ਰੇਲਵੇ ਭਾਰਤ ਦੀ ਸੰਪਤੀ, ਇਸਦਾ ਕਦੀ ਵੀ ਨਹੀਂ ਹੋਵੇਗਾ ਨਿੱਜੀਕਰਨ-ਪਿਊਸ਼ ਗੋਇਲ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਭਾਰਤੀ ਰੇਲਵੇ ਭਾਰਤ ਦੇਸ਼ ਦੀ ਸੰਪਤੀ ਹੈ ਜਿਸਦਾ ਕਿਸੇ ਵੀ ਹਾਲ ਵਿਚ ਨਿੱਜੀਕਰਨ ਨਹੀਂ ਹੋਵੇਗਾ। ਇਹ ਗੱਲ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ਵਿਚ ਸਾਲ 2021-22 ਵਾਸਤੇ ਰੇਲ ਮੰਤਰਾਲੇ ਦੇ ਨਿਯੰਤਰਣ ਅਧੀਨ ਗ੍ਰਾਂਟਾਂ ਦੀ ਮੰਗ ਉੱਪਰ ਚਰਚਾ ਦਾ ਜਵਾਬ ਦਿੰਦੇ ਹੋਏ ਆਖੀ।

ਗੋਇਲ ਨੇ ਨਾਲ ਹੀ ਕਿਹਾ ਕਿ ਬੇਸ਼ੱਕ ਰੇਲਵੇ ਦਾ ਨਿੱਜੀਕਰਨ ਕਦੇ ਨਹੀਂ ਹੋਵੇਗਾ ਪਰ ਮੁਸਾਫਿਰਾਂ ਵਾਸਤੇ ਸਹੂਲਤਾਂ ਅਤੇ ਰੇਲਵੇ ਰਾਹੀਂ ਦੇਸ਼ ਦੀ ਆਰਥਿਕ ਮਜ਼ਬੂਤੀ ਨੂੰ ਧਿਆਨ ਵਿਚ ਰੱਖਦੇ ਹੋਏ ਨਿੱਜੀ ਖੇਤਰ ਦਾ ਨਿਵੇਸ਼ ਦੇਸ਼ ਹਿੱਤ ਵਿਚ ਹੋਵੇਗਾ।

ਗੋਇਲ ਨੇ ਕਿਹਾ ਕਿ ਇਹ ਗੱਲ ਬਹੁਤ ਮੰਦਭਾਗੀ ਹੈ ਕਿ ਕੁਝ ਸੰਸਦ ਮੈਂਬਰ ਨਿੱਜੀਕਰਨ ਅਤੇ ਕਾਰਪੋਰੇਟਾਈਜੇਸ਼ਨ ਦਾ ਦੋਸ਼ ਲਗਾਉਂਦੇ ਹਨ, ਪਰ ਭਾਰਤੀ ਰੇਲ ਦਾ ਨਿੱਜੀਕਰਨ ਕਦੀ ਵੀ ਨਹੀਂ ਹੋਵੇਗਾ।

ਦੱਸ ਦੇਈਏ ਕਿ ਸੋਮਵਾਰ ਨੂੰ ਸੰਸਦ ਵਿਚ ਕਾਂਗਰਸ ਪਾਰਟੀ ਦੇ ਐਮਪੀ ਜਸਬੀਰ ਸਿੰਘ ਗਿੱਲ,ਆਈਯੂਐਮਐਲ ਦੇ ਈਟੀ ਮੁਹੰਮਦ ਬਸ਼ੀਰ ਸਮੇਤ ਕੁਝ ਮੈਂਬਰਾਂ ਨੇ ਰੇਲਵੇ ਦਾ ਨਿੱਜੀਕਰਨ ਕੀਤੇ ਜਾਣ ਸਬੰਧੀ ਟਿੱਪਣੀਆਂ ਕੀਤੀਆਂ ਸਨ।

