You are currently viewing  ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ
ਜਵਾਨੀ ਵੇਲੇ ਦੀ ਤਸਵੀਰ, ਕੈਪਟਨ ਅਮਰਿੰਦਰ ਸਿੰਘ

 ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ

ਚੰਡੀਗੜ੍ਹ, 14 ਅਪ੍ਰੈਲ (ਕੇਸਰੀ ਨਿਊ਼ਜ਼ ਨੈੱਟਵਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਵਧ ਰਹੇ ਕੇਸਾਂ ਦਾ ਹਵਾਲਾ ਦਿੰਦੇ ਹੋਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਅਨਸ਼ਿਚਤਤਾ ਨੂੰ ਦੂਰ ਕੀਤਾ ਜਾ ਸਕੇ।
          ਮੁੱਖ ਮੰਤਰੀ ਨੇ ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰੀਆਲ ਨਿਸ਼ੰਕ ਨੂੰ ਲਿਖੇ ਪੱਤਰ ਵਿਚ ਮੌਜੂਦਾ ਸਥਿਤੀ ਅਤੇ ਦਬਾਅ ਦਾ ਜਿਕਰ ਕਰਦਿਆਂ ਕਿਹਾ,”ਇਹੀ ਮੁਨਾਸਬ ਹੋਵੇਗਾ ਕਿ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਤੁਰੰਤ ਲਿਆ ਜਾਵੇ।“ ਉਨ੍ਹਾਂ ਕਿਹਾ ਕਿ ਇਸ ਨਾਲ ਕੇਂਦਰ ਸਰਕਾਰ ਅਤੇ ਸੂਬਿਆਂ ਨੂੰ ਇਕ ਵਾਰ ਸਥਿਤੀ ਸੁਖਾਵੀਂ ਹੋ ਜਾਣ ‘ਤੇ ਪ੍ਰੀਖਿਆਵਾਂ ਬਿਹਤਰ ਢੰਗ ਨਾਲ ਕਰਵਾਉਣ ਦੀ ਯੋਜਨਾ ਬਣਾਉਣ ਦੀ ਵੀ ਇਜਾਜ਼ਤ ਮਿਲੇਗੀ।
          ਕੇਂਦਰੀ ਮੰਤਰੀ ਦੇ ਛੇਤੀ ਦਖ਼ਲ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਅਨੁਮਾਨ ਲਾਉਣਾ ਔਖਾ ਹੈ ਕਿ ਕੋਵਿਡ ਕੇਸਾਂ ਵਿਚ ਵਾਧਾ ਕਦੋਂ ਰੁਕੇਗਾ ਅਤੇ ਅਸੀਂ ਰੁਝਾਨ ਵਿਚ ਕਮੀ ਕਦੋਂ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬੇ ਇਸ ਵੇਲੇ ਦੂਜੀ ਲਹਿਰ ਦੇ ਵੱਖ-ਵੱਖ ਪੜਾਵਾਂ ਉਤੇ ਹਨ ਅਤੇ ਕੁਝ ਸੂਬਿਆਂ ਵਿਚ ਪਹਿਲਾਂ ਹੀ ਪੀਕ ਆਉਣ ਦੀ ਸੰਭਾਵਨਾ ਹੈ ਜਦਕਿ ਇਸਦੇ ਮੁਕਾਬਲੇ ਕਈ ਸੂਬਿਆਂ ਵਿਚ ਵਾਧਾ ਬਾਅਦ ਵਿਚ ਸ਼ੁਰੂ ਹੋਇਆ। ਉਨ੍ਹਾਂ ਨੇ ਪ੍ਰੀਖਿਆਵਾਂ ਤੁਰੰਤ ਮੁਲਤਵੀ ਕਰਨ ਦੀ ਅਪੀਲ ਕੀਤੀ।
          ਕੌਮੀ ਪੱਧਰ ਦੇ ਕੋਵਿਡ ਅੰਕੜਿਆਂ ਦੀ ਹਵਾਲਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਬਹੁਤ ਸੂਬਿਆਂ ਵਿਚ ਕੋਵਿਡ ਕੇਸਾਂ ਵਿਚ ਲਗਾਤਾਰ ਹੋਏ ਵਾਧੇ ਨਾਲ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਵਿਦਿਆਰਥੀਆਂ ਅਤੇ ਮਾਪਿਆਂ ਵਿਚ ਵੱਡੀ ਚਿੰਤਾ ਅਤੇ ਪ੍ਰੇਸ਼ਾਨੀ ਦੀ ਭਾਵਨਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਸੂਬਾ ਸਰਕਾਰ ਨੂੰ ਕਈ ਪਾਸਿਆਂ ਤੋਂ ਸਟੇਟ ਬੋਰਡ ਦੇ ਨਾਲ-ਨਾਲ ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਸੀ. ਦੇ ਬੋਰਡ ਇਮਤਿਹਾਨ ਮੁਲਤਵੀ ਕਰਨ ਦੀ ਮੰਗ ਕਰਦੀਆਂ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ।
          ਸੀ.ਬੀ.ਐਸ.ਈ. ਦੀਆਂ ਬੋਰਡ ਪ੍ਰੀਖਿਆਵਾਂ ਮੌਜੂਦਾ ਸਮੇਂ ਮੁਤਾਬਕ 4 ਮਈ ਤੋਂ ਸ਼ੁਰੂ ਹੋ ਰਹੀਆਂ ਹਨ। ਪੰਜਾਬ ਸਿੱਖਿਆ ਬੋਰਡ ਨੇ ਵੀ ਮੁੱਖ ਤੌਰ ਉਤੇ ਆਪਣੀਆਂ ਤਰੀਕਾਂ ਸੀ.ਬੀ.ਐਸ.ਆਈ. ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਨਾਲ ਜੋੜ ਦਿੱਤੀਆਂ ਹਨ।