You are currently viewing ਵੱਡੀਆਂ ਘਟਨਾਵਾਂ : ਅੱਜ ਤੋਂ ਨਵੀਆਂ ਲੀਹਾਂ ਉੱਪਰ ਚਲੇਗਾ ਕਿਸਾਨੀ ਸੰਘਰਸ਼ ?
ਸੰਪਾਦਕ ਸ਼ਾਹੀ ਗੁਰਪ੍ਰੀਤ ਸਿੰਘ ਸੰਧੂ ਕੇਸਰੀ ਵਿਰਾਸਤ

ਵੱਡੀਆਂ ਘਟਨਾਵਾਂ : ਅੱਜ ਤੋਂ ਨਵੀਆਂ ਲੀਹਾਂ ਉੱਪਰ ਚਲੇਗਾ ਕਿਸਾਨੀ ਸੰਘਰਸ਼ ?

ਪੰਜਾਬ ਦੇ ਕਿਸਾਨਾਂ ਦੀ ਅਗਵਾਈ ਹੇਠ ਉੱਤਰ ਭਾਰਤ ਦੇ ਐਮ.ਐਸ.ਪੀ. ਸਹੂਲਤ ਹਾਸਲ ਸੂਬਿਆਂ ਦੇ ਕਿਸਾਨਾ ਵਲੋਂ ਲੜਿਆ ਜਾ ਰਿਹਾ ਕਿਸਾਨੀ ਸੰਘਰਸ਼ ਹੁਣ ਨਵੀਆਂ ਲੀਹਾਂ ਉੱਪਰ ਚਲਣ ਲਈ ਪਰ ਤੋਲਦਾ ਨਜ਼ਰ ਆ ਰਿਹਾ ਹੈ।

ਅਜਿਹੀਆਂ ਕਨਸੋਆਂ ਪੰਜਾਬ ਦੇ ਜਿਲਾ ਰੂਪਨਗਰ ਵਿਚ ਰੋਪੜ-ਚੰਡੀਗੜ ਨੈਸ਼ਨਲ ਹਾਈਵੇ ਉੱਪਰ ਵਾਪਰੀ ਇਕ ਅਜਿਹੀ ਘਟਨਾ ਤੋਂ ਮਿਲ ਰਹੀਆਂ ਹਨ। ਦਰਅਸਲ ਸੋਲਖੀਆਂ ਟੋਲ ਪਲਾਜ਼ਾ ਦੇ ਨਜਦੀਕ ਸੰਘਰਸ਼ ਕਰ ਰਹੇ ਕਿਸਾਨਾ ਨੇ ਦਰਜਨਾ ਅਜਿਹੇ ਟਰੱਕ ਦੇਖੇ ਜਿਹਨਾ ਵਿਚ ਕਣਕ ਭਰੀ ਹੋਈ ਸੀ। ਪਰ ਸੂਬੇ ਵਿਚ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋਣ ਦੇ ਬਾਵਜੂਦ 9 ਅਪ੍ਰੈਲ ਨੂੰ ਹੀ ਦਰਜਨਾ ਕਣਕ ਦੇ ਭਰੇ ਟਰੱਕਾਂ ਦੀ ਮੌਜੂਦਗੀ ਨੇ ਕਿਸਾਨਾ ਦਾ ਧਿਆਨ ਖਿੱਚਿਆ। ਜਾਂਚ ਕਰਨ ਉੱਪਰ ਪਤਾ ਲੱਗਾ ਕਿ ਇਹਨਾ ਟਰੱਕਾਂ ਵਿਚ ਭਰੀ ਹੋਈ ਕਣਕ ਕਿਸੇ ਪੰਜਾਬ ਦੀ ਮੰਡੀ ਵਿਚੋਂ ਖਰੀਦੀ ਗਈ ਕਣਕ ਨਹੀਂ ਬਲਕਿ ਪੰਜਾਬ ਦੀਆਂ ਮੰਡੀਆਂ ਵਿਚ ਐਮ.ਐਸ.ਪੀ. ਉੱਪਰ ਵੇਚਣ ਲਈ ਕੁਝ ਆੜਤੀਆਂ ਦੇ ਭੇਸ ਵਿਚ ਲੁਕੇ ਅਨਸਰਾਂ ਵਲੋਂ ਲਿਆਂਦੀ ਗਈ ਕਣਕ ਸੀ। 

