You are currently viewing ਕੋਵਿਡ ਵੈਕਸੀਨ ਤੋਂ ਬਗੈਰ ਸਰਕਾਰੀ ਕਰਮਚਾਰੀ ਬਦਲ ਦਿੱਤੇ ਜਾਣਗੇ ਪਬਲਿਕ ਡੀਲਿੰਗ ਤੋਂ – ਡਿਪਟੀ ਕਮਿਸ਼ਨਰ
Sh. Ghanshyam Thori IAS

ਕੋਵਿਡ ਵੈਕਸੀਨ ਤੋਂ ਬਗੈਰ ਸਰਕਾਰੀ ਕਰਮਚਾਰੀ ਬਦਲ ਦਿੱਤੇ ਜਾਣਗੇ ਪਬਲਿਕ ਡੀਲਿੰਗ ਤੋਂ – ਡਿਪਟੀ ਕਮਿਸ਼ਨਰ

-ਸਿਹਤ ਅਧਿਕਾਰੀਆਂ ਨੂੰ ਆਉਣ ਵਾਲੇ ਦਿਨਾਂ ’ਚ ਕੋਵਿਡ ਵੈਕਸੀਨ ਲਈ 300 ਤੱਕ ਸੈਸ਼ਨ ਸਾਈਟਾਂ ਵਧਾਉਣ ਲਈ ਕਿਹਾ

-45 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਜ਼ਿਲ੍ਹਾ ਵਾਸੀਆਂ ਨੂੰ ਪਹਿਲੀ ਤੋਂ ਕੋਵਿਡ ਵੈਕਸੀਨ ਲਗਾਉਣ ਦਾ ਸੱਦਾ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਕੋਵਿਡ ਵਾਇਰਸ ਦੀ ਲਾਗ ਤੋਂ ਬਚਾਉਣ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਆਦੇਸ਼ ਜਾਰੀ ਕੀਤੇ ਹਨ ਕਿ ਜਿਨਾਂ ਸਰਕਾਰੀ ਕਰਮਚਾਰੀਆਂ ਨੇ ਅਜੇ ਤੱਕ ਕੋਵਿਡ ਵੈਕਸੀਨ ਨਹੀਂ ਲਗਵਾਈ ਉਨਾਂ ਨੂੰ ਪਬਲਿਕ ਡੀਲਿੰਗ ਦੀਆਂ ਸੀਟਾਂ ਤੋਂ ਬਦਲਿਆ ਜਾਵੇ।

ਡਿਪਟੀ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਇਹ ਫ਼ੈਸਲਾ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਰਾਜ ਪੱਧਰੀ ਵਰਚੂਅਲ ਮੀਟਿੰਗ ਦੌਰਾਨ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹੀ ਕਰਮਚਾਰੀਆਂ ਨੂੰ ਪਬਲਿਕ ਸੀਟਾਂ ’ਤੇ ਕੰਮ ਕਰਨ ਲਈ ਰਹਿਣ ਦਿੱਤਾ ਜਾਵੇ ਜਿਨਾਂ ਨੇ ਕੋਵਿਡ ਵੈਕਸੀਨ ਲਗਾ ਲਈ ਹੈ। ਉਨ੍ਹਾਂ ਦੱਸਿਆ ਕਿ ਵੱਡੇ ਜਨਤਕ ਹਿੱਤ ਨੂੰ ਦੇਖਦਿਆਂ ਕੋਵਿਡ ਵਾਇਰਸ ਦੀ ਕੜੀ ਨੂੰ ਤੋੜਨ ਲਈ ਕੋਵਿਡ ਵੈਕਸੀਨ ਲੱਗੇ ਕਰਮਚਾਰੀਆਂ ਨੂੰ ਪਬਲਿਕ ਡੀਲਿੰਗ ਸੀਟਾਂ ’ਤੇ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਸਾਰੇ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਕਿਹਾ ਕਿ ਪਬਲਿਕ ਡੀਲਿੰਗ ਵਾਲੀਆਂ ਸੀਟਾਂ ’ਤੇ ਕੰਮ ਕਰਦੇ ਰਹਿਣ ਲਈ ਤੁਰੰਤ ਕੋਵਿਡ ਵੈਕਸੀਨ ਲਗਵਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਕਰਮਚਾਰੀਆਂ ਦੀ ਸੂਚੀ ਬਣਾਈ ਜਾਵੇ ਜਿਨਾਂ ਨੇ ਅਜੇ ਤੱਕ ਕੋਵਿਡ ਵੈਕਸੀਨ ਦਾ ਟੀਕਾ ਨਹੀਂ ਲਗਵਾਇਆ।

