ਮਹਿਲਾ ਵੇਟਲਿਫਟਰ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦੇ ਸ਼ੱਕ ਵਿਚ ਮੁਅਤਲ
ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ਿਟਿਵ ਪਾਈ ਗਈ ਮਹਿਲਾ ਖਿਡਾਰਨ

ਮਹਿਲਾ ਵੇਟਲਿਫਟਰ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦੇ ਸ਼ੱਕ ਵਿਚ ਮੁਅਤਲ

ਪਟਿਆਲਾ (ਕੇਸਰੀ ਨਿਊਜ਼ ਨੈੱਟਵਰਕ)- ਇੱਥੋਂ ਦੇ ਰਾਸ਼ਟਰੀ ਖੇਡ ਸੰਸਥਾਨ (NIS) ਵਿਚ ਚਲ ਰਹੇ ਰਾਸ਼ਟਰੀ ਕੈਂਪ ਵਿਚ ਹਿੱਸਾ ਲੈ ਰਹੀ ਇਕ ਮਹਿਲਾ ਵੇਟ ਲਿਫਟਰ ਨੂੰ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ਿਟਿਵ ਪਾਏ ਜਾਣ ਉੱਪਰ ਮੁਅਤਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਮਹਿਲਾ ਰਾਸ਼ਟਰੀ ਰਿਕਾਰਡ ਹੋਲਡਰ ਹੈ ਅਤੇ ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲ ਜੇਤੂ ਵੀ ਰਿਹ ਚੁੱਕੀ ਹੈ। ਇਹ ਵੇਟ ਲਿਫਟਰ 16 ਤੋਂ 25 ਅਪ੍ਰੈਲ ਤਕ ਉਜਬੇਕਿਸਤਾਨ ਦੇ ਤਾਸ਼ਕੰਦ ਵਿਖੇ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਵਿਚ ਭਾਰਤ ਵਲੋਂ ਹਿੱਸਾ ਲੈਣਾ ਲਗਭਗ ਤੈਅ ਮੰਨਿਆ ਜਾ ਰਿਹਾ ਸੀ।

ਭਾਰਤੀ ਵੇਟਲਿਫਟਿੰਗ ਮਹਾਸੰਘ(IWLF) ਦੇ ਸੂਤਰ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪਾਬੰਦੀਸ਼ੁਦਾ ਪਦਾਰਥਾਂ ਦੀ ਜਾਂਚ ਦਾ ਨਤੀਜਾ ਦੋ ਕੁ ਹਫਤੇ ਪਹਿਲਾਂ ਆਇਆ ਸੀ ਜਿਸ ਵਿਚ ਉਹ ਪਾਜ਼ਿਟਿਵ ਪਾਈ ਗਈ ਸੀ। ਫਿਲਹਾਲ ਉਸਦੀ ਮੁਅੱਤਲੀ ਆਰਜ਼ੀ ਹੈ ਅਤੇ ਬੀ ਟੈਸਟ ਵਿਚ ਵੀ ਜੇਕਰ ਉਹ ਪਾਜ਼ਿਟਿਵ ਆ ਜਾਂਦੀ ਹੈ ਤਾਂ ਉਸ ਖਿਲਾਫ਼ ਕਾਰਵਾਈ ਤੈਅ ਹੈ। ਫਿਲਹਾਲ ਨਿਯਮਾਂ ਅਨੁਸਾਰ ਮਹਿਲਾ ਖਿਡਾਰਨ ਦਾ ਨਾਂ ਜ਼ਾਹਰ ਨਹੀਂ ਕੀਤਾ ਜਾ ਰਿਹਾ।