You are currently viewing ਤ੍ਰਿਪਤ ਬਾਜਵਾ ਵਲੋਂ ਗਰੇਵਾਲ,  ਗੁਜਰਾਲ, ਬਾਹੀਆ ਅਤੇ ਡਾ. ਇੰਦਰਜੀਤ ਸਿੰਘ ਦੇ ਅਕਾਲ ਚਲਾਣੇ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
punjab minister tript rajinder singh bajwa

ਤ੍ਰਿਪਤ ਬਾਜਵਾ ਵਲੋਂ ਗਰੇਵਾਲ,  ਗੁਜਰਾਲ, ਬਾਹੀਆ ਅਤੇ ਡਾ. ਇੰਦਰਜੀਤ ਸਿੰਘ ਦੇ ਅਕਾਲ ਚਲਾਣੇ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 01 ਅਪ੍ਰੈਲ (ਕੇਐਨਐਨ)- ਪੰਜਾਬ ਦੇ ਉੱਚੇਰੀ ਸਿੱਖਿਆ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਉੱਘੇ ਸਿੱਖਿਆ ਸਾਸ਼ਤਰੀਆਂ, ਲੇਖਕਾਂ ਅਤੇ ਕਲਾ ਖੇਤਰ ਦੀਆਂ ਚਾਰ ਉੱਘੀਆਂ ਸਖਸ਼ੀਅਤਾਂ ਪ੍ਰੋ. ਕੁਲਵੰਤ ਗਰੇਵਾਲ, ਪ੍ਰਿੰਸੀਪਲ ਤਰਸੇਮ ਬਾਹੀਆ, ਡਾ. ਇੰਦਰਜੀਤ ਸਿੰਘ ਅਤੇ ਤਾਰਨ ਗੁਜਰਾਲ ਦੇ ਉਪਰੋਥਲੀ ਹੋਏ ਅਕਾਲ ਚਲਾਣਿਆਂ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਬਾਜਵਾ ਨੇ ਕਿਹਾ ਕਿ ਵਿਛੜੀਆਂ ਮਹਾਨ ਸਖਸ਼ੀਅਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕਰਿਦਆਂ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ।

ਪ੍ਰੋਫੈਸਰ ਕੁਲਵੰਤ ਗਰੇਵਾਲ ਦੇ ਵੱਡਮੁੱਲੇ ਯੋਗਦਾਨ ਬਾਰੇ ਸ੍ਰੀ ਬਾਜਵਾ ਨੇ ਕਿਹਾ ਕਿ ਉਨਾਂ ਨੇ ਪੰਜਾਬੀ ਕਵਿਤਾ ਦੀ ਅਧਿਆਮਕਤਾ, ਸਮਾਜਿਕ, ਸਭਿਆਚਾਰਕ, ਰਾਜਨੀਤਕ ਸਾਹਿਤਕ ਪਛਾਣ ਨੂੰ ਆਪਣੀ ਕਵਿਤਾ ਦੀ ਅੰਤਰੀਵਤਾ ਵਿਚ ਸਮੋਇਆ ਹੈ। ਪ੍ਰੋ. ਗਰੇਵਾਲ ਨੂੰ ਸਾਲ 2016 ਵਿਚ ਭਾਸ਼ਾ ਵਿਭਾਗ, ਪੰਜਾਬ ਵਲੋਂ `ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵਜੋਂ ਵੀ ਨਿਵਾਜਿਆ ਗਿਆ ਸੀ।

ਇਸ ਮੌਕੇ ਉਨਾਂ ਪ੍ਰਿੰਸਪਲ ਤਰਸੇਮ ਬਾਹੀਆ ਦੇ ਯੋਗਦਾਨ ਬਾਰੇ ਜਿਕਰ ਕਰਦਿਆਂ ਕਿਹਾ ਕਿ ਉੱਘੇ ਵਿਦਵਾਨ ਹੋਣ ਦੇ ਨਾਲ ਨਾਲ ਉਹ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਵੱਖ ਵੱਖ ਅਹੁੱਦਿਆਂ `ਤੇ ਰਹਿੰਦਿਆਂ ਹੋਏ ਵੀ ਜੀਵਨ ਦੇ ਅੰਤਲੇ ਪੜਾਅ ਤੱਕ ਲੋਕ ਹਿੱਤਾਂ ਲਈ ਹਮੇਸ਼ਾ ਸੰਘਰਸ਼ੀਲ ਰਹੇ।

ਡਾ. ਇੰਦਰਜੀਤ ਬਾਰੇ ਸ੍ਰੀ ਬਾਜਵਾ ਨੇ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਡਾ. ਇੰਦਰਜੀਤ ਪੰਜਾਬੀ ਦੇ ਉੱਘੇ ਵਿਦਵਾਨ ਅਤੇ ਸਭਿਆਚਾਰ ਨੂੰ ਸਮਰਪਿਤ ਸਖਸ਼ੀਅਤ ਸਨ, ਸੁਖਚੈਨਾ ਖਾਲਸਾ ਕਾਲਜ਼ ਫਗਵਾੜਾ ਦੇ ਪਿ੍ਰੰਸੀਪਲ ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਭੰਗੜੇ ਨੂੰ ਅੰਤਰਾਸ਼ਟਰੀ ਪੱਧਰ `ਤੇ ਪ੍ਰਸਿੱਧੀ ਦਿਵਾਉਣ ਵਿਚ ਵੱਡਾ ਯੋਗਦਾਨ ਪਾਇਆ।

ਸ਼੍ਰੀ ਤਾਰਨ ਗੁਜਰਾਲ ਨੂੰ ਪੰਜਾਬੀ ਜ਼ੁਬਾਨ ਦੀ ਉੱਚਕੋਟੀ ਦੀ ਸ਼ਾਇਰਾ ਮੰਨਦਿਆਂ ਸ਼੍ਰੀ ਬਾਜਵਾ ਨੇ ਕਿਹਾ ਕਿ ਉਹਨਾਂ ਨੇ ਸਾਰੀ ਉਮਰ ਆਪਣੇ ਸਾਹਿਤਕ ਸਫ਼ਰ ਦੌਰਾਨ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਜ਼ੁਬਾਨ ਦੇਣ ਦੇ ਅਸੂਲ ਨੂੰ ਪ੍ਰਣਾਈ ਰਹੀ॥