ਬੱਸਾਂ ਵਿਚ ਜ਼ਲੀਲ ਹੁੰਦੀ “ਮਾਂ ਭਾਰਤੀ”, ਕੌੜੀ ਹਕੀਕਤ
ਸੰਪਾਦਕ ਸ਼ਾਹੀ ਗੁਰਪ੍ਰੀਤ ਸਿੰਘ ਸੰਧੂ ਕੇਸਰੀ ਵਿਰਾਸਤ

ਬੱਸਾਂ ਵਿਚ ਜ਼ਲੀਲ ਹੁੰਦੀ “ਮਾਂ ਭਾਰਤੀ”, ਕੌੜੀ ਹਕੀਕਤ

 ਲੋਕ ਧਾਰਨਾ ਹੈ ਕਿ ਸਰਕਾਰਾਂ ਵੋਟਾਂ ਵਾਲੇ ਸਾਲ ਦੌਰਾਨ ਲੁਭਾਵਣੇ ਐਲਾਨ ਤਾਂ ਕਰ ਦਿੰਦੀਆਂ ਹਨ ਪਰ ਉਨ੍ਹਾਂ ਨੂੰ ਹਕੀਕੀ ਰੂਪ ਦੇਣ ਵਿਚ ਪੂਰੀ ਢਿੱਲਮੱਠ ਤੇ ਅਣਗਹਿਲੀ ਵਰਤੀ ਜਾਂਦੀ ਹੈ। ਇਹ ਧਾਰਨਾ ਅੱਜ ਉਸ ਵੇਲੇ ਕੌੜੀ ਹਕੀਕਤ ਵਜੋਂ ਸਾਹਮਣੇ ਆਈ ਜਦੋਂ ਪੰਜਾਬ ਰੋਡਵੇਜ ਦੀ ਬਸ ਵਿਚ ਸਫਰ ਕਰਨ ਵਾਲੀ ਇੱਕ 80 ਕੁ ਸਾਲਾ ਗਰੀਬ ਬਜ਼ੁਰਗ ਮਾਤਾ ਨੂੰ ਕੰਡਕਟਰ ਹੱਥੋਂ  ਧੱਕੇ ਸਹਿਣੇ ਪਏ। 

ਘਟਨਾ ਉਦੋਂ ਵਾਪਰੀ ਜਦੋਂ ਇਨ੍ਹਾਂ ਸਤਰਾਂ ਦਾ ਲੇਖਕ ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੀ ਰੋਡਵੇਜ ਦੀ ਬਸ ਨੰਬਰ PB08CB 9691 ਵਿਚ ਸਫਰ ਕਰ ਰਿਹਾ ਸੀ। ਇਸ ਦੌਰਾਨ ਬੰਗਾ ਵਿਖੇ ਬਸ ਰੁਕੀ ਤਾਂ ਕਰੀਬ 75-80 ਸਾਲ ਦੀ ਇੱਕ ਬਜ਼ੁਰਗ ਬਸ ਵਿਚ ਆ ਚੜ੍ਹੀ । ਉਸਦੇ ਚਿਹਰੇ ਦੀਆਂ ਗਹਿਰੀਆਂ ਝੁਰਰ੍ੜੀਆਂ, ਘਸਮੈਲੇ ਜਿਹੇ ਕੱਪੜੇ ਤੇ ਹੱਥਾਂ ਵਿਚ ਫੜਿਆ ਝੋਲਾ ਉਸਦੇ ਗਰੀਬੀ ਤੇ ਤੰਗਹਾਲੀ ਨਾਲ ਜੂਝਦੇ ਜੀਵਨ ਸੰਘਰਸ਼ ਦੀ ਕਹਾਣੀ ਖੁਦ ਬਿਆਨ ਕਰ ਰਹੇ ਸਨ। 

