ਪੱਛਮੀ ਬੰਗਾਲ ਚੋਣਾ ਦੀ ਸਭ ਤੋਂ ਹਾਟ ਸੀਟ ਬਣੀ ਨੰਦੀਗ੍ਰਾਮ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਦੇਸ਼ ਦੇ ਮੌਜੂਦਾ ਹਾਲਾਤ ਵਿਚ ਪੱਛਮੀ ਬੰਗਾਲ ਦੀਆਂ ਚੋਣਾ ਦੇਸ਼ ਵਿਦੇਸ਼ ਵਿਚ ਚਰਚਾ ਦੀ ਵਿਸ਼ਾ ਬਣੀਆਂ ਹੋਈਆਂ ਹਨ। ਪਰ ਨੰਦੀਗ੍ਰਾਮ ਸਾਰੀਆਂ ਲੋਕਸਭਾ ਸੀਟਾਂ ਵਿਚੋਂ ਸਭ ਤੋਂ ਵਧੇਰੇ ਚਰਚਾ ਵਿਚ ਹੈ।
ਇਸਦਾ ਮੁੱਖ ਕਾਰਨ ਹੈ ਟੀਐਮਸੀ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੌਜੂਦਾ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨੰਦੀਗ੍ਰਾਮ ਸੀਟ ਤੋਂ ਚੋਣ ਲੜਨਾ। ਇਸ ਸੀਟ ਦਾ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ ਹੈ ਜਦੋਂ ਕਿ ਉਹਨਾ ਦੇ ਵਿਰੋਧ ਵਿਚ ਭਾਰਤੀ ਜਨਤਾ ਪਾਰਟੀ ਨੇ ਸੁਵੇਂਦੁ ਅਧਿਕਾਰੀ ਨੂੰ ਚੋਣ ਦੇ ਮੈਦਾਨ ਵਿਚ ਉਤਾਰਿਆ ਹੈ।

ਸਿਆਸੀ ਦਰਸ਼ਕ ਮਮਤਾ ਦੀ ਨੰਦੀਗ੍ਰਾਮ ਤੋਂ ਚੋਣ ਲੜਨ ਦੀ ਰਣਨੀਤੀ ਨੂੰ ਦੋ ਬਿਲਕੁਲ ਵੱਖ ਵੱਖ ਵਿਚਾਰ ਧਾਰਾਵਾਂ ਨਾਲ ਮਿਲਾ ਕੇ ਵੇਖ ਰਹੇ ਹਨ।
ਕੁਝ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਫੈਸਲਾ ਕਰਕੇ ਮਮਤਾ ਦੀਦੀ ਨੇ ਆਪਣੇ ਪੈਰ ਖੁਦ ਹੀ ਕੁਹਾੜੀ ਮਾਰ ਲਈ ਹੈ। ਪਰ ਦੂਜੇ ਪੱਖ ਦੇ ਵਿਸ਼ਲੇਸ਼ਣ ਨੰਦੀਗ੍ਰਾਮ ਤੋਂ ਚੋਣ ਲੜਨ ਨੂੰ ਮਮਤਾ ਦੇ ਮਾਸਟਰ ਸਟ੍ਰੋਕ ਵਜੋਂ ਦੇਖ ਰਹੇ ਹਨ।

ਪਹਿਲਾਂ ਸੁਵੇਂਦੁ ਅਧਿਕਾਰੀ ਦੀ ਗੱਲ ਕਰ ਲਈਏ। ਦਰਅਸਲ ਸੁਵੇਂਦੁ ਅਧਿਕਾਰੀ ਮਮਤਾ ਬੈਨਰਜੀ ਦੀ ਪਾਰਟੀ ਦੇ ਦੂਜੇ ਨੰਬਰ ਦਾ ਚਿਹਰਾ ਰਹੇ ਹਨ ਜਿਨਾਂ ਨੇ ਮਮਤਾ ਦਾ ਸਾਥ ਛੱਡਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਸੁਵੇਂਦੁ ਦਾ ਇਸਤੇਮਾਲ ਭਾਜਪਾ ਟੀਐਮਸੀ ਦੀਆਂ ਨੀਤੀਆਂ ਨੂੰ ਉਜਾਗਰ ਕਰਨ ਲਈ ਪੂਰੇ ਸੂਬੇ ਵਿਚ ਕਰਨਾ ਚਾਹੁੰਦੀ ਹੈ।
ਸੁਵੇਂਦੁ ਦੀਆਂ ਸਰਗਰਮੀਆਂ ਨੂੰ ਨੰਦੀਗ੍ਰਾ੍ਮ ਤਕ ਸੀਮਿਤ ਕਰਨ ਦੀ ਰਣਨੀਤੀ ਨੂੰ ਟੀਐਮਸੀ ਮਮਤਾ ਦੇ ਮਾਸਟਰ ਸਟਰੋਕ ਵਜੋਂ ਦੇਖ ਰਹੇ ਹਨ।

