ਪੰਜਾਬ ਦੀ ਅੱਧੀ ਆਬਾਦੀ ਲਈ ਬਸ ਸਫਰ ਹੋਇਆ ਮੁਫ਼ਤ

ਚੰਡੀਗੜ੍ਹ(ਕੇਸਰੀ ਨਿਊਜ਼ ਨੈੱਟਵਰਕ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੋਮਵਾਰ ਨੂੰ ਆਪਣੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ ਹੈ। ਉਮੀਦ ਅਨੁਸਾਰ ਇਸ ਵਾਰ ਸਰਕਾਰ ਨੇ ਆਪਣੇ ਬਜਟ ਵਿਚ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਵਲੋਂ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿਚ ਪੰਜਾਬ ਵਾਸੀਆਂ ਲਈ ਸਹੂਲਤਾਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ ।

ਬੱਜਟ ਦੀਆਂ ਖਾਸ ਗੱਲਾਂ :-

ਨਵੇਂ ਬਜਟ ਵਿੱਚ ਸਰਕਾਰ ਨੇ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਤੋਹਫੇ ਵਜੋਂ ਸਰਕਾਰੀ ਬੱਸਾਂ ਦੇ ਕਿਰਾਏ ਵਿੱਚ ਛੋਟ ਦਿੱਤੀ ਹੈ। ਨਵੇਂ ਐਲਾਨ ਅਨੁਸਾਰ ਹੁਣ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ।

ਸਰਕਾਰ ਵੱਲੋਂ ਪੈਨਸ਼ਨ ਨੂੰ ਲੈ ਕੇ ਇਕ ਵੱਡਾ ਐਲਾਨ ਵੀ ਕੀਤਾ ਗਿਆ ਹੈ। ਸਰਕਾਰ ਵੱਲੋਂ ਹੁਣ ਬੁਢਾਪਾ ਪੈਨਸ਼ਨ 750 ਤੋਂ ਵਧਾ ਕੇ 1500 ਕਰ ਦਿੱਤੀ ਗਈ ਹੈ ਜਦਕਿ ਫ੍ਰੀਡਮ ਫਾਈਟਰ ਦੀ ਪੈਨਸ਼ਨ ਵੀ 7500 ਤੋਂ ਵਧਾ ਕੇ 9400 ਕਰ ਦਿੱਤੀ ਗਈ ਹੈ।
ਸਰਕਾਰ ਸ਼ਗਨ ਸਕੀਮ ਨੂੰ 21000 ਤੋਂ ਵਧਾ ਕੇ 51000 ਕਰਨ ਜਾ ਰਹੀ ਹੈ।

ਸਿਹਤ ਸਹੂਲਤਾਂ ਲਈ ਸਰਕਾਰ ਵੱਲੋਂ 3882 ਕਰੋੜ ਦਾ ਬਜਟ ਰੱਖਿਆ ਗਿਆ ਹੈ। ਇਸ ਦੇ ਤਹਿਤ ਸਰਕਾਰ ਨੇ ਹੁਸ਼ਿਆਰ ਪੁਰ, ਫਿਰੋਜ਼ਪੁਰ ਅਤੇ ਸੰਗਰੂਰ ਵਿੱਚ ਵੀ ਡਰੱਗ ਵੇਅਰ ਹਾਊਸ ਬਣਾਉਣ ਦਾ ਐਲਾਨ ਕੀਤਾ ਹੈ।

” ਸਫਲ ਕਿਸਾਨ ਖੁਸ਼ਹਾਲ ਪੰਜਾਬ” ਸਕੀਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਯੋਜਨਾ ਲਈ 3780 ਕਰੋੜ ਦਾ ਬਜਟ ਰੱਖਿਆ ਗਿਆ ਹੈ।

ਜੁਲਾਈ ਤੋਂ 6 ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਬਕਾਏ ਦੀ ਪਹਿਲੀ ਕਿਸ਼ਤ ਅਕਤੂਬਰ ਵਿੱਚ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।

ਸਰਕਾਰ ਦੁਆਰਾ ਕਿਸਾਨਾਂ ਦੇ ਕਰਜ਼ਾ ਮੁਆਫੀ ਲਈ 1186 ਕਰੋੜ ਦਾ ਬਜਟ ਰੱਖਿਆ ਗਿਆ ਹੈ। ਨਾਲ ਹੀ 4650 ਕਰੋੜ ਦਾ ਬਜਟ ਸਰਕਾਰ ਦੁਆਰਾ ਮੁਫਤ ਬਿਜਲੀ ਲਈ ਰੱਖਿਆ ਗਿਆ ਹੈ।

526 ਕਰੋੜ ਨਾਲ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ।

ਸਿੰਜਾਈ ਵਾਸਤੇ ਗੰਦੇ ਪਾਣੀ ਦੀ ਵਰਤੋਂ ਲਈ 480 ਕਰੋੜ ਦਾ ਬਜਟ ਰੱਖਿਆ ਗਿਆ ਹੈ।