You are currently viewing 4 ਹਫਤੇ ਦਾ ਲਾਕਡਾਊਨ ਦਾ ਐਲਾਨ- ਕੋਰੋਨਾ ਨੇ ਹਾਲਾਤ ਕੀਤੇ ਬੇਕਾਬੂ
again lockdown

4 ਹਫਤੇ ਦਾ ਲਾਕਡਾਊਨ ਦਾ ਐਲਾਨ- ਕੋਰੋਨਾ ਨੇ ਹਾਲਾਤ ਕੀਤੇ ਬੇਕਾਬੂ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਦੇਸ਼ ਵਿਦੇਸ਼ ਵਿਚ ਕੋਰੋਨਾ ਮਹਾਮਾਰੀ ਨੇ ਫਿਰ ਤੋਂ ਆਪਣਾ ਤਾਂਡਵ ਨਾਚ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਕਈ ਮੁਲਕਾਂ ਵਿਚ ਹਾਲਾਤ ਬਦਤਰ ਹੋਣ ਲੱਗੇ ਹਨ ਅਤੇ ਲਾਕਡਾਊਨ ਐਲਾਨ ਦਿੱਤੇ ਗਏ ਹਨ।

ਕੇਸਰੀ ਨਿਊਜ਼ ਨੈੱਟਵਰਕ ਦੇ ਸੂਤਰਾਂ ਅਨੁਸਾਰ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਸੂਬੇ ਉਂਟਾਰੀਓ ਵਿਚ ਤੇਜੀ ਨਾਲ ਫੈਲੇ ਕੋਰੋਨਾ ਇਨਫੈਕਸ਼ਨ ਕਾਰਨ ਹਾਲਾਤ ਖ਼ਰਾਬ ਹੋ ਗਏ ਹਨ। ਮਹਾਮਾਰੀ ਨੂੰ ਕਾਬੂ ਵਿਚ ਰੱਖਣ ਲਈ 4 ਹਫਤਿਆਂ ਦਾ ਮੁਕੰਮਲ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ।

ਲਗਾਤਾਰ ਵਧ ਰਹੇ ਮਰੀਜ਼ਾਂ ਕਾਰਨ ਹੋਟਲ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਹਨ। ਸਿਰਫ ਜਰੂਰੀ ਸਮਾਨ ਦੇ ਸਟੋਰ ਹੀ ਇਸ ਦੌਰਾਨ ਖੁਲ ਸਕਣਗੇ। ਰੋਜ਼ਾਨਾ ਕੇਸਾਂ ਦੀ ਗਿਣਤੀ 2500 ਨੂੰ ਪਾਰ ਕਰ ਚੁੱਕੀ ਹੋਣ ਕਾਰਨ ਕੈਨੇਡਾ ਪ੍ਰਸ਼ਾਸਨ ਦੇ ਚਿਹਰੇ ਉੱਪਰ ਚਿੰਤਾ ਦੀਆਂ ਲਕੀਰਾਂ ਸਪਸ਼ਟ ਦੇਖੀਆਂ ਜਾ ਸਕਦੀਆਂ ਹਨ।

ਇਸ ਦੌਰਾਨ ਬ੍ਰਾਜ਼ੀਲ ਤੋਂ ਸੂਚਨਾ ਅਨੁਸਾਰ ਇੱਥੇ ਕੋਰੋਨਾ ਫਿਰ ਬੇਕਾਬੂ ਹੋ ਗਿਆ ਹੈ ਅਤੇ ਇਕ ਹੀ ਦਿਨ ਵਿਚ 91000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਜਦ ਕਿ ਪਿਛਲੇ 24 ਘੰਟਿਆਂ ਵਿਚ 3769 ਲੋਕਾਂ ਦੀ ਮੌਤ ਹੋ ਗਈ ਹੈ। ਬ੍ਰਾਜ਼ੀਲ ਵਿਚ ਮਾਰਚ ਮਹੀਨੇ ਦੌਰਾਨ ਹੀ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 66 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ।

ਇਸ ਦੌਰਾਨ ਗੱਲ ਕਰੀਏ ਫਰਾਂਸ ਦੀ ਤਾਂ ਉੱਥੇ ਇਕ ਦਿਨ ਵਿਚ ਮਾਮਲਿਆਂ ਦੀ ਗਿਣਤੀ 50 ਹਜ਼ਾਰ ਨੂੰ ਪਾਰ ਕਰ ਗਈ ਹੈ। ਇੱਥੇ ਪ੍ਰਤੀ ਦਿਨ ਮੌਤਾਂ ਦੀ ਗਿਣਤੀ 308 ਨੂੰ ਪੁੱਜ ਗਈ ਹੈ। ਇਸ ਦੌਰਾਨ ਤੁਰਕੀ ਦੇ ਹਾਲਾਤ ਵੀ ਖਰਾਬ ਹੋ ਰਹੇ ਹਨ ਜਿੱਥੇ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ 40 ਹਜ਼ਾਰ ਤੋਂ ਪਾਰ ਇਨਫੈਕਸ਼ਨ ਗ੍ਰਸਤ ਮਰੀਜ਼ਾਂ ਦੀ ਸਾਹਮਣੇ ਆ ਗਈ ਹੈ।

ਗੱਲ ਕਰੀਏ ਗਵਾਂਢੀ ਮੁਲਕ ਪਾਕਿਸਤਾਨ ਦੀ ਤਾਂ ਉੱਥੇ ਵੀ ਪਿਛਲੇ 24 ਘੰਟਿਆਂ ਦੌਰਾਨ 5 ਹਜ਼ਾਰ ਤੋਂ ਵਧੇਰੇ ਕੋਵਿਡ ਪੀੜਤ ਮਰੀਜ਼ਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਪਾਕਿਸਤਾਨ ਅੰਦਰ ਕੋਰੋਨਾ ਕਾਲ ਦਾ ਇਕ ਦਿਨ ਵਿਚ ਆਉਣ  ਵਾਲਾ ਸਭ ਤੋਂ ਵੱਡਾ ਅੰਕੜਾ ਹੈ। ਪਾਕਿਸਤਾਨ ਵਿਚ ਤਾਂ ਕੋਵਿਡ ਵੈਕਸੀਨ ਦਾ ਘਪਲਾ ਵੀ ਸਾਹਮਣੇ ਆ ਗਿਆ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਅਣਅਧਿਕਾਰਤ ਲੋਕਾਂ ਨੂੰ ਲਗਾਈ ਗਈ ਵੈਕਸੀਨ ਦੇ 1400 ਮਾਮਲੇ ਫੜੇ ਗਏ ਹਨ। ਇਹ ਵੈਕਸੀਨ 3 ਹਸਪਤਾਲਾਂ ਵਲੋਂ ਲਗਾਈ ਗਈ ਹੈ।

ਨਵੇਂ ਅੰਕੜਿਆਂ ਤੋਂ ਬਾਅਦ ਇੰਗਲੈਂਡ ਨੇ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਲਾਲ ਸੂਚੀ ਵਿਚ ਪਾ ਦਿੱਤਾ ਹੈ ਅਤੇ ਦੋਵਾਂ ਮੁਲਕਾਂ ਤੋਂ ਨਾ ਤਾਂ ਕੋਈ ਯਾਤਰੀ ਬਰਤਾਨੀਆ ਜਾ ਸਕੇਗਾ ਨਾ ਆ ਸਕੇਗਾ।