ਇਸ ਮਾਮਲੇ ਵਿਚ ਜਲੰਧਰ ਬਣਿਆ ਪੰਜਾਬ ਦਾ ਨੰਬਰ ਵਨ ਜ਼ਿਲ੍ਹਾ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)-ਸਿਵਲ ਹਸਪਤਾਲ ਵਿਖੇ ਨਵੇਂ ਸਥਾਪਿਤ ਕੀਤੇ ਗਏ ਆਕਸੀਜਨ ਪਲਾਂਟ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸਦੀ ਕਾਰਜ ਪ੍ਰਣਾਲੀ ਦਾ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਵਲੋਂ ਬਾਕਾਇਦਾ ਜਾਇਜ਼ਾ ਲਿਆ ਗਿਆ।

ਇਸ  ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਲਾਂਟ ਦੀ ਸਾਂਭ ਸੰਭਾਲ ਅਤੇ ਇਸ ਨੂੰ ਚਲਾਉਣ ਲਈ ਲੋੜੀਂਦਾ ਅਮਲਾ ਪਹਿਲਾਂ ਹੀ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਕੋਵਿਡ ਕੇਅਰ ਸੈਂਟਰਾਂ ਵਿੱਚ ਮਰੀਜ਼ਾਂ ਲਈ ਆਕਸੀਜ਼ਨ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿਸ ਕੋਲ ਆਪਣਾ ਆਕਸੀਜਨ ਸਪਲਾਈ ਕਰਨ ਲਈ ਪਲਾਂਟ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਚਾਰ ਟੈਕਨੀਕਲ ਅਪਰੇਟਰ ਅਤੇ ਸੁਪਰਵਾਈਜ਼ਰਾਂ ਨੂੰ ਇਸ ਪਲਾਂਟ ਦੀ ਦੇਖਭਾਲ ਦੀ ਜਿੰਮੇਵਾਰੀ ਸੌਂਪੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 88. 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ 700 ਐਲ.ਪੀ.ਐਮ.ਦੀ ਸਮਰਥਾ ਦੇ ਇਸ ਆਕਸੀਜਨ ਪਲਾਂਟ ਨੂੰ ਮੁਕੰਮਲ ਕਰਨ ਦਾ ਕੰਮ ਜਲੰਧਰ ਅਧਾਰਿਤ ਪ੍ਰਾਈਵੇਟ ਫਰਮ ਨੂੰ ਦਸੰਬਰ 2020 ਵਿੱਚ ਦਿੱਤਾ ਗਿਆ ਹੈ ਅਤੇ ਪਲਾਂਟ ਵਲੋਂ ਰੋਜ਼ਾਨਾਂ 700 ਐਲਪੀਐਮ ਭਾਵ 225-200 ਸੈਲੰਡਰਾਂ ਦੇ ਬਰਾਬਰ ਆਕਸੀਜਨ ਤਿਆਰ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਪਲਾਂਟ ਲਗਾਉਣ ਨਾਲ ਵੈਂਡਰ ਵਲੋਂ ਦੂਜੇ ਪ੍ਰਾਈਵੇਟ ਹਸਪਤਾਲਾਂ ਨੂੰ ਆਕਸੀਜਨ ਸੈਲੰਡਰ ਦੀ ਸਪਲਾਈ ਵਧਾਈ ਜਾ ਸਕਦੀ ਹੈ ਕਿਉਂਕਿ ਇਥੇ ਵਰਤੇ ਜਾ ਰਹੇ 225-300 ਸੈਲੰਡਰਾਂ , ਕੋਵਿਡ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇ ਨਜ਼ਰ ਹੋਰਨਾਂ ਨੂੰ ਦਿੱਤੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਹ ਪਲਾਂਟ ਸਿਵਲ ਹਸਪਤਾਲ ਵਿੱਚ ਗੰਭੀਰ ਮਰੀਜ਼ਾਂ ਨੂੰ ਜੀਵਨ ਰੱਖਿਅਕ ਗੈਸ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਏਗਾ ਅਤੇ ਇਸ ਵਿੱਚ ਬਿਜਲੀ ਜਨਰੇਟਰ ਦੀ ਸਹੂਲਤ ਵੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ ਕੋਵਿਡ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਇਕ ਸਾਬਿਤ ਹੋਵੇਗਾ ਅਤੇ ਲੈਵਲ-2 ਦੇ ਮਰੀਜ਼ਾਂ ਦੇ ਇਲਾਜ ਲਈ ਮਹਾਂਮਾਰੀ ਦਾ ਕੁਸ਼ਲਤਾ ਨਾਲ ਮੁਕਾਬਲਾ ਕਰਨ ਵਿੱਚ ਵੀ ਮਦਦ ਕਰੇਗਾ।

ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ 340 ਬੈਡਾਂ ਤੇ ਪਹਿਲਾਂ ਹੀ ਆਕਸੀਜਨ ਸਪਲਾਈ ਲਾਈਨ ਲਗਾਈ ਜਾ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਇਸ ਜੀਵਨ ਰੱਖਿਅਕ ਗੈਸ ਦੀ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਇਹ ਮੁਢੱਲੀ ਜਰੂਰਤ ਹੈ ਅਤੇ ਇਹ ਪਲਾਂਟ ਕੋਵਿਡ-19 ਵਿਰੁੱਧ ਲੜਾਈ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।