ਸੁਵੇਂਦੁ ਵਰਗੇ ਭਾਜਪਾ ਦੇ ਹੈਵੀਵੇਟ ਉਮੀਦਵਾਰ ਨੂੰ ਉਸਦੇ ਚੋਣ ਹਲਕੇ ਤਕ ਸੀਮਿਤ ਕਰਨ ਦੀ ਰਣਨੀਤੀ ਨੂੰ ਟੀਐਮਸੀ ਵਾਸਤੇ ਲਾਭ ਦਾ ਸੌਦਾ ਮੰਨਿਆ ਜਾ ਰਿਹਾ ਹੈ। ਕਿਉਂਕਿ ਸੁਵੇਂਦੁ ਖੱਬੇ ਪੱਖੀਆਂ ਦੀ ਸਰਕਾਰ ਦੌਰਾਨ ਹੋਣ ਨੰਦੀਗ੍ਰਾਮ ਅੰਦੋਲਨ ਵਿਚ ਪ੍ਰਮੁੱਖ ਚਿਹਰੇ ਵਜੋਂ ਉੱਭਰ ਕੇ ਸਾਹਮਣੇ ਆਏ ਸਨ ਜਿਸ ਅੰਦੋਲਨ ਦੀ ਸਫਲਤਾ ਤੋਂ ਬਾਅਦ ਹੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੀ ਸਿਆਸਤ ਵਿਚ ਪੈਰ ਜਮਾਏ।

ਅਜਿਹੇ ਵਿਚ ਸੁਵੇਂਦੁ ਦਾ ਪ੍ਰਭਾਵ ਨੰਦੀਗ੍ਰਾਮ ਦੇ ਆਸਪਾਸ ਦੀਆਂ 60 ਤੋਂ ਜ਼ਿਆਦਾ ਸੀਟਾਂ ਦੇ 30 ਫੀਸਦੀ ਦੇ ਕਰੀਬ ਵੋਟਰਾਂ ਉੱਪਰ ਸਮਝਿਆ ਜਾ ਰਿਹਾ ਹੈ। ਇਸੇ ਵਾਸਤੇ ਭਾਜਪਾ ਸੁਵੇਂਦੁ ਦੀ ਵਰਤੋਂ ਨੰਦੀਗ੍ਰਾਮ ਤੋਂ ਬਾਹਰ ਵੀ ਕਰਨਾ ਚਾਹੁੰਦੀ ਸੀ ਜੋ ਨੰਦੀਗ੍ਰਾਮ ਵਿਚੋੰ ਮਮਤਾ ਬੈਨਰਜੀ ਨੂੰ 50 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਹਰਾਉਣ ਦਾ ਦਾਅਵਾ ਕਰ ਰਹੇ ਹਨ।
ਦੂਜੇ ਪਾਸੇ ਮਮਤਾ ਬੈਨਰਜੀ ਖੁਦ ਵੀ ਪੱਛਮੀ ਬੰਗਾਲ ਦੀਆਂ ਚੋਣਾ ਦੌਰਾਨ ਟੀਐਮਸੀ ਦਾ ਮੁੱਖ ਚਿਹਰਾ ਹੋਣ ਕਾਰਨ ਸੁਵੇਂਦੁ ਦੇ ਪ੍ਰਭਾਵ ਨੂੰ ਨੰਦੀਗ੍ਰਾਮ ਤਕ ਸੀਮਿਤ ਰੱਖਣ ਦੀ ਰਣਨੀਤੀ ਦੇ ਮੱਦੇਨਜ਼ਰ ਕਾਫੀ ਅਹਿਮ ਸਮਝੇ ਜਾ ਰਹੇ ਹਨ। ਦੋਵੇਂ ਆਗੂ ਹੈਵੀਵੇਟ ਹੋਣ ਕਾਰਨ ਇਹ ਸੀਟ ਦੋਵਾਂ ਦੀ ਹੋਂਦ ਲਈ ਵਕਾਰ ਦਾ ਸਵਾਲ ਬਣ ਚੁੱਕੀ ਹੈ। ਏਸੇ ਕਾਰਨ ਪੱਛਮੀ ਬੰਗਾਲ ਦੀ ਨੰਦੀਗ੍ਰਾਮ ਸੀਟ ਹਾਟ ਸੀਟ ਸਾਬਿਤ ਹੋ ਰਹੀ ਹੈ।
ਦੱਸ ਦੇਈਏ ਕਿ ਨੰਦੀਗ੍ਰਾਮ ਵਿਚ ਹੀ ਇਕ ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਦੀ ਗੱਡੀ ਦੀ ਤਾਕੀ ਵਿਚ ਪੈਰ ਫਸ ਜਾਣ ਕਾਰਨ ਉਹ ਜ਼ਖ਼ਮੀ ਵੀ ਹੋ ਗਈ ਸੀ ਜਿਸ ਨੂੰ ਪਹਿਲਾਂ ਪਹਿਲ ਭਾਜਪਾ ਦੀ ਸਾਜਿਸ਼ ਦੱਸਕੇ ਟੀਐਮਸੀ ਨੇ ਇਸ ਹਾਦਸੇ ਨੂੰ ਆਪਣੇ ਹੱਕ ਵਿਚ ਲੋਕ ਭਾਵਨਾਵਾਂ ਨੂੰ ਭੁਨਾਉਣ ਦੀ ਕੋਸ਼ਿਸ਼ ਕੀਤੀ ਸੀ।
ਦਿਨੋ ਦਿਨ ਨੰਦੀਗ੍ਰਾਮ ਦੀ ਚੋਣ ਦੇਸ਼ ਵਿਦੇਸ਼ ਵਿਚ ਦਿਲਚਸਪੀ ਦਾ ਕਾਰਨ ਬਣਦੀ ਜਾ ਰਹੀ ਹੈ। ਦੇਖਦੇ ਹਾਂ ਊਠ ਕਿਸ ਕਰਵਟ ਬੈਠਦਾ ਹੈ।