ਸਰਕਾਰ ਪੂਰੀ ਤਰਾਂ ਭਾਜਪਾ ਦੇ ਸਮਰਥਨ ‘ਤੇ ਨਿਰਭਰ ਸੀ ਅਤੇ ਉਸ ਨੇ 21 ਵਿਚੋਂ 19 ਸੀਟਾਂ ਜਿੱਤੀਆਂ ਸਨ। ਉਨਾਂ ਕਿਹਾ ਕਿ ਉਦੋਂ ਉਹ ਇੱਕ ਹਿੰਦੂ ਨੂੰ ਉਪ ਮੁੱਖ ਮੰਤਰੀ ਨਹੀਂ ਬਣਾ ਸਕੇ ਅਤੇ ਹੁਣ ਜਦੋਂ ਸੂਬੇ ਵਿੱਚ ਪਾਰਟੀ ਦਾ ਵਜੂਦ ਨਹੀਂ ਰਿਹਾ, ਉਹ ਇੱਕ ਦਲਿਤ ਮੁੱਖ ਮੰਤਰੀ ਬਣਾਉਣ ਦੀ ਘੋਸ਼ਣਾ ਕਰ ਰਹੇ ਹਨ। 

ਸ੍ਰੀ ਮਹਿੰਦਰਾ ਨੇ ਕਿਹਾ, “ਭਾਜਪਾ ਨੇ ਹਮੇਸਾ ਹੀ ਹਿੰਦੂਆਂ ਅਤੇ ਹਿੰਦੂਤਵ ਦੀ ਪੈਰਵੀ ਕਰਨ ਦਾ ਦਾਅਵਾ ਕੀਤਾ ਹੈ, ਪਰ ਜਦੋਂ ਪਾਰਟੀ ਨੂੰ ਪੰਜਾਬ ਵਿੱਚ ਇੱਕ ਹਿੰਦੂ ਉਪ ਮੁੱਖ ਮੰਤਰੀ ਨਿਯੁਕਤ ਕਰਨ ਦਾ ਮੌਕਾ ਮਿਲਿਆ ਸੀ ਤਾਂ ਪਾਰਟੀ ਨੇ ਆਪਣੇ ਸੌੜੇ ਹਿੱਤਾਂ ਲਈ ਇਸ ਨੂੰ ਸਿਰੇ ਨਾ ਚੜਨ ਦਿੱਤਾ।” 

ਭਾਜਪਾ ਵੱਲੋਂ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ਐਲਾਨ ਦਾ ਜਿਕਰ ਕਰਦਿਆਂ ਸੀਨੀਅਰ ਕਾਂਗਰਸੀ ਮੰਤਰੀ ਨੇ ਕਿਹਾ, “ਪਾਰਟੀ ਦੀ ਭਰੋਸੇਯੋਗਤਾ ਖ਼ਤਮ ਹੋ ਗਈ ਹੈ ਕਿਉਂਕਿ ਉਹ ਲੋਕਾਂ ਦੇ ਹਿੱਤਾਂ ਨੂੰ ਨਹੀਂ ਵੇਖ ਸਕੇ, ਜਿਸਦਾ ਉਹ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੇ ਹਨ ਤਾਂ ਉਹ ਦੂਜਿਆਂ ਦੇ ਹਿੱਤਾਂ ਨੂੰ ਕਿਵੇਂ ਦੇਖ ਸਕਦੇ ਹਨ।” ਉਨਾਂ ਕਿਹਾ ਕਿ ਇਹ ਸਿਰਫ ਬਚਾਅ ਦੀਆਂ ਚਾਲਾਂ ਹਨ ਜੋ ਪਾਰਟੀ ਨੂੰ ਕਿਸੇ ਵੀ ਤਰੀਕੇ ਨਾਲ ਸਹਾਇਤਾ ਨਹੀਂ ਕਰ ਸਕਦੀਆਂ।