You are currently viewing ਪੰਜਾਬ ਦੇ ਹੈਰਾਨੀਜਨਕ ਅੰਕੜੇ-ਵਿੱਤੀ ਸਾਲ 2020-21 ਦੇ ਮਾਲੀਏ ਵਿੱਚ 10382.08 ਕਰੋੜ ਰੁਪਏ ਦਾ ਵਾਧਾ

ਪੰਜਾਬ ਦੇ ਹੈਰਾਨੀਜਨਕ ਅੰਕੜੇ-ਵਿੱਤੀ ਸਾਲ 2020-21 ਦੇ ਮਾਲੀਏ ਵਿੱਚ 10382.08 ਕਰੋੜ ਰੁਪਏ ਦਾ ਵਾਧਾ

-ਵਿੱਤੀ ਸਾਲ 2020-21 ਦੇ ਮਾਲੀਏ ਵਿੱਚ 10382.08 ਕਰੋੜ ਰੁਪਏ ਦਾ ਵਾਧਾ 
-ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 31.91 ਫੀਸਦ ਦਾ ਵਾਧਾ ਦਰਜ
ਚੰਡੀਗੜ, 2 ਅਪਰੈਲ (ਕੇਸਰੀ ਨਿਊਜ਼ ਨੈੱਟਵਰਕ)- ਜਿੱਥੇ ਇਕ ਪਾਸੇ ਪਿਛਲੇ ਲੰਬੇ ਅਰਸੇ ਤੋਂ ਚਲ ਰਹੇ ਕਿਸਾਨੀ ਸੰਘਰਸ਼ ਕਾਰਨ ਦੇਸ਼ ਦੀ ਅਰਥ ਵਿਵਸਥਾ ਨੂੰ ਵੱਡਾ ਖੋਰਾ ਲੱਗਣ ਦੀ ਚਰਚਾ ਜ਼ੋਰਾਂ ਉੱਪਰ ਹੈ ਉੱਥੇ ਹੀ ਕਿਸਾਨੀ ਅੰਦੋਲਨ ਦੇ ਕਰਤਾ ਧਰਤਾ ਪੰਜਾਬ ਵਿਚ ਸਰਕਾਰੀ ਖ਼ਜ਼ਾਨਾ ਮਾਲਾਮਾਲ ਦਿਖਾਈ ਦੇ ਰਿਹਾ ਹੈ। ਜੀ ਹਾਂ, ਬਿਲਕੁਲ ਸਹੀ ਪੜਿਆ। ਵਿੱਤੀ ਸਾਲ 2020-2021 ਦੌਰਾਨ ਪੰਜਾਬ ਵਿਚ ਮਾਲੀਆ ਇਕੱਤਰ ਕਰਨ ਵਿਚ ਪਿਛਲੇ ਵਿੱਤੀ ਸਾਲ ਦੇ ਮਕਾਬਲਤਨ 10,382.08  ਕਰੋੜ ਰੁਪਏ ਵਾਧਾ ਦਰਜ ਕੀਤਾ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ 2020-21 ਦੌਰਾਨ ਕੁੱਲ 42918.34 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਜੋ 31.91 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ ਜਦਕਿ ਵਿੱਤੀ ਸਾਲ 2019-20 ਦੌਰਾਨ ਇਸਦੇ ਮੁਕਾਬਲੇ 32536.26 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ 2020-21 ਦੌਰਾਨ ਵੈਟ ਅਤੇ ਸੀ.ਐਸ.ਟੀ. ਤੋਂ 6113.54 ਕਰੋੜ ਰੁਪਏ ਇਕੱਠੇ ਹੋਏ ਜਦਕਿ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਇਹ ਰਾਸ਼ੀ 5408.12 ਕਰੋੜ ਰੁਪਏ ਤੱਕ ਹੀ ਅੱਪੜ ਸਕੀ ਸੀ ,ਇਸ ਤਰਾਂ 705.42 ਕਰੋੜ (13.04 ਫੀਸਦੀ)ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰਾਂ ਇਸ ਸਾਲ ਆਬਕਾਰੀ ਵਿਭਾਗ ਵਲੋਂ 6091.21 ਕਰੋੜ ਰੁਪਏ ਜੁਟਾਏ ਗਏ ਜੋ ਕਿ ਵਿੱਤੀ ਵਰੇ 2019-20  ਦੀ 5022.86 ਕਰੋੜ ਰੁਪਏ ਦੀ ਕੁਲੈਕਸ਼ਨ ਨਾਲੋਂ 1068.35 ਕਰੋੜ (21.27 ਫੀਸਦੀ) ਵੱਧ ਬਣਦਾ ਹੈ। ਸਾਲ 2019-20 ਦੌਰਾਨ ਜੀ.ਐਸ.ਟੀ. ਅਤੇ ਮੁਆਵਜ਼ਾ ਸੈੱਸ ਦੀ ਕੁਲੈਕਸ਼ਨ 22105.28 ਕਰੋੜ ਰੁਪਏ ਸੀ ਜਦਕਿ 2020-21 ਦੌਰਾਨ ਇਹ ਅੰਕੜਾ 30713.59 ਕਰੋੜ ਰੁਪਏ  ਤੱਕ ਪਹੁੰਚ ਗਿਆ। ਇਸ ਤਰਾਂ 8608.31 ਕਰੋੜ (38.94 ਫੀਸਦ ) ਦਾ ਵਾਧਾ ਦਰਜ ਕੀਤਾ ਗਿਆ ਹੈ।
ਸੂਬਾ ਸਰਕਾਰ ਵੱਲੋਂ ਉਲੀਕੀ ਠੋਸ ਵਿੱਤੀ ਵਿਉਂਤਬੰਦੀ, ਆਰਥਿਕ ਸੂਝ-ਬੂਝ ਤੇ ਸੁਚੱਜੇ ਬਜਟ ਪ੍ਰਬੰਧਨ ਸਦਕਾ ਆਬਕਾਰੀ ਉਗਰਾਹੀ ਵਿੱਚ ਵਿਸ਼ੇਸ਼ ਸੁਧਾਰ ਆਇਆ ਹੈ।