ਪਾਕਿਸਤਾਨ ਤੇ ਚੀਨ ਦੇ ਗੱਠਜੋੜ ਬਹਾਨੇ ਕੈਪਟਨ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਘੇਰਿਆ

ਰਾਜਪਾਲ ਨੂੰ ਇਹ ਦੱਸਣਾ ਹੋਵੇਗਾ ਕਿ ਖੇਤੀ ਕਾਨੂੰਨਾਂ ਵਿਰੁੱਧ ਸੂਬੇ ਦੇ ਬਿੱਲ ਰਾਸ਼ਟਰਪਤੀ ਨੂੰ ਭੇਜਣ ਤੋਂ ਕਿਸ ਵਜ੍ਹਾ ਕਰਕੇ ਰੋਕਿਆ ਜਾ ਰਿਹਾ
ਚੰਡੀਗੜ੍ਹ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਅਤੇ ਚੀਨ ਦਰਮਿਆਨ ਵਧ ਰਹੀ ਆਰਥਿਕ ਅਤੇ ਸੈਨਿਕ ਸਾਂਝ ਨੂੰ ਭਾਰਤ ਦੀ ‘ਕੂਟਨੀਤਿਕ ਨਾਕਾਮੀ’ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਦੇ ਸੰਕਟ ਨੂੰ ਸੁਝਲਾਉਣ ਵਿੱਚ ਦੇਰੀ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਾਕਿਸਤਾਨ ਨੂੰ ਸੂਬੇ ਵਿਚ ਵਧ ਰਹੀ ਬੇਚੈਨੀ ਦਾ ਫਾਇਦਾ ਚੁੱਕਣ ਦੀ ਇਜਾਜ਼ਤ ਦੇ ਰਹੀ ਹੈ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਹੋਰ ਕਾਰਨ ਕਰਕੇ ਨਹੀਂ ਤਾਂ ਘੱਟੋ-ਘੱਟ ਕੌਮੀ ਸੁਰੱਖਿਆ ਦੇ ਹਿੱਤ ਵਿਚ ਖੇਤੀ ਕਾਨੂੰਨ ਰੱਦ ਕੀਤੇ ਜਾਣ। ਉਨ੍ਹਾਂ ਕਿਹਾ, ”ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਅਜਿਹੇ ਦੌਰ ਵਿਚ ਪਾਕਿਸਤਾਨ ਕੀ ਕਰੇਗਾ?” ਮੁੱਖ ਮੰਤਰੀ ਨੇ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਪੰਜਾਬ ਵਿਚ ਨੌਜਵਾਨਾਂ ‘ਚ ਪਾਈ ਜਾ ਰਹੀ ਨਰਾਜ਼ਗੀ ਦਾ ਫਾਇਦਾ ਚੁੱਕੇਗਾ ਜਿਵੇਂ ਕਿ ਉਹ ਬੀਤੇ ਸਮੇਂ ਵਿਚ ਕਰਦਾ ਆਇਆ ਹੈ। ਕਿਸਾਨਾਂ ਦਾ ਅੰਦੋਲਨ ਭਖ ਜਾਣ ਤੋਂ ਬਾਅਦ ਡਰੋਨਾਂ ਰਾਹੀਂ ਪੰਜਾਬ ਵਿਚ ਹਥਿਆਰਾਂ ਦੀ ਤਸਕਰੀ ਵਧਣ ਦੇ ਵੇਰਵਿਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਸਵਾਲ ਕੀਤਾ, ”ਕੀ ਦਿੱਲੀ ਸੁੱਤੀ ਪਈ ਹੈ ?”
