ਦੋ ਹੋਰ ਪੰਜਾਬੀ ਖਿਡਾਰੀਆਂ ਨੇ ਓਲੰਪਿਕ ਵਿੱਚ ਥਾਂ ਬਣਾਕੇ ਕੀਤਾ ਪੰਜਾਬ ਦਾ ਨਾਂ ਰੌਸ਼ਨ
ਖੇਡ ਵਿਭਾਗ ਪੰਜਾਬ

ਦੋ ਹੋਰ ਪੰਜਾਬੀ ਖਿਡਾਰੀਆਂ ਨੇ ਓਲੰਪਿਕ ਵਿੱਚ ਥਾਂ ਬਣਾਕੇ ਕੀਤਾ ਪੰਜਾਬ ਦਾ ਨਾਂ ਰੌਸ਼ਨ

-ਖੇਡ ਮੰਤਰੀ ਰਾਣਾ ਸੋਢੀ ਨੇ ਅੰਗਦ ਵੀਰ ਸਿੰਘ ਅਤੇ ਅੰਜੁਮ ਮੌਦਗਿਲ ਨੂੰ ਦਿੱਤੀ ਵਧਾਈ

ਚੰਡੀਗੜ, 6 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ)-  ਸੂਬੇ ਦੇ ਦੋ ਹੋਰ ਖਿਡਾਰੀਆਂ ਅੰਜੁਮ ਮੌਦਗਿਲ ਅਤੇ ਅੰਗਦ ਵੀਰ ਸਿੰਘ ਨੇ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। 

ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ,ਜੋ ਖੁਦ ਆਪਣੇ ਸਮੇਂ ਦੇ ਚੰਗੇ ਨਿਸ਼ਾਨੇਬਾਜ਼ ਰਹੇ ਹਨ, ਨੇ ਵਧਾਈ ਦਿੰਦਿਆਂ ਕਿਹਾ ਕਿ ਅੰਗਦ ਵੀਰ ਸਿੰਘ ਬਾਜਵਾ ਨੇ ਓਲੰਪਿਕ ਵਿੱਚ ਸਕੀਟ ਈਵੈਂਟ ਵਿੱਚ ਅਤੇ ਅੰਜੁਮ ਮੌਦਗਿਲ ਨੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਅਤੇ 10 ਮੀਟਰ ਏਅਰ ਰਾਈਫਲ ਸਾਂਝੀ ਟੀਮ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ।

ਉਹਨਾਂ ਦੱਸਿਆ ਕਿ ਅੰਜੁਮ ਨੇ ਮੈਕਸੀਕੋ ਵਿਖੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਦੌਰਾਨ 50 ਮੀਟਰ ਰਾਈਫਲ 3 ਪੋਜ਼ੀਸ਼ਨ(3 ਪੀ) ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਅਤੇ ਉਹ ਸਾਲ 2019 ਵਿੱਚ ਚੋਣ ਕਮੇਟੀ ਵਲੋਂ ਅਰਜੁਨਾ ਐਵਾਰਡ ਲਈ ਚੁਣੇ ਗਏ 19 ਖਿਡਾਰੀਆਂ ਵਿੱਚੋਂ ਇੱਕ ਹੈ।

ਜ਼ਿਕਰਯੋਗ ਹੈ ਕਿ ਅੰਗਦ ਵੀਰ ਸਿੰਘ ਨੇ 2018 ਵਿੱਚ ਕੁਵੈਤ ਸਿਟੀ ਵਿਖੇ ਹੋਈ ਏਸ਼ੀਅਨ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਕੀਟ ਮੁਕਾਬਲੇ ਵਿੱਚ 60 ਵਿੱਚੋਂ 60 ਅੰਕ ਪ੍ਰਾਪਤ ਕਰਕੇ ਵਿਸ਼ਵ ਰਿਕਾਰਡ ਬਣਾ ਕੇ ਸੋਨ ਤਮਗਾ ਜਿੱਤਿਆ ਸੀ। ਭਾਰਤ ਵਲੋਂ ਵਿਸ਼ਵ ਜਾਂ ਮਹਾਂਦੀਪ ਪੱਧਰ ’ਤੇ ਸਕੀਟ ਮੁਕਾਬਲੇ ਵਿੱਚ ਜਿੱਤਿਆ ਇਹ ਪਹਿਲਾ ਸੋਨ ਤਮਗਾ ਸੀ। ਉਸਨੇ ਨੇਪਲਜ਼ ਵਿਖੇ ਸਾਲ 2019 ਸਮਰ ਯੁਨੀਵਰਸੀਆਡ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ । ਸਾਲ 2019 ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿੱਪ ਵਿੱਚ ਆਪਣੇ ਭਾਰਤੀ ਸਾਥੀ  ਮੈਰਾਜ ਅਹਿਮਦ ਖਾਨ ਨਾਲ ਉਸ ਨੇ ਇੱਕ ਵਾਰ ਫਿਰ ਸੋਨ ਤਮਗਾ ਜਿੱਤਿਆ। ਅੰਗਦ ਅਤੇ ਉਸ ਦੀ ਟੀਮ ਨੇ ਨਵੀਂ ਦਿੱਲੀ ਵਿਖੇ ਹੋਏ ਵਿਸ਼ਵ ਕੱਪ-2021 ਵਿੱਚ ਸਕੀਟ ਮੁਕਾਬਲੇ ਵਿੱਚ ਵੀ ਸੋਨ ਤਮਗਾ ਜਿੱਤਿਆ।