ਹੱਥਾਂ ਵਿਚ ਫੜਿਆ ਬੁਢਾਪੇ ਦਾ ਸਹਾਰਾ ਡੰਡਾ ਜੋ ਕਿਸੇ ਡੇਕ ਦੀ ਟਹਿਣੀ ਤੋੜ ਕੇ ਬਣਾਇਆ ਗਿਆ ਸੀ , ਇਸ ਗੱਲ ਉੱਪਰ ਮੋਹਰ ਲਗਾ ਰਿਹਾ ਸੀ ਕਿ ਮਾਤਾ ਆਰਥਿਕ ਤੰਗਹਾਲੀ ਨਾਲ ਜੂਝਣ ਵਾਲੀ ਚੰਗੇ ਦਿਨਾਂ ਦੀ ਉਡੀਕ ਵਿਚ ਅੱਖਾਂ ਦਾ ਦੀਵਾ ਜਗਾਈ ਬੈਠੀ ‘ਮਾਂ ਭਾਰਤੀ ‘ ਦੀ ਸਾਖਸ਼ਾਤ ਮੂਰਤੀ ਹੈ ।

ਹਾਲੇ ਬਸ ਦੋ ਕੁ ਕਿੱਲਿਮੀਟਰ ਹੀ ਚੱਲੀ ਹੋਵੇਗੀ ਕਿ ਬਸ ਦਾ ਕੰਡਕਟਰ ਉਸਦੇ ਕੋਲ ਜਾ ਖੜਿਆ। ਨਵਾਂਸ਼ਹਿਰ ਜਾਣਾ ਸੀ ਬਿਰਧ ਮਾਤਾ ਨੇ , ਕਿਰਾਇਆ ਪੁੱਛਣ ਤੇ ਬਿਰਧ ਮਾਤਾ ਦੀ ਗਲੇ ਚੋਂ ਮਸਾਂ ਨਿੱਕਲੀ ਆਵਾਜ਼ ਏਨਾ ਹੀ ਆਖ ਸਕੀ ,”ਮੇਰੇ ਕੋਲ ਪੈਸੇ ਹੈਨੀ”। ਗੱਲ ਹਾਲੇ ਮਾਤਾ ਦੀ ਪੂਰੀ ਵੀ ਨਹੀਂ ਸੀ ਹੋਈ ਕਿ ਕੰਡਕਟਰ ਦਾ ਸੱਜਾ ਮਜਬੂਤ ਹੱਥ ਬੇਝਿਜਕ ਬਿਰਧ ਮਾਤਾ ਦੇ ਮੋਢੇ ਨੂੰ ਜਾ ਪਿਆ ਤੇ ਗੁੱਸੇ ਵਿਚ ਬਾਂਹ ਤੋਂ ਫੜਕੇ ਸੀਟ ਤੋਂ ਉਠਾਉਂਦੇ ਹੋਏ ਉਸਨੇ ਬਿਨਾ ਕੁਝ ਸੋਚੇ ਵਿਚਾਰੇ ਡਰਾਇਵਰ ਨੂੰ ਬਸ ਰੋਕਣ ਦਾ ਆਦੇਸ਼ ਦੇ ਦਿੱਤਾ । 

ਕੰਡਕਟਰ ਦਾ ਮਾਨਵਤਾ ਤੋਂ ਬਿਲਕੁਲ ਕੋਰਾ ਤੇ ਰੁੱਖਾ ਸਲੂਕ ਜਿਵੇਂ ਕੋਲ ਬੈਠੀਆਂ ਸਵਾਰੀਆਂ ਨੂੰ ਝੰਜੋੜ ਜਿਹਾ ਗਿਆ । ਮੇਰੇ ਕੋਲੋ ਵੀ ਰਹਿ ਨਾ ਹੋਇਆ ਤੇ ਮੈਂ ਧੱਕੇ ਤੇ ਉਤਾਰੂ ਕੰਡਕਟਰ ਦੀ ਬਾਂਹ ਫੜ ਲਈ। ਮੇਰੇ ਮੂੰਹੋਂ ਤਰਲੇ ਤੇ ਅਪਣੱਤ ਭਰੇ ਇਹ ਲਫ਼ਜ਼ ਨਿੱਕਲੇ, “ਰਹਿਣ ਦੇ ਯਾਰ, ਬਿਰਧ ਮਾਤਾ ਐ”, ਤਾਂ ਮੇਰੇ ਵੱਲ ਨੂੰ ਉਸਦਾ ਮੋੜਵਾਂ ਜਵਾਬ ਸੀ,” ਕੌਣ ਜਿੰਮੇਵਾਰ ਐ ਜੇ ਮੇਰੀ ਪੁੱਛਗਿੱਛ ਹੋ ਗਈ?”।