ਮੁੱਖ ਮੰਤਰੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਜ਼ਿਦ ਅਤੇ ਹਉਮੈ ਛੱਡਣ ਅਤੇ ਤੁਰੰਤ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ”ਇਹ ਹਿਟਲਰ ਦਾ ਜਰਮਨੀ ਨਹੀਂ ਅਤੇ ਨਾ ਹੀ ਮਾਓ ਜੇ ਤੁੰਗ ਦਾ ਚੀਨ ਹੈ। ਲੋਕਾਂ ਦੀ ਆਵਾਜ਼ ਸੁਣਨੀ ਪਵੇਗੀ”। ਉਨ੍ਹਾਂ ਅੱਗੇ ਕਿਹਾ ਕਿ ਸੱਤਾ ਵਿਚ ਬੈਠੇ ਲੋਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਕਿਸਾਨਾਂ ਦਾ ਅੰਦੋਲਨ ਸਿਆਸੀ ਮਸਲਾ ਨਹੀਂ ਸਗੋਂ ਉਨ੍ਹਾਂ ਦੀ ਹੋਂਦ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਅੰਦੋਲਨ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਹੈ।
ਸਿਆਸਤ ਵਿਚ ਆਪਣੇ 52 ਵਰ੍ਹਿਆਂ ਦੇ ਤਜਰਬੇ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦ ਦੇ ਸਿਰ ਚੁੱਕਣ ਦਾ ਦੌਰ ਵੀ ਦੇਖਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਹੱਤਿਆ ਵੀ। ਇੱਕ ਮੀਡੀਆ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਚੀਨ ਦਰਮਿਆਨ ਆਰਥਿਕ ਤੇ ਫੌਜੀ ਗਠਜੋੜ ਦੇ ਕਾਰਨ ਅੱਜ ਸਥਿਤੀ ਬਹੁਤ ਖਰਾਬ ਹੈ ਜੋ ਕਿ ਭਾਰਤ ਲਈ ਚੰਗਾ ਸੂਚਕ ਨਹੀਂ ਹੈ।
ਉਨ੍ਹਾਂ ਕਿਹਾ, ”ਬੇਸ਼ੱਕ ਭਾਰਤੀ ਫੌਜ ਕਿਸੇ ਵੀ ਸਥਿਤੀ ਨਾਲ ਨਿਪਟਣ ਦੇ ਸਮਰੱਥ ਹੈ ਪਰ ਸਵਾਲ ਤਾਂ ਇਹ ਹੈ ਕਿ ਭਾਰਤ ਸਰਕਾਰ ਮੁਲਕ ਦੇ ਦੋ ਵੱਡੇ ਦੁਸ਼ਮਣਾਂ ਨੂੰ ਇਕਜੁਟ ਹੋਣ ਦੀ ਇਜਾਜ਼ਤ ਕਿਉਂ ਦੇ ਰਹੀ ਹੈ?” ਉਨ੍ਹਾਂ ਕਿਹਾ ਕਿ ਜੇਕਰ ਜੰਗ ਹੁੰਦੀ ਹੈ ਅਤੇ ਪਾਕਿਸਤਾਨ ਤੇ ਚੀਨ ਇੱਕ ਹੋ ਜਾਣਗੇ ਅਤੇ ਪੰਜਾਬ ਜੰਗ ਦੀ ਮਾਰ ਹੇਠ ਹੋਵੇਗਾ ਕਿਉਂ ਜੋ ਇਸ ਦੀ ਪਾਕਿਸਤਾਨ ਨਾਲ 600 ਕਿਲੋਮੀਟਰ ਲੰਮੀ ਸਰਹੱਦ ਲਗਦੀ ਹੈ।
ਮੁੱਖ ਮੰਤਰੀ ਨੇ ਪਾਕਿਸਤਾਨੀ ਆਰਮੀ ਚੀਫ਼ ਜਨਰਲ ਬਾਜਵਾ ਦੀ ਸ਼ਾਂਤੀ ਸਬੰਧੀ ਪੇਸ਼ਕਸ਼ ‘ਤੇ ਭਰੋਸਾ ਕਰਨ ਖਿਲਾਫ਼ ਚੇਤਾਵਨੀ ਦਿੱਤੀ ਅਤੇ ਇਸ ਨੂੰ ਇਸਲਾਮਾਬਾਦ ਦੀ ਦੋਹਰੀ ਨੀਤੀ ਦੱਸਿਆ। ਉਹਨਾ ਕਿਹਾ ਕਿ ਪਾਕਿਸਤਾਨ 1947 ਤੋਂ ਹੀ ਸਾਡੇ ਨਾਲ ਚਾਲਾਂ ਖੇਡ ਰਿਹਾ ਹੈ ਉਹ ਕਿਵੇਂ ਅਤੀਤ ਨੂੰ ਦਫ਼ਨਾ ਸਕਦੇ ਹਨ?  ਉਹਨਾ ਅੱਗੇ ਕਿਹਾ ਕਿ ਪਾਕਿ ਫੌਜ ਅਤੇ ISI ਭਾਰਤ ਨਾਲ ਹਮੇਸ਼ਾ ਤਣਾਅ ਵਧਾਉਣ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਅਤੇ ਕਦੇ ਵੀ ਸ਼ਾਂਤੀ ਕਾਇਮ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਬਾਜਵਾ ਅਸਲ ਵਿੱਚ ਫੌਜ ਦਾ ਹਿੱਸਾ ਬਣਨ ਦੇ ਯੋਗ ਨਹੀਂ ਹੈ, ਉਹ ਝੂਠਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਸ ਦਿਨ ਤੋਂ ਜਨਰਲ ਨੇ ਸ਼ਾਂਤੀ ਦੀ ਪੇਸ਼ਕਸ਼ ਕੀਤੀ ਹੈ, ਉਸ ਦਿਨ ਤੋਂ ਸਰਹੱਦਾਂ ‘ਤੇ ਸੱਤ ਵਾਰ ਮੁੱਠਭੇੜ ਹੋਈ ਹੈ।
