ਕੈਪਟਨ ਵਲੋਂ ਹਜ਼ਾਰਾਂ ਟੀਚਰਾਂ ਦੀਆਂ ਮਨਪਸੰਦ ਸਟੇਸ਼ਨਾਂ ਉੱਪਰ ਬਦਲੀਆਂ

-ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਧਿਆਪਕ ਤਬਾਦਲਾ ਨੀਤੀ-2019 ਤਹਿਤ ਡਿਜੀਟਲ ਵਿਧੀ ਰਾਹੀਂ 19905 ਸਕੂਲ ਅਧਿਆਪਕਾਂ ਦੀਆਂ ਵਿਆਪਕ ਬਦਲੀਆਂ ਦੇ ਆਦੇਸ਼
ਚੰਡੀਗੜ੍ਹ, (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਅਧਿਆਪਕ ਤਬਾਦਲਾ ਨੀਤੀ-2019 ਤਹਿਤ ਸਿੱਖਿਆ ਵਿਭਾਗ ਦੇ ਆਨਲਾਈਨ ਪੋਰਟਲ ਰਾਹੀਂ ਡਿਜੀਟਲ ਤੌਰ ‘ਤੇ ਸਕੂਲ ਅਧਿਆਪਕਾਂ ਦੀਆਂ ਵੱਡੀ ਗਿਣਤੀ ਵਿੱਚ ਆਮ ਬਦਲੀਆਂ ਦੇ ਆਦੇਸ਼ ਕੀਤੇ।
ਬਟਨ ਦਬਾਉਂਦਿਆਂ ਹੀ ਮੁੱਖ ਮੰਤਰੀ ਵੱਲੋਂ 10,099 ਅਧਿਆਪਕਾਂ ਤੇ ਵਲੰਟੀਅਰਾਂ ਦੀ ਨਿਰੋਲ ਮੈਰਿਟ ‘ਤੇ ਉਨ੍ਹਾਂ ਦੀ ਪਸੰਦ ਅਨੁਸਾਰ ਸਟੇਸ਼ਨ ਉਤੇ ਬਦਲੀ ਕਰਨ ਦੀ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਹਾਜ਼ਰ ਸਨ।
ਬਦਲੀਆਂ ਲਈ ਇਛੁੱਕ 35,386 ਅਧਿਆਪਕਾਂ ਤੇ ਵਲੰਟੀਅਰਾਂ ਵੱਲੋਂ ਦਿੱਤੇ ਆਨਲਾਈਨ ਬਿਨੈ ਪੱਤਰ ਹਾਸਲ ਹੋਏ ਸਨ ਜਿਨ੍ਹਾਂ ਵਿੱਚੋਂ 15,481 ਅਯੋਗ ਪਾਏ ਗਏ ਕਿਉਂਕਿ ਉਹ ਨੀਤੀ ਤਹਿਤ ਨਿਰਧਾਰਤ ਕੀਤੇ ਮਾਪਦੰਡ ਪੂਰੇ ਨਹੀਂ ਕਰਦੇ ਸਨ। ਬਾਕੀ ਰਹਿੰਦੇ 19,905 ਬਿਨੈ ਪੱਤਰ ਬਦਲੀ ਲਈ ਯੋਗ ਪਾਏ ਗਏ। ਪਹਿਲੀ ਵਾਰ ਕੰਪਿਊਟਰ ਅਧਿਆਪਕ ਅਤੇ ਵੱਖ-ਵੱਖ ਵਰਗਾਂ ਦੇ ਸਿੱਖਿਆ ਵਲੰਟੀਅਰ ਵੀ ਅਧਿਆਪਕ ਤਬਾਦਲਾ ਨੀਤੀ ਦੇ ਦਾਇਰੇ ਹੇਠ ਲਿਆਂਦੇ ਗਏ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਿਵੇਕਲੀ ਅਧਿਆਪਕ ਤਬਾਦਲਾ ਨੀਤੀ ਖਾਲੀ ਪੋਸਟਾਂ ਭਰ ਕੇ ਮਿਆਰੀ ਸਿੱਖਿਆ ਦੇਣ ਦੇ ਟੀਚੇ ਨੂੰ ਸਫਲਤਾ ਨਾਲ ਹਾਸਲ ਕਰਨ ਵਿੱਚ ਸਹਾਈ ਸਿੱਧ ਹੋਵੇਗੀ। ਇਸ ਨਾਲ ਬਿਨਾਂ ਕਿਸੇ ਰੁਕਾਵਟ ਤੋਂ ਅਕਾਦਮਿਕ ਸੈਸ਼ਨ ਜਾਰੀ ਰੱਖਣ ਵਿੱਚ ਮੱਦਦ ਮਿਲੇਗੀ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਨਿਰੋਲ ਮੈਰਿਟ ਉਤੇ ਆਪਣੇ ਪਸੰਦੀਦਾ ਸਟੇਸ਼ਨ ਉਤੇ ਨੌਕਰੀ ਕਰਨ ਦੀ ਤਸੱਲੀ ਵੀ ਮਿਲੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਸੂਬਾ ਸਰਕਾਰ ਸਿੱਖਿਆ ਵਿਭਾਗ ਵੱਲੋਂ ਮੌਜੂਦਾ ਸਮੇਂ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਥਾਂ ਉਤੇ ਜਲਦੀ ਹੀ ਅਧਿਆਪਕਾਂ ਦੀਆਂ ਬਦਲੀਆਂ ਲਈ ‘ਅਧਿਆਪਕ ਤਬਾਦਲਾ ਐਕਟ’ ਲਿਆਂਦਾ ਜਾਵੇਗਾ।
ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉਚਾ ਚੁੱਕਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ਲਾਘਾ ਕੀਤੀ। ਪੰਜਾਬ ਨੇ ਸਕੂਲੀ ਸਿੱਖਿਆ ਵਿੱਚ ਗੁਣਵੱਤਾ ਭਰਪੂਰ ਬਦਲਾਅ ਲਿਆਉਣ ਲਈ ਕਈ ਨਿਵੇਕਲੀਆਂ ਪਹਿਲਕਦਮੀਆਂ ਦਾ ਆਗਾਜ਼ ਕੀਤਾ ਹੈ। ਇਸ ਦਿਸ਼ਾ ਵਿੱਚ ਤਬਾਦਲਾ ਨੀਤੀ-2019 ਵੀ ਇਕ ਵੱਡਾ ਕਦਮ ਸੀ।
ਆਨਲਾਈਨ ਪ੍ਰਣਾਲੀ ਤਹਿਤ ਹੁਣ ਤੱਕ 50 ਫੀਸਦੀ ਤੋਂ ਵੱਧ ਅਰਜ਼ੀਆਂ ਨੂੰ ਪੂਰੀ ਪਾਰਦਰਸ਼ਤਾ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ। ‘ਸਮੱਗਰ ਸਿੱਖਿਆ ਅਭਿਆਨ’ ਤਹਿਤ ਕੰਮ ਕਰ ਰਹੇ ਐਜੂਕੇਸ਼ਨ ਵਲੰਟੀਅਰਜ਼ ਅਤੇ ਐਜੂਕੇਸ਼ਨ ਪ੍ਰੋਵਾਈਡਰਜ਼ ਦੇ ਵੱਖ-ਵੱਖ ਵਰਗਾਂ ਤੋਂ ਇਲਾਵਾ 4405 ਮਾਸਟਰਜ਼, 3748 ਪ੍ਰਾਇਮਰੀ ਅਧਿਆਪਕਾਂ ਅਤੇ 718 ਲੈਕਚਰਾਰਾਂ ਸਮੇਤ 10,099 ਅਧਿਆਪਕਾਂ ਦੇ ਨਾਲ-ਨਾਲ ਪੰਜਾਬ ਆਈ.ਸੀ.ਟੀ. ਐਜੂਕੇਸ਼ਨ ਸੁਸਾਇਟੀ (ਪਿਕਟਸ) ਤਹਿਤ ਕੰਮ ਕਰ ਰਹੇ ਕੰਪਿਊਟਰ ਅਧਿਆਪਕ ਇਸ ਨੀਤੀ ਦਾ ਲਾਭ ਹਾਸਲ ਕਰ ਚੁੱਕੇ ਹਨ।
ਇਸ ਪ੍ਰਕ੍ਰਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਤਬਾਦਲੇ ਦੇ ਚਾਹਵਾਨ ਅਧਿਆਪਕਾਂ ਨੂੰ ਵਿਭਾਗ ਦੇ ਪੋਰਟਲ ‘ਤੇ ਅਪਲਾਈ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਮੁਲਾਜ਼ਮ ਕੈਂਸਰ, ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ, ਸਿੱਕਲ ਸੈੱਲ ਅਨੀਮੀਆ, ਥੈਲੇਸੀਮੀਆ ਜਾਂ ਡਾਇਲੈਸਿਸ ਤੋਂ ਪੀੜਤ ਹੋਵੇ, 60 ਫੀਸਦੀ ਤੱਕ ਦਿਵਿਆਂਗ ਹੋਣ, ਤਲਾਕਸ਼ੁਦਾ, ਵਿਸ਼ੇਸ਼ ਬੱਚਿਆਂ ਦੀ ਸੂਰਤ ਵਿੱਚ ਆਨਲਾਈਨ ਤਬਾਦਲੇ ਲਈ ਅਰਜ਼ੀ ਸੌਂਪਣ ਤੋਂ ਛੋਟ ਹੈ। ਇਸੇ ਤਰ੍ਹਾਂ ਜੰਗੀ ਵਿਧਵਾਵਾਂ, ਸ਼ਹੀਦਾਂ ਦੀਆਂ ਵਿਧਵਾਵਾਂ, ਜਿੱਥੇ ਕਿ ਜੀਵਨ ਸਾਥੀ ਦੀ ਮੌਤ ਹੋਣ ‘ਤੇ ਸੇਵਾ ਨਿਭਾਅ ਰਹੇ ਮੁਲਾਜ਼ਮ ਲਈ ਕਿਸੇ ਹੋਰ ਥਾਂ ‘ਤੇ ਤੁਰੰਤ ਜਾਣਾ ਜ਼ਰੂਰੀ ਹੋ ਜਾਵੇ ਅਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਾਂ ਅਜਿਹੇ ਅਧਿਆਪਕਾਂ ਜਿਨ੍ਹਾਂ ਦੇ ਜੀਵਨ ਸਾਥੀ ਫੌਜ ਵਿੱਚ ਔਕੜਾਂ ਵਾਲੇ ਸਥਾਨਾਂ ‘ਤੇ ਸੇਵਾ ਨਿਭਾਅ ਰਹੇ ਹਨ, ਨੂੰ ਆਪਣੀ ਬਦਲੀ ਲਈ ਬੇਨਤੀ ਆਨਲਾਈਨ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