ਇਸ ਤੋਂ ਬਾਅਦ ਕਿਸਾਨਾਂ ਨੇ ਰੋਪੜ-ਚੰਡੀਗੜ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰਕੇ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਵਾਉਣ ਲਈ ਮੋਰਚਾ ਲਾ ਦਿੱਤਾ। ਹਲਕੇ ਦੇ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਇਸ ਮੌਕੇ ਪੁੱਜੇ । ਪੰਜਾਬ ਦੇ ਕਿਸਾਨਾਂ ਵਲੋਂ ਉਗਾਈ ਗਈ ਕਣਕ ਦੀ ਥਾਂ ਉਹਨਾ ਦੇ ਨਾਂ ਉੱਪਰ ਸਸਤੇ ਭਾਅ ਰਾਜਸਥਾਨ, ਮੱਧ ਪ੍ਰਦੇਸ਼ ਆਦਿ ਤੋਂ ਲਿਆ ਕੇ ਮੁਨਾਫਾਖੋਰ ਆੜਤੀਆਂ ਅਤੇ ਸ਼ੈਲਰ ਮਾਲਕਾਂ ਵਲੋਂ ਲਿਆ ਕੇ ਘੱਟ ਤੋਂ ਘੱਟ ਸਮਰਥਨ ਮੁੱਲ ਉੱਪਰ ਵੇਚ ਕੇ ਪੰਜਾਬ ਦੇ ਕਿਸਾਨਾ ਨਾਲ ਧੋਖਾ ਕਰਨ ਦੀ ਗੱਲ ਨੂੰ ਉਹਨਾ ਨੇ ਪੂਰੇ ਜ਼ੋਰ ਨਾਲ ਉਭਾਰਿਆ। ਇਸ ਦੌਰਾਨ ਇਹ ਗੱਲ ਵੀ ਉਭਰਨ ਲੱਗੀ ਕਿ ਹੁਣ ਤਕ ਕੇਂਦਰ ਦੀ ਮੋਦੀ ਸਰਕਾਰ ਨੂੰ ਹੀ ਆਪਣੇ ਖਿਲਾਫ਼ ਸਾਜਿਸ਼ ਕਰਤਾ ਸਮਝਣ ਵਾਲੇ ਕਿਸਾਨਾਂ ਨਾਲ ਪੰਜਾਬ ਸਰਕਾਰ ਵੀ ਕਥਿਤ ਦੋਗਲੀ ਨੀਤੀ ਖੇਡ ਰਹੀ ਹੈ। 

ਕਿਸਾਨ ਮਹਿਸੂਸ ਕਰ ਰਹੇ ਸਨ ਕਿ ਪੰਜਾਬ ਵਿਚ ਬਾਹਰਲੇ ਸੂਬਿਆਂ ਤੋਂ ਇਸ ਤਰਾਂ ਕਣਕ ਸੂਬਾ ਸਰਕਾਰ ਦੀ ਕਥਿਤ ਮਿਲੀਭਗਤ ਤੋਂ ਬਗੈਰ ਤਾਂ ਨਹੀਂ ਆ ਸਕਦੀ। ਕਿਸਾਨਾ ਵਿਚ ਇਹ ਘੁਸਰ ਮੁਸਰ ਵੀ ਹੋਣ ਲੱਗੀ ਕਿ ਪੰਜਾਬ ਸਰਕਾਰ ਦਾ  ਵਤੀਰਾ ਵੀ ਕਿਸਾਨ ਹਿੱਤਾਂ ਨਾਲੋਂ ਮੁਨਾਫ਼ਾਖ਼ੋਰ ਆੜਤੀਆਂ ਦੇ ਹਿੱਤਾਂ ਵਲ ਵਧੇਰੇ ਹਿਤੈਸ਼ੀ ਦਿਖਾਈ ਦੇ ਰਿਹਾ ਹੈ। ਇਸ ਲਈ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਘੇਰਨ ਦੀ ਗੱਲ ਮੂੰਹੋ ਮੂੰਹੀ ਚਲਣ ਲੱਗੀ। ਇਹ ਗੱਲ ਇੰਟੈਲੀਜੈਂਸ ਰਾਹੀਂ ਸਰਕਾਰ ਦੇ ਕੰਨਾਂ ਤਕ ਵੀ ਪੁੱਜੀ ਤਾਂ ਤੁਰੰਤ ਹੀ ਗੋਂਗਲੂਆਂ ਉੱਪਰੋਂ ਮਿੱਟੀ ਝਾੜਨ ਦੀ ਕਵਾਇਦ ਸ਼ੁਰੂ ਕਰਵਾ ਦਿੱਤੀ ਗਈ। 