“ਨਾਲੇ ਸਰਕਾਰ ਨੇ ਬਜ਼ੁਰਗਾਂ ਵਾਸਤੇ ਬਸ ਸਫਰ ਫਰੀ ਕੀਤਾ ਹੋਇਆ”, ਮੈਂ ਤਰਕ ਦਿੱਤਾ । ਉਸਨੇ ਮਾਤਾ ਨੂੰ ਇੱਕ ਵਾਰ ਫੇਰ ਮੋਢੇ ਤੋਂ ਫੜ ਖਿੱਚਦੇ ਹੋਏ ਆਪਣਾ ਪ੍ਰਤੀਕਰਮ ਦੇਣਾ ਚਾਹਿਆ ਤਾਂ ਮੈਂ ਫਿਰ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ। ਮੇਰੀ ਕੀਤੀ ਪਹਿਲ ਦੇ ਸਮਰਥਨ ਵਿਚ ਮਾਤਾ ਤੋਂ ਮੂਹਰਲੀ ਸੀਟ ਉੱਪਰ ਬੈਠਾ ਭਰਵੇਂ ਸਰੀਰ ਵਾਲਾ ਬਾਊ, ਜਿਸਨੇ ਆਪਣੀ ਪਛਾਣ ਸਟਾਫ ਵਜੋਂ ਕਰਵਾਉਂਦੇ ਹੋਏ ਆਪਣੀ ਵੀ ਟਿਕਟ ਨਹੀਂ ਲਈ ਸੀ, ਨੇ ਪਿਛਾਂਹ ਨੂੰ ਧੌਣ ਘੁਮਾਈ ਤੇ ਇਸ ਦੌਰਾਨ ਕੰਡਕਟਰ ਵਲੋਂ ਮੈਨੂੰ ਕੀਤੇ ਸਵਾਲ ਕਿ ਬਹੁਤੀ ਗੱਲ ਐ ਤਾਂ ਇਸਨੂੰ ਟਿਕਟ ਤੂੰ ਲੈ ਦੇ, ਦਾ ਜਵਾਬ ਦਿੱਤਾ ,”ਚਲ ਮੈਂ ਦਿੰਨਾ ਕਿਰਾਇਆ”, ਤੇ ਆਪਣੀ ਜੇਬ ਨੂੰ ਹੱਥ ਪਾਇਆ । ਪਰ ਫੇਰ ਪਰਸ ਵਾਪਸ ਜੇਬ ਵਿਚ ਪਾਉਂਦਾ ਬੋਲਿਆ ,”ਮੈਂ ਤੇਰਾ ਸੀਨੀਅਰ ਹਾਂ ਮੈਂ ਦੇਵਾਂਗਾ ਜਵਾਬ ਜੇ ਕੋਈ ਪੁੱਛੂ”। 

ਕੰਡਕਟਰ ਹਾਲਾਤ ਨੂੰ ਸਮਝਦੇ ਹੋਏ ਥੋੜ੍ਹਾ ਸ਼ਾਂਤ ਹੋਣ ਹੀ ਲੱਗਾ ਸੀ ਤਾਂ ਬਾਊ ਦੇ ਨਾਲ ਵਾਲੀ ਸੀਟ ਉੱਪਰ ਬੱਚੇ ਲਈ ਬੈਠੀ ਅੱਧਖੜ ਉਮਰ ਦੀ ਬੀਬੀ ਨੇ ਆਪਣੇ ਕੋਲੋਂ ਦਸਾਂ ਦਸਾਂ ਦੇ ਦੋ ਨੋਟ ਕੰਡਕਟਰ ਵੱਲ ਵਧਾਉਂਦੇ ਹੋਏ ਮਾਤਾ ਦਾ ਕਿਰਾਇਆ ਉਸ ਕੋਲੋਂ ਲੈਣ ਦੀ ਪੇਸ਼ਕਸ਼ ਕਰ ਦਿੱਤੀ । ਪਰ ਅਸੀਂ ਦੋਵਾਂ ਨੇ ਮਾਮਲਾ ਮੁੱਕਦਾ ਸਮਝ ਉਸ ਬੀਬੀ ਨੂੰ ਕਿਰਾਇਆ ਅਦਾ ਕਰਨ ਤੋਂ ਮਨਾਂ ਕਰ ਦਿੱਤਾ ।

