You are currently viewing ਪਹਿਲੇ ਦੋ ਦਿਨਾਂ ਵਿੱਚ ਜਲੰਧਰ ਤੋਂ ਏਨੀਆਂ ਔਰਤਾਂ ਨੇ ਕੀਤੀ ਸਰਕਾਰੀ ਬੱਸਾਂ ਵਿਚ ਮੁਫ਼ਤ ਯਾਤਰਾ
ਔਰਤਾਂ ਜਲੰਧਰ ਤੋਂ ਸਰਕਾਰੀ ਬੱਸ ਵਿਚ ਮੁਫ਼ਤ ਸਫਰ ਕਰਦੀਆਂ ਹੋਈਆਂ

ਪਹਿਲੇ ਦੋ ਦਿਨਾਂ ਵਿੱਚ ਜਲੰਧਰ ਤੋਂ ਏਨੀਆਂ ਔਰਤਾਂ ਨੇ ਕੀਤੀ ਸਰਕਾਰੀ ਬੱਸਾਂ ਵਿਚ ਮੁਫ਼ਤ ਯਾਤਰਾ

-ਲਾਭਪਾਤਰੀ ਔਰਤਾਂ ਨੇ ਇਸ ਉਪਰਾਲੇ ਨੂੰ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਕਰਾਰ ਦਿੱਤਾ

ਜਲੰਧਰ, 3 ਅਪ੍ਰੈਲ (ਗੁਰਪ੍ਰੀਤ ਸਿੰਘ ਸੰਧੂ)- ਪੰਜਾਬ ਦੀ  ਕੈਪਟਨ ਸਰਕਾਰ ਵੱਲੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਦੇ ਫੈਸਲੇ ਨੂੰ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਜਿਸ ਤਹਿਤ ਪਿਛਲੇ ਦੋ ਦਿਨਾਂ ਵਿਚ ਜਲੰਧਰ ਰੋਡਵੇਜ਼ ਡਿਪੂਆਂ ਤੋਂ 4949 ਔਰਤਾਂ ਨੇ ਸਰਕਾਰੀ ਬੱਸਾਂ ਵਿਚ ਮੁਫ਼ਤ ਯਾਤਰਾ ਦਾ ਲਾਭ ਲਿਆ ।

ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਤੇਜਿੰਦਰ ਸ਼ਰਮਾ ਅਤੇ ਨਵਰਾਜ ਬਾਤਿਸ਼ ਨੇ ਦੱਸਿਆ ਕਿ ਕੁੱਲ 4949 ਮਹਿਲਾ ਯਾਤਰੀਆਂ ਵੱਲੋਂ 1 ਅਤੇ 2 ਅਪ੍ਰੈਲ, 2021 ਨੂੰ ਦੋਵੇਂ ਡਿਪੂਆਂ ਦੀਆਂ 185 ਸਰਕਾਰੀ ਬੱਸਾਂ ਰਾਹੀਂ ਇਸ ਸਹੂਲਤ ਦਾ ਲਾਭ ਲਿਆ ਗਿਆ ਹੈ। ਸਕੀਮ ਦੀ ਸ਼ੁਰੂਆਤ ਵਾਲੇ ਦਿਨ ਲਗਭਗ 1529 ਔਰਤਾਂ ਨੇ ਮੁਫ਼ਤ ਯਾਤਰਾ ਕੀਤੀ ਜਦਕਿ ਅਗਲੇ ਦਿਨ 3462 ਲਾਭਪਾਤਰੀਆਂ ਨੇ ਇਸ ਸਹੂਲਤ ਦਾ ਲਾਭ ਉਠਾਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਯੋਜਨਾ ਤੇ ਹੁਣ ਤੱਕ ਕਾਫੀ ਰਾਸ਼ੀ ਖਰਚ ਕੀਤੀ ਗਈ ਹੈ।

ਜਨਰਲ ਮੈਨੇਜਰਾਂ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਦੀ ਅਧਿਕਾਰਤ ਤੌਰ ਤੇ ਸ਼ੁਰੂਆਤ ਭਾਵ 1 ਅਪ੍ਰੈਲ 2021 ਤੋਂ ਪਹਿਲਾਂ ਹੀ ਬੱਸਾਂ ਵਿੱਚ ਢੁੱਕਵੇਂ ਪ੍ਰਬੰਧ ਕਰ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਟਿਕਟਿੰਗ ਮਸ਼ੀਨਾਂ ਵਿੱਚ ਵੱਖ-ਵੱਖ ਸਾਫ਼ਟਵੇਅਰ ਅਪਡੇਟਸ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੱਸਾਂ ਵਿੱਚ ਪੈਨਿਕ ਬਟਨ ਅਤੇ ਜੀਪੀਐਸ ਟਰੈਕਿੰਗ ਪ੍ਰਣਾਲੀਆਂ ਦੀ ਸ਼ੁਰੂਆਤ ਕੀਤੀ ਗਈ।

                ਦੂਜੇ ਪਾਸੇ ਰਾਜ ਭਰ ਵਿੱਚ ਲਾਭਪਾਤਰੀ ਔਰਤਾਂ ਵੱਲੋਂ ਸੁਰੱਖਿਅਤਭਰੋਸੇਮੰਦ ਅਤੇ ਮੁਫ਼ਤ ਯਾਤਰਾ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕੈਪਟਨ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਰੋਜ਼ਾਨਾ ਯਾਤਰਾ ਕਰਨ ਵਾਲੀ ਸਰਬਜੀਤ ਕੌਰ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਸੂਬਾ ਸਰਕਾਰ ਦੇ ਫੈਸਲੇ ਨੂੰ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਉਸ ਨੇ ਕਿਹਾ ਕਿ ਔਰਤਾਂ ਨੂੰ ਮੁਫ਼ਤ ਬੱਸ ਸੇਵਾਵਾਂ ਤੋਂ ਇਲਾਵਾ ਪੈਨਿਕ ਬਟਨ ਅਤੇ ਬੱਸਾਂ ਦੀ ਜੀਪੀਐਸ ਟਰੈਕਿੰਗ ਉਨ੍ਹਾਂ ਵਿਚ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨਗੇ ।

                ਇਕ ਹੋਰ ਯਾਤਰੀ ਬਲਜੀਤ ਕੌਰ ਨੇ ਕਿਹਾ ਕਿ ਇਹ ਫੈਸਲਾ ਔਰਤਾਂ ਦੀ ਸਮਾਜਿਕ-ਆਰਥਿਕ ਭਲਾਈ ਦੇ ਨਜ਼ਰੀਏ ਤੋਂ ਲੰਮੇ ਸਮੇਂ ਲਈ ਪ੍ਰਭਾਵ ਪਾਵੇਗਾ ਕਿਉਂਕਿ ਇਸ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਦੀਆਂ ਲੜਕੀਆਂ ਉੱਚ ਸਿੱਖਿਆ ਅਤੇ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਕਰਨ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵੱਡੇ ਸ਼ਹਿਰਾਂ ਵਿਚ ਜਾਣ ਲਈ ਉਤਸ਼ਾਹਤ ਹੋਣਗੀਆਂ।