ਨਤੀਜੇ ਵਜੋਂ ਸ਼ਾਇਦ ਪੰਜਾਬ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਜਦੋਂ ਸਰਕਾਰ ਨੇ ਬਠਿੰਡਾ ਅਤੇ ਫਿਰੋਜ਼ਪੁਰ ਵਿਚ ਕੁਝ ਆੜਤੀ ਫਰਮਾਂ ਉੱਪਰ ਛਾਪਾ ਮਾਰ ਕੇ ਅਜਿਹੀ ਕਣਕ ਦੀਆਂ ਹਜ਼ਾਰਾਂ ਬੋਰੀਆਂ ਬਰਾਮਦ ਕਰ ਲਈਆਂ ਗਈਆਂ ਜਿਹਨਾ ਨੂੰ ਗਵਾਂਢੀ ਸੂਬਿਆਂ ਵਿਚੋਂ ਸਸਤੇ ਭਾਅ ਖਰੀਦ ਕੇ ਪੰਜਾਬ ਵਿਚ 10 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖਰੀਦ ਦੀ ਆੜ ਹੇਠ ਪਹਿਲਾਂ ਹੀ ਵੇਚ ਲਿਆ ਜਾਵੇ। ਇਸ ਤਰਾਂ ਰਾਤੋ ਰਾਤ ਪੰਜਾਬੀ ਕਿਸਾਨਾ ਵਲੋਂ ਉਗਾਈ ਗਈ ਕਣਕ ਦੀ ਥਾਂ ਲੱਖਾਂ ਟਨ ਕਣਕ ਆੜਤੀਆਂ ਵਲੋਂ ਖੁਦ ਹੀ ਵੇਚ ਦਿੱਤੀ ਜਾਣੀ ਸੀ। ਭੋਲੇ ਕਿਸਾਨ ਜੋ ਅੱਜ ਵੀ ਆੜਤੀ ਨੂੰ ਆਪਣੇ ਲਈ ਬਹੁਤ ਹਿੱਤਕਾਰੀ ਸਮਝਣ ਦੀ ਭੁੱਲ ਕਰ ਰਹੇ ਹਨ, ਇਸ ਆੜਤੀ ਵਰਗ ਵਿਚ ਲੁਕੀਆਂ ਕਾਲੀਆਂ ਭੇਡਾਂ ਦੇ ਕਿਸਾਨ ਲੋਟੂ ਘਾਤਕ ਮਨਸੂਬਿਆਂ ਤੋਂ ਪੂਰੀ ਤਰਾਂ ਅਨਜਾਣ ਹਨ।

ਖੈਰ ਸ਼ਾਮ ਹੁੰਦੇ ਹੁੰਦੇ ਪੰਜਾਬ ਭਰ ਵਿਚ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲਣ ਲੱਗੀ ਅਤੇ ਪੰਜਾਬ ਸਰਕਾਰ ਨੂੰ ਮਰਦੀ ਨੇ ਅੱਕ ਚੱਬਿਆ ਵਾਲੀ ਕਹਾਵਤ ਅਨੁਸਾਰ ਨਾ ਚਾਹੁੰਦੇ ਹੋਏ ਵੀ ਮੁਨਾਫਾਖੋਰ ਅਤੇ ਕਿਸਾਨ ਲੋਟੂ ਆੜਤੀਆਂ ਖਿਲਾਫ ਕਾਰਵਾਈ ਕਰਨੀ ਪਈ। 

