ਸਰਕਾਰੀ ਸਕੂਲਾਂ ਬਾਰੇ ਦੂਰਦਰਸ਼ਨ ਦਾ ਪ੍ਰੋਗਰਾਮ ‘ਨਵੀਆਂ ਪੈੜਾਂ’ 27 ਮਾਰਚ ਤੋਂ

ਹਰ ਸ਼ਨੀਵਾਰ ਅਤੇ ਐਤਵਾਰ ਪ੍ਰਸਾਰਿਤ ਹੋਵੇਗਾ ਪ੍ਰੋਗਰਾਮ

ਚੰਡੀਗੜ੍ਹ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਦੀ ਬਦਲੀ ਗਈ ਨੁਹਾਰ ਦੀ ਚਰਚਾ ਹੁਣ ਦੂਰਦਰਸ਼ਨ ’ਤੇ ਹੋਵੇਗੀ। ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਢਾਂਚੇ ’ਚ ਤਬਦੀਲੀ ਦਾ ਸੁਨੇਹਾ ਦੇਣ ਲਈ 27 ਮਾਰਚ ਤੋਂ ਡੀਡੀ ਪੰਜਾਬੀ ਤੋਂ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3.30 ਤੋਂ 4.00 ਵਜੇ ਤੱਕ ‘ਨਵੀਆਂ ਪੈੜਾਂ’ ਦੇ ਹੇਠ ਪੇਸ਼ ਕੀਤਾ ਜਾਵੇਗਾ। ਇਸ ਰਾਹੀਂ ਸਰਕਾਰੀ ਸਕੂਲਾਂ ਦੀਆਂ ਆਕਰਸ਼ਿਕ ਇਮਾਰਤਾਂ, ਪੜ੍ਹਾਉਣ ਦੀਆਂ ਆਧੁਨਿਕ ਤਕਨੀਕਾਂ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦੀ ਜ਼ਿਲ੍ਹਾ ਵਾਰ ਜਾਣਕਾਰੀ ਦਿੱਤੀ ਜਾਵੇਗੀ।

 ਸਰਕਾਰੀ ਸਕੂਲਾਂ ਦੇ ਮਾਮਲੇ ਵਿਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਉਲੇਖ ਕਰਦਾ ਡੀ.ਡੀ. ਪੰਜਾਬੀ ਦਾ ‘ਨਵੀਆਂ ਪੈੜਾਂ’ ਪ੍ਰੋਗਰਾਮ ਸਰਕਾਰੀ ਸਕੂਲਾਂ ਵਿੱਚ ਲੋਕਾਂ ਨੂੰ ਆਪਣੇ ਬੱਚੇ ਦਾਖਲ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸਕੂਲਾਂ ਦੀ ਬਦਲੀ ਹੋਈ ਨੁਹਾਰ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।