ਇਹ ਸਪੱਸ਼ਟ ਕਰਦਿਆਂ ਕਿ ਉਹਨਾ ਦੀ ਸਰਕਾਰ ਨਾਲ ਕਦੇ ਵੀ ਖੇਤੀ ਕਾਨੂੰਨਾਂ ਬਾਰੇ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ, ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਨੂੰਨ ਸੂਬੇ ਅਤੇ ਕਿਸਾਨਾਂ ਉੱਤੇ ਬਿਨਾਂ ਕਿਸੇ ਵਿਚਾਰ-ਵਟਾਂਦਰੇ ਤੋਂ ਥੋਪੇ ਗਏ ਹਨ ਕਿਉਂਕਿ ਸਪੱਸ਼ਟ ਤੌਰ ‘ਤੇ ਕੇਂਦਰ ਸਰਕਾਰ ਜਾਣਦੀ ਸੀ ਕਿ ਅਸੀਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਲੋੜ ਪੈਣ ‘ਤੇ ਪੰਜਾਬ ਦੀ ਵਰਤੋਂ ਕਰਨ ਤੋਂ ਬਾਅਦ ਹੁਣ ਕੇਂਦਰ ਸਰਕਾਰ ਸਾਨੂੰ ਅਣਗੌਲਿਆ ਕਰ ਰਹੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਮੁੱਢਲੇ ਤੌਰ ‘ਤੇ ਖੇਤੀਬਾੜੀ ਸੁਧਾਰ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਅਤੇ ਪੰਜਾਬ ਨੂੰ ਮੈਂਬਰ ਬਣਾਉਣ ਤੋਂ ਬਾਅਦ ਖੇਤੀ ਕਾਨੂੰਨਾਂ ਬਾਰੇ ਕਦੇ ਵੀ ਕੋਈ ਚਰਚਾ ਨਹੀਂ ਕੀਤੀ ਗਈ।
ਕੈਪਟਨ ਅਮਰਿੰਦਰ ਨੇ ਇਸ ਸੁਝਾਅ ਨੂੰ ਰੱਦ ਕਰ ਦਿੱਤਾ ਕਿ ਖੇਤੀ ਕਾਨੂੰਨਾਂ ਖਿਲਾਫ ਸੂਬੇ ਦੇ ਸੋਧ ਬਿੱਲ ਸੰਕੇਤਕ ਹਨ। ਇਹ ਬਿੱਲ ਸੰਵਿਧਾਨ ਦੀ ਧਾਰਾ 354 (2) ਅਧੀਨ ਪਾਸ ਕੀਤੇ ਗਏ ਹਨ ਜਿਵੇਂ ਕਿ ਗੁਜਰਾਤ ਨੇ ਭੂਮੀ ਗ੍ਰਹਿਣ ਕਾਨੂੰਨਾਂ ਲਈ ਕੀਤਾ ਸੀ। ਉਹਨਾਂ ਅੱਗੇ ਕਿਹਾ ਕਿ ਰਾਜਪਾਲ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਬਿੱਲਾਂ ਨੂੰ ਰਾਸਟਰਪਤੀ ਕੋਲ ਭੇਜਣ ਲਈ ਉਹਨਾਂ ਨੂੰ ਕਿਹੜਾ ਕਾਰਨ ਰੋਕ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਕੋਲ ਜਾਂਦੇ ਹਨ ਅਤੇ ਉਹ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕਰਦੇ ਹਨ ਤਾਂ ਉਹਨਾਂ ਦੀ ਸਰਕਾਰ ਸੁਪਰੀਮ ਕੋਰਟ ਕੋਲ ਅਪੀਲ ਕਰੇਗੀ।
ਇਹ ਦੱਸਦਿਆਂ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਉਨ੍ਹ÷ ਾਂ ਦਾ ਦਿਲ ਹਮੇਸ਼ਾ ਕਿਸਾਨਾਂ ਦੇ ਨਾਲ ਹੈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਰਾਜਨੀਤਿਕ ਦਖ਼ਲ ਦਾ ਵਿਰੋਧ ਕਰਨ ਵਾਲੇ ਕਿਸਾਨ ਜੇਕਰ ਉਨ੍ਹਾਂ ਕੋਲ ਇਸ ਮਾਮਲੇ ਵਿੱਚ ਦਖਲ ਲਈ ਆਉਣਗੇ ਤਾਂ ਉਹ ਖੁਸ਼ੀ ਨਾਲ ਇਸ ਮੌਜੂਦਾ ਸੰਕਟ ਦੇ ਹੱਲ ਸਬੰਧੀ ਸੁਝਾਅ ਦੇਣਗੇ।