ਇਹਨਾ ਘਟਨਾਵਾਂ ਤੋਂ ਬਾਅਦ ਕਿਸਾਨ ਵਰਗ ਵਿਚ ਤੇਜੀ ਨਾਲ ਇਹ ਚਰਚਾ ਚਲਣ ਲਗ ਪਈ ਹੈ ਕਿ ਕਿਤੇ ਨਾ ਕਿਤੇ ਆੜਤੀ ਵਰਗ ਉੱਪਰ ਕੇਂਦਰ ਸਰਕਾਰ ਵਲੋਂ ਕੁਝ ਬੰਦਿਸ਼ਾਂ ਲਗਾਉਣਾ ਸ਼ਾਇਦ ਕਿਸਾਨ ਹਿੱਤਾਂ ਵਿਚ ਹੀ ਹੈ। ਇਸ ਲਈ ਆਉਣ ਵਾਲੇ ਦਿਨਾ ਵਿਚ ਜਿਸ ਕਿਸਾਨ ਸੰਘਰਸ਼ ਨੂੰ ਭਾਜਪਾ ਅਤੇ ਕੇਂਦਰ ਸਰਕਾਰ ਵਲੋਂ ਮੁਨਾਫ਼ਾਖ਼ੋਰ ਵਿਚੋਲਿਆਂ ਦੀ ਸ਼ਰਾਰਤ ਦੱਸੀ ਜਾ ਰਹੀ ਸੀ, ਉਸ ਪੱਖ ਨੂੰ ਵੀ ਕੁਝ ਬਲ ਮਿਲਦਾ ਦਿਖਾਈ ਦੇ ਰਿਹਾ ਹੈ।

ਅਜਿਹੇ ਵਕਤ ਵਿਚ ਜਦੋਂ ਸਿਰਫ ਤੇ ਸਿਰਫ ਕੇਂਦਰ ਸਰਕਾਰ, ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਣਾਏ ਜਾ ਰਹੇ ਖੇਤੀ ਉਤਪਾਦਾਂ ਦੀ ਮਾਰਕੀਟਿੰਗ ਨਾਲ ਸਬੰਧਤ ਤਿੰਨ ਕਾਨੂੰਨਾਂ ਨੂੰ ਹੀ ਕਿਸਾਨਾਂ ਲਈ ਸਭ ਤੋਂ ਘਾਤਕ ਮੰਨ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਅੰਦੋਲਨ ਕਰ ਰਹੇ ਕਿਸਾਨਾਂ ਵਿਚ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਵਾਂਗ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਵੀ ਪੈਦਾ ਹੋ ਰਹੀ ਸ਼ੱਕ ਦੀ ਨਜ਼ਰ ਇਸ ਸੰਘਰਸ਼ ਨੂੰ ਇੱਕ ਅਣਕਿਆਸੇ ਰਾਹ ਪਾਉਣ ਦੇ ਸਮਰੱਥ ਦਿਖਾਈ ਦੇ ਰਹੀ ਹੈ। ਦੇਖਣਾ ਬਾਕੀ ਹੈ ਕਿ ਪੰਜਾਬ ਦਾ ਸੂਝਵਾਨ ਕਿਸਾਨ ਇਹਨਾ ਸਰਗਰਮੀਆਂ ਨੂੰ ਕਿੰਨੀ ਕੁ ਪਾਰਖੂ ਨਜ਼ਰ ਨਾਲ ਦੇਖ ਅਤੇ ਸਮਝ ਪਾਉਂਦਾ ਹੈ। 

ਗੁਰਪ੍ਰੀਤ ਸਿੰਘ ਸੰਧੂ