ਏਨੇ ਨੂੰ ਉਸ ਬਾਊ ਨੇ ਆਪਣੇ ਮੋਬਾਇਲ ਵਿਚ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਬਜਟ ਤਜਵੀਜ਼ਾਂ ਦੇ ਐਲਾਨ ਕੱਢ ਕੇ ਮੇਰੇ ਵੱਲ ਕਰਦੇ ਹੋਏ ਕਿਹਾ,” ਨਾਲੇ ਸਰਕਾਰ ਨੇ ਐਲਾਨ ਕੀਤਾ ਹੋਇਆ ਕਿ ਬਜੁਰਗਾਂ ਵਾਸਤੇ ਬਸ ਸਫਰ ਫਰੀ”, ਮੈਂ ਵੀ ਉਸਦੇ ਉਠਾਏ ਮੁੱਦੇ ਤੇ ਹਾਂ ਵਿਚ ਸਿਰ ਹਿਲਾਉਂਦੇ ਹੋਏ ਅਗਲੀ ਗੱਲ ਜੋੜੀ,”ਲਾਗੂ ਹੋਣ ਬਾਰੇ ਕੁਝ ਸਪੱਸ਼ਟ ਨਹੀਂ “। ਉਹ ਏਨਾ ਆਖ ਕੇ ਚੁੱਪ ਕਰ ਗਿਆ ਕਿ ਸਰਕਾਰੀ ਕੰਮ ਐ, ਸ਼ਾਇਦ ਨੋਟੀਫਿਕੇਸ਼ਨ ਨਹੀਂ ਪੁੱਜਾ ਹਾਲੇ।  

ਪਰ ਬਜ਼ੁਰਗ ਦਾ ਕੀ ਕਸੂਰ ਸੀ? ਮੈਂ ਮਾਤਾ ਨਾਲ ਸੰਖੇਪ ਗੱਲ ਕੀਤੀ ਤਾਂ ਉਸਨੇ ਆਪਣਾ ਨਾਂ ਪ੍ਰਕਾਸ਼ੋ ਵਾਸੀ ਬੰਗਾ ਅਤੇ ਨਵਾਂਸ਼ਹਿਰ ਜਾਣ ਦਾ ਕਾਰਨ ਦਵਾਈ ਲੈਣ ਜਾਣਾ ਦੱਸਿਆ। ਬਸ ਜਿਉਂ ਹੀ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਅੱਡੇ ਪੁੱਜੀ ਤਾਂ ਮਾਤਾ ਆਪਣੀ ਹਿਮਾਇਤ ਵਿਚ ਖੜਨ ਵਾਲਿਆਂ ਨੂੰ ਅਸੀਸਾਂ ਦਿੰਦੀ ਹੋਈ ਉੱਤਰ ਗਈ। ਪਰ ਆਮ ਲੋਕਾਂ ਅਤੇ ਸਾਡੀਆਂ ਸਰਕਾਰਾਂ ਵਲੋਂ ਬਜ਼ੁਰਗਾਂ ਨੂੰ ਦਿੱਤੇ ਜਾਣ ਵਾਲੇ ਬਣਦੇ ਸਨਮਾਨ ਅੱਗੇ ਕਈ ਸਵਾਲ ਖੜ੍ਹੇ ਕਰ ਗਈ। ਸਵਾਲ, ਜਿਨ੍ਹਾਂ ਦੇ ਜਵਾਬ ਲੋਕ ਲੁਭਾਉਣੇ ਐਲਾਨ ਕਰਨ ਵਾਲੀਆਂ ਸਰਕਾਰਾਂ ਤੇ ਸਰਕਾਰੀ ਅਮਲੇ ਫੈਲੇ ਨੂੰ ਜਰੂਰ ਦੇਣੇ ਪੈਣਗੇ।

ਗੁਰਪ੍ਰੀਤ ਸਿੰਘ ਸੰਧੂ