You are currently viewing ਬਾਹਰੀ ਰਾਜਾਂ ਤੋਂ ਰੋਪੜ ਵਿਚ ਆਏ ਕਣਕ ਦੇ 50 ਟਰੱਕ ਕਿਸਾਨਾਂ ਨੇ ਕੀਤੇ ਬੇਨਕਾਬ
ਕਿਸਾਨਾਂ ਨੇ ਰੂਪਨਗਰ ਵਿਚ ਰੋਕੇ 50 ਟਰੱਕ

ਬਾਹਰੀ ਰਾਜਾਂ ਤੋਂ ਰੋਪੜ ਵਿਚ ਆਏ ਕਣਕ ਦੇ 50 ਟਰੱਕ ਕਿਸਾਨਾਂ ਨੇ ਕੀਤੇ ਬੇਨਕਾਬ

-ਰੋਪੜ -ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ

-ਮੌਕੇ ਤੇ ਪਹੁੰਚੇ ਵਿਧਾਇਕ ਨੇ ਜ਼ਿਲ੍ਹਾ ਫੂਡ ਸਪਲਾਈ ਅਫਸਰ ਫੜ ਕੇ ਘੜੀਸਣ ਦੀ ਕਹੀ ਗੱਲ

ਰੂਪਨਗਰ (ਕੇਸਰੀ ਨਿਊਜ਼ ਨੈੱਟਵਰਕ)- ਅੱਜ ਰੂਪਨਗਰ ਦੇ ਵਿਚ ਕਿਸਾਨਾਂ ਵੱਲੋਂ ਰੋਪੜ- ਚੰਡੀਗੜ੍ਹ ਨੈਸ਼ਨਲ ਹਾਈਵੇਅ ਨੂੰ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਕਿਸਾਨਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਾ ਦੋਗਲਾ ਚਿਹਰਾ ਨੰਗਾ ਹੋ ਰਿਹਾ ਹੈ ਅਤੇ ਉਹ ਕਿਸਾਨਾਂ ਦੇ ਨਾਲ ਧੋਖਾ ਕਰ ਰਹੀ ਹੈ। ਇਹ ਸਾਰਾ ਮਾਮਲਾ ਸਮੇਂ ਭਖਿਆ ਜਦੋਂ ਰੂਪਨਗਰ ਦੇ ਪਿੰਡ ਸੋਲਖੀਆਂ ਵਿਚ ਬਣੀ ਆਟਾ ਮਿੱਲ ਦੇ ਵਿਚ ਬਾਹਰੀ ਰਾਜਾਂ ਤੋਂ ਆਈ ਕਣਕ ਦੇ ਪੰਜਾਹ ਟਰੱਕਾਂ ਨੂੰ ਕਿਸਾਨਾਂ ਨੇ ਘੇਰ ਲਿਆ। ਕਿਸਾਨਾਂ ਦਾ ਦੋਸ਼ ਸੀ ਕਿ ਪੰਜਾਬ ਸਰਕਾਰ ਇੱਕ ਪਾਸੇ ਉਹਨਾ ਦੀ ਹਿਤੈਸ਼ੀ ਬਣਕੇ ਦਿਖਾ ਰਹੀ ਹੈ ਪਰ ਦੂਜੇ ਪਾਸੇ ਦੂਜੇ ਰਾਜਾਂ ਤੋਂ ਘੱਟ ਕੀਮਤ ਵਿਚ ਲਿਆ ਕੇ ਪੰਜਾਬ ਵਿਚ ਐਮ.ਐਸ.ਪੀ. ਉੱਪਰ ਵੇਚੀ ਜਾ ਰਹੀ ਕਣਕ ਦੇ ਮੁਲਜ਼ਮਾਂ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਤਰਾਂ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ।

ਇਸ ਧਰਨੇ ਮੌਕੇ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਕਿਸਾਨਾਂ ਨਾਲ ਆ ਕੇ ਬੈਠ ਗਏ। ਜਿੱਥੇ ਸੰਦੋਆ ਨੇ ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉੱਥੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਰੂਪਨਗਰ ਦੇ ਡੀ. ਐੱਫ. ਸੀ. ਅਫਸਰ ਤੇ ਵੀ ਤਿੱਖਾ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਫੂਡ ਸਪਲਾਈ ਅਫਸਰ ਦੀ ਮਿਲੀ ਭੁਗਤ ਬਗੈਰ ਕਿਵੇਂ ਹੋ ਸਕਦਾ ਹੈ। ਉਹਨਾ ਹੋਰ ਕਿਹਾ ਕਿ ਜੇਕਰ ਅਜਿਹਾ ਹੋਣਾ ਨਹੀਂ ਬੰਦ ਹੁੰਦਾ ਤਾਂ ਉਹ ਇਸ ਖ਼ਿਲਾਫ਼ ਐਕਸ਼ਨ ਲੈਣ ਨੂੰ ਮਜਬੂਰ ਹੋਣਗੇ।