ਉਹਨਾ ਕਿਹਾ ਕਿ ਰੇਲ ਟਰੈਕ ਦੇ ਵਾਂਗ ਸੜਕਾਂ ਵੀ ਸਰਕਾਰ ਨੇ ਬਣਾਈਆਂ ਹਨ, ਤਾਂ ਕੀ ਸੜਕਾਂ ਉੱਪਰ ਸਿਰਫ ਸਰਕਾਰੀ ਗੱਡੀਆਂ ਹੀ ਚਲਦੀਆਂ ਹਨ? ਉਹਨਾ ਕਿਹਾ ਕਿ ਸੜਕਾਂ ਉੱਪਰ ਹਰ ਕਿਸਮ ਦੀਆਂ ਗੱਡੀਆ ਚਲਦੀਆਂ ਹਨ ਤਾਂ ਹੀ ਤਰੱਕੀ ਹੁੰਦੀ ਹੈ।

ਉਹਨਾ ਸਵਾਲ ਕੀਤਾ ਕਿ ਕੀ ਯਾਤਰੀਆਂ ਨੂੰ ਚੰਗੀਆਂ ਸਹੂਲਤਾਂ ਅਤੇ ਮਾਲਵਾਹਕ ਗੱਡੀਆ ਦੀ ਆਵਾਜਾਈ ਵਧਾਉਣ ਲਈ ਕੀ ਨਿੱਜੀਖੇਤਰ ਦਾ ਨਿਵੇਸ਼ ਨਹੀਂ ਹੋਣਾ ਚਾਹੀਦਾ।

ਮੰਤਰੀ ਨੇ ਦੱਸਿਆ ਕਿ ਪਿਛਲੇ 7 ਸਾਲਾਂ ਦੌਰਾਨ ਰੇਲਵੇ ਵਿਚ ਲਿਫਟ, ਐਸਕੇਲੇਟਰ ਅਤੇ ਹੋਰ ਸਹੂਲਤਾਂ ਦੇ ਵਿਸਥਾਰ ਦੀ ਦਿਸ਼ਾ ਵਿਚ ਜ਼ਿਕਰਯੋਗ ਕੰਮ ਹੋਇਆ ਹੈ। ਉਹਨਾ ਕਿਹਾ ਕਿ ਜੇਕਰ ਅਸੀਂ ਅਤਿ ਆਧੁਨਿਕ ਅਤੇ ਭਰੋਸੇਯਾਗ ਰੇਲਵੇ ਚਾਹੁੰਦੇ ਹਾਂ ਤਾਂ ਬਹੁਤ ਸਾਰੇ ਧਨ ਦੀ ਜਰੂਰਤ ਪਵੇਗੀ।

ਰੇਲਵੇ ਪ੍ਰਾਜੈਕਟਾਂ ਦਾ ਵੇਰਵਾ ਦਿੰਦੇ ਹੋਏ ਰੇਲ ਮੰਤਰੀ ਨੇ ਦੱਸਿਆੱ ਕਿ ਅੰਮ੍ਰਿਤਸਰ ਵਾਸਤੇ 230 ਕਰੋੜ ਦੇ ਨਿਵੇਸ਼ ਦੀ ਯੋਜਨਾ ਬਣਾਈ ਗਈ ਹੈ ਅਤੇ ਹੋਰ 50 ਸਟੇਸ਼ਨਾਂ ਦਾ ਮਾਡਲ ਤਿਆਰ ਕੀਤਾ ਗਿਆ ਹੈ। ਦਿੱਲੀ ਦੇ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਵਾਸਤੇ ਵੀ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ।

ਰੇਲ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਨਿੱਜੀ ਖੇਤਰ ਜਦੋਂ ਮਿਲਕੇ ਕੰਮ ਕਰਨਗੇ ਤਾਂ ਇਸਦਾ ਲਾਭ ਯਾਤਰੀਆਂ ਨੂੰ ਹੀ ਮਿਲੇਗਾ।