ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਜਨਰਲ ਬਾਜਵਾ ਨੂੰ ਦਿੱਤੀ ਇਹ ਨਸੀਹਤ

ਚੰਡੀਗੜ (ਕੇਸਰੀ ਨਿਊਜ਼ ਨੈੱਟਵਰਕ)- ਪਾਕਿਸਤਾਨ ਵੱਲੋਂ ਮਦਦ ਪ੍ਰਾਪਤ ਅੱਤਵਾਦ ਨੂੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਆਮ ਵਾਂਗ ਹੋਣ ਵਿੱਚ ਸਭ ਤੋਂ ਵੱਡਾ ਅੜਿੱਕਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਭਾਰਤ ਨਾਲ ਅਮਨ ਦੇ ਮੁੱਦੇ ਉਤੇ ਲੱਛੇਦਾਰ ਭਾਸ਼ਣ ਦੇਣ ਦੀ ਬਜਾਏ ਪੁਖਤਾ ਕਾਰਵਾਈ ਕਰਨ।

ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਨੂੰ ਪਹਿਲਾਂ ਆਈ.ਐਸ.ਆਈ. ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਭਾਰਤ-ਪਾਕਿ ਰਿਸ਼ਤਿਆਂ ਵਿੱਚ ਸਥਿਰਤਾ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪਾਕਿਸਤਾਨ ਪ੍ਰਤੀ ਨਰਮ ਰੁਖ਼ ਭਾਰਤ ਨੂੰ ਉਦੋਂ ਤੱਕ ਵਾਰਾ ਨਹੀਂ ਖਾ ਸਕਦਾ,ਜਦੋਂ ਤੱਕ ਪਾਕਿਸਤਾਨ ਆਪਣੇ ਫੋਕੇ ਵਾਅਦਿਆਂ ਦੀ ਥਾਂ ਪੁਖ਼ਤਾ ਅਮਲਾਂ ਨਾਲ ਆਪਣੀ ਸੰਜੀਦਗੀ ਸਾਬਤ ਨਹੀਂ ਕਰ ਦਿੰਦਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘‘ਸਰਹੱਦ ਪਾਰ ਤੋਂ ਭਾਰਤ ਵਿੱਚ ਘੁਸਪੈਠ ਹਾਲੇ ਵੀ ਜਾਰੀ ਹੈ ਅਤੇ ਸਰਹੱਦਾਂ ਉਤੇ ਰੋਜ਼ਾਨਾ ਭਾਰਤੀ ਫੌਜੀ ਮਾਰੇ ਜਾ ਰਹੇ ਹਨ। ਪਾਕਿਸਤਾਨ ਤੋਂ ਹਰ ਰੋਜ਼ ਡਰੋਨਾਂ ਰਾਹੀਂ ਪੰਜਾਬ ਵਿੱਚ ਹਥਿਆਰ ਤੇ ਹੈਰੋਇਨ ਪਹੁੰਚਾਈ ਜਾ ਰਹੀ ਹੈ।ਮੇਰੇ ਸੂਬੇ ਵਿੱਚ ਰੋਜ਼ਾਨਾ ਗੜਬੜੀਆਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਹਿਲਾਂ ਇਹ ਸਭ ਕੁੱਝ ਰੁਕਣਾ ਚਾਹੀਦਾ ਹੈ ਤਾਂ ਹੀ ਅਸੀਂ ਅਮਨ ਲਈ ਗੱਲਬਾਤ ਕਰ ਸਕਾਂਗੇ।’’

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਗੱਲ ਜ਼ਰੂਰੀ ਹੈ ਕਿ ਸਿਰਫ਼ ਬਾਜਵਾ ਨਹੀਂ, ਸਗੋਂ ਸਮੁੱਚੀ ਪਾਕਿਸਤਾਨੀ ਫੌਜੀ ਲੀਡਰਸ਼ਿਪ ਭਾਰਤ ਨਾਲ ਸ਼ਾਂਤੀ ਦਾ ਰਾਹ ਪੱਧਰਾ ਕਰਨ ਤੇ ਬੀਤੇ ਦੀਆਂ ਗੱਲਾਂ ਭੁਲਾਉਣ ਵਾਲੇ ਵਿਚਾਰ ਦੇ ਪੱਖ ਵਿੱਚ ਆਏ। ਉਨਾਂ ਕਿਹਾ ਕਿ ਭਾਰਤ ਨੇ ਕਦੀ ਵੀ ਦੋਵਾਂ ਮੁਲਕਾਂ ਵਿਚਾਲੇ ਅਮਨ ਦੇ ਰਾਹ ਵਿੱਚ ਅੜਿੱਕਾ ਨਹੀਂ ਡਾਹਿਆ, ਜਦੋਂ ਕਿ ਪਾਕਿਸਤਾਨ ਵੱਲੋਂ ਹੀ ਇਹ ਅੜਿੱਕੇ ਡਾਹੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਬਣੇ ਹਾਲਾਤ ਅਤੇ ਪਾਕਿਸਤਾਨ ਦੀ ਚੀਨ ਨਾਲ ਵਧਦੀ ਗੰਢ-ਤੁੱਪ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਹੋਰ ਸਰਹੱਦਾਂ ਉਤੇ ਵੀ ਭਾਰਤ ਲਈ ਖ਼ਤਰੇ ਖੜੇ ਹੋਏ ਹਨ। ਉਨਾਂ ਕਿਹਾ ਕਿ ਜੇ ਪਾਕਿਸਤਾਨ ਸੱਚੀ-ਮੁੱਚੀ ਭਾਰਤ ਨਾਲ ਅਮਨ ਲਈ ਸੰਜੀਦਾ ਹੈ ਤਾਂ ਉਸ ਨੂੰ ਚੀਨ ਨੂੰ ਇਹ ਸਪੱਸ਼ਟ ਤੇ ਠੋਕਵਾਂ ਸੁਨੇਹਾ ਦੇਣਾ ਪਵੇਗਾ ਕਿ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਉਤੇ ਕਿਸੇ ਵੀ ਤਰਾਂ ਦਾ ਜ਼ੋਖ਼ਮ ਸਹੇੜਨ ਵੇਲੇ ਉਹ (ਪਾਕਿਸਤਾਨ) ਨਾਲ ਨਹੀਂ ਖੜੇਗਾ।