You are currently viewing ਫੌਰਨ ਸਟੱਡੀ ਐਂਡ ਪਲੇਸਮੈਂਟ ਸੈੱਲ ਵੱਲੋਂ ਕਾਉਂਸਲਿੰਗ ਦਾ ਪਹਿਲਾ ਗੇੜ ਮੁਕੰਮਲ

ਫੌਰਨ ਸਟੱਡੀ ਐਂਡ ਪਲੇਸਮੈਂਟ ਸੈੱਲ ਵੱਲੋਂ ਕਾਉਂਸਲਿੰਗ ਦਾ ਪਹਿਲਾ ਗੇੜ ਮੁਕੰਮਲ

ਘਰ ਘਰ ਰੋਜ਼ਗਾਰ: ਕਾਉਂਸਲਿੰਗ ਦੇ ਪਹਿਲੇ ਦੌਰ ਵਿੱਚ 400 ਨੌਜਵਾਨਾਂ ਨੇ ਲਿਆ ਹਿੱਸਾ
ਚੰਡੀਗੜ੍ਹ, 31 ਮਾਰਚ (ਕੇਸਰੀ ਨਿਊਜ਼ ਨੈੱਟਵਰਕ KNN)- 
ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਯੋਜਨਾ ‘ਪੰਜਾਬ ਘਰ  ਘਰ ਰੋਜ਼ਗਾਰ’ ਤਹਿਤ ਵਿਦੇਸ਼ ਵਿੱਚ ਸਿੱਖਿਆ ਅਤੇ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਕਾਉਂਸਲਿੰਗ ਲਈ ਫੌਰਨ ਸਟੱਡੀ ਐਂਡ ਪਲੇਸਮੈਂਟ ਸੈੱਲ (ਐਫ.ਐਸ. ਅਤੇ ਪੀ.ਸੀ.) ਸ਼ੁਰੂ ਕੀਤਾ ਹੈ। ਕਾਉਂਸਲਿੰਗ ਦਾ ਪਹਿਲਾ ਗੇੜ 1 ਤੋਂ 31 ਮਾਰਚ, 2021 ਤੱਕ ਕਰਵਾਇਆ ਗਿਆ ਜਿਸ ਵਿੱਚ ਤਕਰੀਬਨ 400 ਨੌਜਵਾਨਾਂ ਨੇ ਹਿੱਸਾ ਲਿਆ।
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਦਿਨ ਭਰ ਚੱਲੇ ਕਾਉਂਸਲਿੰਗ ਸੈਸ਼ਨ ਵਿੱਚ ਗਰੁੱਪ ਅਤੇ ਵਿਅਕਤੀਗਤ ਕਾਉਂਸਲਿੰਗ ਅਤੇ ਸਵਾਲ-ਜਵਾਬ ਸੈਸ਼ਨ ਹੋਇਆ ਜਿਸ ਵਿੱਚ ਸੂਬੇ ਦੇ ਹਰੇਕ ਜ਼ਿਲ੍ਹੇ ਤੋਂ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਸੀ। ਮੰਤਰੀ ਨੇ ਦੱਸਿਆ ਕਿ ਹਿੱਸਾ ਲੈਣ ਵਾਲਿਆਂ ਦੀ  ਪੜ੍ਹਾਈ ਅਤੇ ਵਰਕ ਵੀਜ਼ੇ ’ਤੇ ਵਿਦੇਸ਼ ਜਾਣ ਦੇ ਵੱਖ ਵੱਖ ਤਰੀਕਿਆਂ ਬਾਰੇ ਕਾਉਂਸਲਿੰਗ ਕੀਤੀ ਗਈ।ਇਸ ਨਾਲ ਸਬੰਧਤ ਮੁੱਢਲੇ ਨਿਯਮਾਂ ਅਤੇ ਸ਼ਰਤਾਂ ’ਤੇ ਵਿਚਾਰ ਵਟਾਂਦਰੇ ਕੀਤੇ ਗਏ ਤਾਂ ਜੋ ਉਮੀਦਵਾਰਾਂ ਨੂੰ ਵਿਦੇਸ਼ ਜਾਣ ਦੇ ਸਹੀ ਅਤੇ ਪਾਰਦਰਸ਼ੀ ਤਰੀਕਿਆਂ ਬਾਰੇ ਸੇਧ ਦਿੱਤੀ ਜਾ ਸਕੇ। ਅੰਗਰੇਜ਼ੀ ਦੀ ਮੁਹਾਰਤ ਸਬੰਧੀ ਜ਼ਰੂਰਤਾਂ, ਫੰਡਾਂ ਅਤੇ ਅਕਾਦਮਿਕ ਜ਼ਰੂਰਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਉਮੀਦਵਾਰਾਂ ਦੀਆਂ ਵਿਅਕਤੀਗਤ ਪ੍ਰੋਫਾਈਲਾਂ ਦਾ ਅਧਿਐਨ ਕੀਤਾ ਗਿਆ ਅਤੇ ਹਰੇਕ ਉਮੀਦਵਾਰ ਨੂੰ ਉਸਦੀ ਯੋਗਤਾ ਅਨੁਸਾਰ ਢੁੱਕਵੇਂ ਦੇਸ਼, ਕੋਰਸ ਜਾਂ ਪੇਸ਼ੇ ਦੀ ਸਿਫਾਰਸ਼ ਕੀਤੀ ਗਈ।ਇੱਕ ਘੰਟੇ ਦੇ ਸਵਾਲ ਜਵਾਬ ਸੈਸ਼ਨ ਤੋਂ ਬਾਅਦ ਸੈਸ਼ਨਾਂ ਦੀ ਸਮਾਪਤੀ ਹੋਈ ਜਿਥੇ ਆਮ ਸਵਾਲ ਅਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (ਐਫ.ਏ.ਕਿਊਜ਼) ਦੇ ਜਵਾਬ ਦਿੱਤੇ ਗਏ।
ਰੋਜ਼ਗਾਰ ਉੱਤਪਤੀ ਦੇ ਡਾਇਰੈਕਟਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ http://www.pgrkam.com/employment.’ਤੇ ਹਰੇਕ ਜ਼ਿਲ੍ਹੇ ਲਈ ਉਪਰੋਕਤ ਦਰਸਾਏ ਲਿੰਕ ’ਤੇ ਉਪਲਬਧ ਹੈਲਪਲਾਈਨ ਨੰਬਰਾਂ ਰਾਹੀਂ ਸਬੰਧਤ ਡੀ.ਬੀ.ਈ.ਈਜ਼ ਨਾਲ ਸੰਪਰਕ ਕਰਨ।