ਕਿਸਾਨਾਂ ਵੱਲੋਂ ਬੀਤੀ ਸ਼ਾਮ ਤੋਂ ਹੀ ਉੱਪਰ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਰੋਸ ਪ੍ਰਦਰਸ਼ਨ ਕਰ ਧਰਨਾ ਦਿੱਤਾ ਜਾ ਰਿਹਾ ਸੀ ਤੇ ਦੇਰ ਸ਼ਾਮ ਹੀ ਕੱਲ੍ਹ ਕਿਸਾਨਾਂ ਵੱਲੋਂ ਕਣਕ ਦੇ ਭਰੇ ਟਰੱਕ ਘੇਰੇ ਗਏ ਸਨ। ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਸ ਮਾਮਲੇ ਸਬੰਧੀ ਕੋਈ ਧਿਆਨ ਨਾ ਦੇਣ ਤੇ ਕਿਸਾਨ ਕਾਫੀ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਕਈ ਘੰਟਿਆਂ ਤੱਕ ਬੰਦ ਸੜਕੀ ਆਵਾਜਾਈ ਨੂੰ ਬੰਦ ਰੱਖਿਆ ਗਿਆ। ਇਸ ਧਰਨੇ ਨਾਲ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਇਸ ਜਾਮ ਵਿਚ ਫਸੇ ਰਹੇ । 

ਇਸ ਦੌਰਾਨ ਪੰਜਾਬ ਸਰਕਾਰ ਨੇ ਵੀ ਲੋਕ ਸੰਪਰਕ ਵਿਭਾਗ ਰਾਹੀਂ ਇੱਕ ਪ੍ਰੈਸ ਰਿਲੀਜ਼ ਰਾਹੀਂ ਪੰਜਾਬ ਦੇ ਫਿਰੋਜ਼ਪੁਰ ਅਤੇ ਬਠਿੰਡਾ ਖੇਤਰ ਵਿਚ ਗਵਾਂਢੀ ਸੂਬਿਆਂ ਤੋਂ ਲਿਆ ਕੇ ਐਮ.ਐਸ.ਪੀ. ਉੱਪਰ ਪੰਜਾਬ ਵਿਚ ਵੇਚਣ ਲਈ ਰੱਖੀ ਗਈ ਕਣਕ ਨੂੰ ਬਰਾਮਦ ਕਰਦੇ ਹੋਏ ਆੜਤੀਆਂ ਖਿਲਾਫ਼ ਪਰਚੇ ਦਰਜ ਕੀਤੇ ਜਾਣ ਦੀ ਗੱਲ ਕੀਤੀ ਹੈ।

ਇਸਤੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਵਲੋਂ ਜੋ ਕੋਸ਼ਿਸ਼ ਕਿਸਾਨ ਹਿੱਤਾਂ ਨੂੰ ਢਾਹ ਲਗਾਉਣ ਵਾਲੇ ਆੜਤੀ ਵਰਗ ਨੂੰ ਨਕੇਲ ਪਾਉਣ ਦੀ ਕੀਤੀ ਜਾ ਰਹੀ ਹੈ ਉਸ ਕਾਰਵਾਈ ਦੇ ਬਿਲਕੁਲ ਜਾਇਜ਼ ਅਤੇ ਕਿਸਾਨ ਹਿੱਤਾਂ ਵਿਚ ਹੋਣ ਤੇ ਮੋਹਰ ਲੱਗ ਗਈ ਹੈ। ਚਰਚਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦਾ ਜੋ ਦਾਅਵਾ ਕਰ ਰਹੀ ਹੈ ਉਸ ਵਿਚ ਸਭਤੋਂ ਵੱਡੀ ਅੜਚਣ ਵਜੋਂ ਕਿਸਾਨ ਵਰਗ ਦੀ ਪੁੱਤਾਂ ਵਾਂਗ ਪਾਲੀ ਫਸਲ ਦੀ ਆੜ ਹੇਠ ਗਵਾਂਢੀ ਸੂਬਿਆਂ ਤੋਂ ਘੱਟ ਭਾਅ ਉੱਪਰ ਖਰੀਦੀ ਗਈ ਫਸਲ ਨੂੰ ਲਿਆ ਕੇ ਪੰਜਾਬ ਦੇ ਕਿਸਾਨਾਂ ਦੇ ਨਾਂ ਉੱਪਰ ਐਮ.ਐਸ.ਪੀ. ਉੱਪਰ ਵੇਚਣ ਦੀ ਘਪਲੇਬਾਜ਼ੀ ਕਾਰਨ ਆਉਂਦੀ ਸਮਝ ਰਹੀ ਹੈ। 

ਕਿਸਾਨਾਂ ਵਲੋਂ ਫੜੇ ਗਏ ਅਜਿਹੇ 50 ਟਰੱਕਾਂ ਤੋਂ ਇਲਾਵਾ ਫਿਰੋਜ਼ਪੁਰ ਅਤੇ ਬਠਿੰਡਾ ਵਿਚ ਫੜੀ ਗਈ ਵੱਡੀ ਮਾਤਰਾ ਵਿਚ ਕਣਕ ਇਸ ਗੱਲ ਉੱਪਰ ਮੋਹਰ ਲਗਾ ਰਹੀ ਹੈ ਕਿ ਕੇਂਦਰ ਵਲੋਂ ਲਿਆਂਦੇ ਗਏ ਖੇਤੀ ਮੰਡੀਕਰਨ ਸਬੰਧੀ ਤਿੰਨੇ ਕਾਨੂੰਨ ਪੂਰੀ ਤਰਾਂ ਬੇਮਾਇਨੇ ਤਾਂ ਨਹੀਂ ਹੋ ਸਕਦੇ।