ਹੈਰਾਨੀਜਨਕ: ਘਰ-ਘਰ ਹਰਿਆਲੀ ਸਕੀਮ ਤਹਿਤ 4 ਸਾਲਾਂ ਵਿੱਚ ਪੰਜਾਬ ਨੇ ਲਾ ਦਿੱਤੇ 1 ਕਰੋੜ ਬੂਟੇ !
ਘਰ ਘਰ ਹਰਿਆਲੀ ਸਕੀਮ

ਹੈਰਾਨੀਜਨਕ: ਘਰ-ਘਰ ਹਰਿਆਲੀ ਸਕੀਮ ਤਹਿਤ 4 ਸਾਲਾਂ ਵਿੱਚ ਪੰਜਾਬ ਨੇ ਲਾ ਦਿੱਤੇ 1 ਕਰੋੜ ਬੂਟੇ !

ਚੰਡੀਗੜ, 20 ਮਾਰਚ: (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੰਤਰਰਾ਼ਸ਼ਟਰੀ ਜੰਗਲਾਤ ਦਿਵਸ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿਚ  ਦਾਅਵਾ ਕੀਤਾ ਹੈ ਿਕ ਸੂਬੇ ‘ਚ ਪਿਛਲੇ ਚਾਰ ਸਾਲਾਂ ਦੌਰਾਨ ਘਰ-ਘਰ ਹਰਿਆਲੀ ਸਕੀਮ ਅਧੀਨ ਸਭ ਤੋਂ ਵੱਧ ਇਕ ਕਰੋੜ ਬੂਟੇ ਲਗਾ ਕੇ ਪੰਜਾਬ ਮੋਹਰੀ ਸੂਬਾ ਬਣਿਆ ਹੈ।
ਉਨਾਂ ਇਹ ਵੀ ਕਿਹਾ ਕਿ ਅਸੀਂ ਇਸ ਸਾਲ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਵਿਸ਼ੇਸ਼ ਸਮਾਗਮ ਨੂੰ ਇਸੇ ਉਤਸ਼ਾਹ ਨਾਲ ਮਨਾਵਾਂਗੇ ਅਤੇ ਸਾਫ-ਸੁਥਰੇ ਵਾਤਾਵਰਣ ਦੇ ਮਿਸ਼ਨ ਨੂੰ ਅੱਗੇ ਵਧਾਵਾਂਗੇ।
ਇਸ ਮੌਕੇ ਲੋਕਾਂ ਨੂੰ ਵਧਾਈ ਦਿੰਦਿਆਂ ਜੰਗਲਾਤ ਮੰਤਰੀ ਨੇ ਅਪੀਲ ਕੀਤੀ ਕਿ ਉਹ ਜਨਮ ਦਿਨ ਅਤੇ ਧਾਰਮਿਕ ਤਿਉਹਾਰਾਂ ਵਰਗੇ ਮੌਕਿਆਂ ’ਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਹੋਰਾਂ ਨੂੰ ਵੀ ਉਤਸ਼ਾਹਿਤ ਕਰਨ। ਉਨਾਂ ਦੱਸਿਆ ਕਿ ਸੂਬਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਉਣ ਦੀ ਮੁਹਿੰਮ ਵੀ ਸਫਲਤਾ ਪੂਰਬਕ ਮੁਕੰਮਲ ਕੀਤੀ ਸੀ।
ਸ. ਧਰਮਸੋਤ ਨੇ ਕਿਹਾ ਕਿ ਹਰੇ-ਭਰੇ ਜੰਗਲ ਅਤੇ ਸਾਫ-ਸੁਥਰਾ ਵਾਤਾਵਰਣ ਸਾਨੂੰ ਜਾਨਲੇਵਾ ਵਾਇਰਸਾਂ ਤੋਂ ਬਚਾਉਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਕ ਪ੍ਰਫੁੱਲਤ ਕੁਦਰਤੀ ਵਾਤਾਵਰਣ ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੇ ਵਧੇਰੇ  ਮੌਕੇ ਪ੍ਰਦਾਨ ਕਰਾਉਣ ਦੇ ਨਾਲ-ਨਾਲ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੁੰਦਾ ਹੈ।