You are currently viewing ਬਾਦਲ ਦੇ ਹਲਕੇ ਲੰਬੀ ਦੀ ਦਲਿਤ ਕੁੜੀ ਨਾਲ ਜਲੰਧਰ ਵਿਚ ਸਮੂਹਿਕ ਬਲਾਤਕਾਰ

ਬਾਦਲ ਦੇ ਹਲਕੇ ਲੰਬੀ ਦੀ ਦਲਿਤ ਕੁੜੀ ਨਾਲ ਜਲੰਧਰ ਵਿਚ ਸਮੂਹਿਕ ਬਲਾਤਕਾਰ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)-ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਵਿਧਾਨਸਭਾ ਹਲਕਾ ਲੰਬੀ ਨਾਲ ਸਬੰਧਤ ਇਕ ਦਲਿਤ ਕੁੜੀ ਨਾਲ ਜਲੰਧਰ ਵਿਚ 8 ਹਵਸ ਦੇ ਪੁਜਾਰੀਆਂ ਵਲੋਂ ਬਲਾਤਕਾਰ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਆ ਰਹੀ ਹੈ।

ਜਾਣਕਾਰੀ ਅਨੁਸਾਰ ਲੰਬੀ ਪੁਲਿਸ ਨੇ ਇਸ ਮਾਮਲੇ ਵਿਚ ਲੜਕੀ ਦੇ ਬਿਆਨ ਦਰਜ ਕਰਨ ਉਪਰੰਤ ਦੋਸ਼ੀਆਂ ਵਿਚੋਂ 3 ਨੂੰ ਗਿਰਫਤਾਰ ਕਰਕੇ 2 ਦਿਨਾ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। 

ਜਾਂਚ ਅਧਿਕਾਰੀ ਥਾਣੇਦਾਰ ਪ੍ਰਿਤਪਾਲ ਸਿੰਘ ਅਨੁਸਾਰ ਦਲਿਤ ਪਰਿਵਾਰਨ ਨਾਲ ਸਬੰਧਤ ਨਾਬਾਲਿਗ ਕੁੜੀ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਕੁਝ ਸਮਾਂ ਪਹਿਲਾਂ ਉਸਦੀ ਸੰਦੀਪ ਨਾਂ ਦੇ ਮੁੰਡੇ ਨਾਲ ਜਾਣ ਪਛਾਣ ਹੋ ਗਈ ਜੋ ਬਾਅਦ ਵਿਚ ਫੋਨ ਉੱਪਰ ਰਾਬਤੇ ਵਿਚ ਰਿਹਾ ਅਤੇ ਉਹਨਾ ਦੀ ਜਾਣ ਪਛਾਣ ਪਿਆਰ ਵਿਚ ਤਬਦੀਲ ਹੋ ਗਈ। ਸੰਦੀਪ ਨੇ ਵਿਆਹ ਦੀ ਪੇਸ਼ਕਸ਼ ਕੀਤੀ ਜਿਸਨੂੰ ਉਸਨੇ ਪ੍ਰਵਾਨ ਕਰ ਲਿਆ। 

ਇਸੇ ਤਹਿਤ ਸੰਦੀਪ ਨੇ ਉਸਨੂੰ ਫੋਨ ਕਰਕੇ 16 ਮਾਰਚ ਵਾਲੇ ਦਿਨ ਮੰਡੀ ਡਬਵਾਲੀ ਬਸ ਅੱਡੇ ਉੱਪਰ ਸੱਦ ਲਿਆ ਕਿ ਜਲੰਧਰ ਜਾ ਕੇ ਉਹ ਵਿਆਹ ਕਰਵਾਉਣਗੇ।ਉਹ ਪਿੰਡ ਕਿਲਿਆਂਵਾਲੀ ਵਿਖੇ ਸੰਦੀਪ ਨੂੰ ਮਿਲੀ ਅਤੇ ਦੋਵੇਂ ਜਲੰਧਰ ਆ ਗਏ। ਸੰਦੀਪ ਨੇ ਉਸਨੂੰ ਇਕ ਕਮਰੇ ਵਿਚ ਰੱਖਿਆ ਜਿੱਥੇ ਉਸਦੇ ਹੋਰ ਦੋਸਤਾਂ ਸਮੇਤ 8 ਲੋਕਾਂ ਨੇ ਉਸ ਨਾਲ 4 ਦਿਨ ਤਕ ਜਬਰ ਜਨਾਹ ਕੀਤਾ। ਉਹ 20 ਮਾਰਚ ਨੂੰ ਉਸ ਨੂੰ ਛੱਡ ਕੇ ਚਲੇ ਗਏ ਅਤੇ ਸੰਦੀਪ ਨੇ ਉਸਦਾ ਮੋਬਾਈਲ ਵੀ ਲੈ ਲਿਆ।

ਪੀੜਤ ਕੁੜੀ ਨੇ ਸੰਦੀਪ ਉੱਪਰ ਧੋਖਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਅਗਲੇ ਦਿਨ ਸਵੇਰੇ 6 ਕੁ ਵਜੇ ਉਸਨੇ ਕਿਸੇ ਤਰਾਂ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਸਦੀ ਮਾਂ ਉਸ ਨੂੰ ਜਲੰਧਰ ਤੋਂ ਲੰਬੀ ਵਾਪਸ ਲੈ ਕੇ ਆਈ।

ਪੁਲਸ ਨੇ 23 ਮਾਰਚ ਵਾਲੇ ਦਿਨ ਲੜਕੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦੇ ਬਿਆਨ ਕਰਵਾਏ ਅਤੇ ਅਦਾਲਤ ਦੇ ਆਦੇਸ਼ ਉੱਪਰ ਕੁੜੀ ਦਾ ਮੈਡੀਕਲ ਕਰਵਾ ਕੇ 8 ਮੁਲਜ਼ਮਾਂ ਉੱਪਰ ਮੁਕੱਦਮਾਂ ਦਰਜ ਕੀਤਾ ਗਿਆ। 

ਪੁਲਸ ਅਨੁਸਾਰ 2 ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਜਦਕਿ ਬਾਕੀ ਮੁਲਜ਼ਮ ਪੁਲਸ ਦੇ ਹੱਥ ਲੱਗ ਗਏ ਹਨ। ਦੋਸ਼ੀਆਂ ਵਿਚੋਂ ਬਹੁਤੇ ਜਲੰਧਰ ਸ਼ਹਿਰ ਵਿਚ ਵੱਖ ਵੱਖ ਦੁਕਾਨਾਂ ਉੱਪਰ ਕੰਮ ਕਰਨ ਵਾਲੇ ਮੁੰਡੇ ਹਨ।