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਰੈਸਟੋਰੈਂਟਾਂ, ਬਾਰਾਂ, ਹੋਟਲਾਂ, ਮੈਰਿਜ ਪੇਲੈਸਾਂ, ਦਾਅਵਤ ਹਾਲਾਂ, ਸਲੂਨਾਂ ਅਤੇ ਉਦਯੋਗਾਂ ਦੇ ਮਾਲਕਾਂ ਨੂੰ ਕਿਹਾ ਕਿ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਪਣੇ ਅਮਲੇ ਨੂੰ ਕੋਵਿਡ ਵੈਕਸੀਨ ਲਗਾਉਣਾ ਯਕੀਨੀ ਬਣਾਉਣ ਕਿਉਂਕਿ ਸਰਕਾਰ ਵਲੋਂ ਪਹਿਲੀ ਅਪ੍ਰੈਲ ਤੋਂ ਇਸ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 45 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਨੂੰ ਯਕੀਨੀ ਬਣਾਉਣ ਲਈ ਸਹਿ ਬਿਮਾਰੀ ਹੋਣ ਦੀ ਸ਼ਰਤ ਨੂੰ ਹਟਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਮੋਬਾਇਲ ਟੀਕਾਕਰਨ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਤੋਂ ਇਲਾਵਾ 105 ਕੋਵਿਡ ਵੈਕਸੀਨ ਲਗਾਉਣ ਸਬੰਧੀ ਸੈਸ਼ਨ ਸਾਈਟਾਂ ਨੂੰ ਸਾਰੇ ਸਿਹਤ ਅਤੇ ਵੈਲਨੈਸ ਸੈਂਟਰਾਂ ਸਮੇਤ 300 ਤੱਕ ਕੀਤੀ ਜਾਵੇ। ਜ਼ਿਕਰ ਯੋਗ ਹੈ ਕਿ ਹੁਣ ਜ਼ਿਲ੍ਹੇ ਵਿੱਚ 105 ਕੋਵਿਡ ਟੀਕਾਕਰਨ ਸੈਸ਼ਨ ਸਾਈਟਾਂ ਹਨ ਜਿਨਾਂ ਵਿੱਚ 50 ਸਰਕਾਰੀ ਅਤੇ 55 ਪ੍ਰਾਈਵੇਟ ਸੈਂਟਰ ਹਨ ਜਿਨਾ ਨੂੰ ਆਉਣ ਵਾਲੇ ਦਿਨਾਂ ਵਿੱਚ 300 ਤੱਕ ਵਧਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹੁਣ ਤੱਕ 85 ਫੀਸਦ ਮੋਹਰਲੀ ਕਤਾਰ ਦੇ ਕਾਮੇ ਅਤੇ 60 ਫੀਸਦ ਸਿਹਤ ਸੰਭਾਲ ਵਰਕਰਾਂ ਨੂੰ ਜ਼ਿਲ੍ਹੇ ਵਿੱਚ ਕੋਵਿਡ ਵੈਕਸੀਨ ਲਗਾਉਣ ਤੋਂ ਇਲਾਵਾ 33845 ਬਜ਼ੁਰਗਾਂ ਅਤੇ 45 ਸਾਲ ਦੇ ਸਹਿ ਬਿਮਾਰੀ ਦੇ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਵਿੱਚ ਲੈਵਲ-2 ਲਈ 957 ਬੈਡ ਅਤੇ ਲੈਵਲ-3 ਲਈ 350 ਬੈਡਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।

ਸ੍ਰੀ ਥੋਰੀ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਪਿਛਲੇ ਸੱਤ ਦਿਨਾਂ ਦੌਰਾਨ 35897 ਸੈਂਪਲ ਰੋਜ਼ਾਨਾ 5000 ਦੀ ਦਰ ਨਾਲ ਲਏ ਗਏ ਹਨ ਅਤੇ ਸੈਂਪਲ ਲੈਣ ਅਤੇ ਕੋਵਿਡ ਵੈਕਸੀਨ ਲਗਾਉਣ ਸਬੰਧੀ ਲਾਭਪਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ 100 ਫੀਸਦ ਸੈਂਪਲ ਲੈਣ ਤੋਂ ਇਲਾਵਾ ਕਰਫ਼ਿਊ ਵਰਗੀਆਂ ਸ਼ਖਤੀਆਂ ਲਾਗੂ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ, ਸਿਵਲ ਸਰਜਨ ਡਾ.ਬਲਵਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਾਕੇਸ਼ ਚੋਪੜਾ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਜੋਤੀ ਤੇ ਹੋਰ ਵੀ ਹਾਜ਼ਰ ਸਨ।