ਪੰਜਾਬ ਭਾਜਪਾ ਨੂੰ ਵੱਡਾ ਝਟਕਾ, ਟਰਾਂਸਪੋਰਟ ਸੈੱਲ ਦਾ ਸੂਬਾ ਪ੍ਰਧਾਨ ਸ਼ਰਾਬ ਤਸਕਰੀ ਦੇ ਦੋਸ਼ ਵਿਚ ਕਾਬੂ, ਪਾਰਟੀ ਨੇ ਅਹੁਦਾ ਵੀ ਖੋਹਿਆ

ਜਲੰਧਰ (ਕੇਸਰੀ ਵਿਰਾਸਤ ਨੈੱਟਵਰਕ)- ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਵਿਚ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਅੱਜ ਵੱਡਾ ਝਟਕਾ ਲੱਗਾ। ਦਰਅਸਲ ਭਾਜਪਾ ਟਰਾਂਸਪੋਰਟ ਸੈੱਲ ਦਾ ਸੂਬਾ ਪ੍ਰਧਾਨ ਅਜੇ ਜੋਸ਼ੀ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਪੁਲਿਸ ਦੇ ਹੱਥ ਆ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਨੇ ਉਸ ਨਾਲੋਂ ਤੁਰੰਤ ਹੀ ਤੋਡ਼ ਵਿਛੋੜਾ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਅਜੇ ਜੋਸ਼ੀ ਲੁਧਿਆਣਾ ਵਾਲੇ ਪਾਸਿਉਂ ਆਪਣੀ ਗੱਡੀ ਵਿਚ ਸਵਾਰ ਹੋ ਕੇ ਆ ਰਿਹਾ ਸੀ ਤਾਂ ਜਲੰਧਰ ਦੇ ਪਰਾਗਪੁਰ ਚੌਕੀ ਦੀ ਪੁਲਸ ਨੇ ਉਸਦੀ ਗੱਡੀ ਰੋਕ ਕੇ ਤਲਾਸ਼ੀ ਲਈ। ਚੌਕੀ ਇੰਚਾਰਜ ਸੁਰਿੰਦਰਪਾਲ ਅਨੁਸਾਰ ਉਸਦੀ ਗੱਡੀ ਵਿਚੋਂ ਮਹਿੰਗੇ ਭਾਅ ਦੀ ਵੱਖ ਵੱਖ ਬਰਾਂਡ ਦੀ 6 ਪੇਟੀਆਂ ਸ਼ਰਾਬ ਬਰਾਮਦ ਹੋਈ।
ਸੂਤਰਾਂ ਅਨੁਸਾਰ ਅਜੇ ਜੋਸ਼ੀ ਸੂਬੇ ਦਾ ਖੁਦ ਵੱਡਾ ਸ਼ਰਾਬ ਕਾਰੋਬਾਰੀ ਹੈ ਜਿਸ ਕੋਲ ਦੇਸੀ ਸ਼ਰਾਬ ਦਾ ਸੂਬਾ ਪੱਧਰੀ ਸ਼ਰਾਬ ਦਾ ਲਾਇਸੰਸ ਵੀ ਹੈ। ਸਾਰੇ ਨਿਯਮ ਤੇ ਸ਼ਰਤਾਂ ਨੂੰ ਚੰਗੀ ਤਰਾਂ ਜਾਣਦਾ ਹੋਣ ਦੇ ਬਾਵਜੂਦ ਉਹ ਨਾਜਾਇਜ਼ ਸ਼ਰਾਬ ਨੂੰ ਆਪਣੇ ਵਾਹਨ ਵਿਚ ਕਿਵੇਂ ਲੈ ਕੇ ਤੁਰ ਪਿਆ, ਇਸ ਗੱਲ ਉੱਪਰ ਭਾਜਪਾ ਖੇਮਿਆਂ ਵਿਚ ਭਾਰੀ ਹੈਰਾਨੀ ਪਾਈ ਜਾ ਰਹੀ ਹੈ।
ਦੂਜੇ ਪਾਸੇ ਪੁਲਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਅਜੇ ਜੋਸ਼ੀ ਖਿਲਾਫ਼ ਐਕਸਾਈਜ਼ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਹੈ। ਜਦ ਕਿ ਪੰਜਾਬ ਭਾਜਪਾ ਨੇ ਅਜੇ ਜੋਸ਼ੀ ਦੀ ਇਸ ਹਰਕਤ ਨੂੰ ਬਹੁਤ ਹੀ ਗੈਰਜਿੰਮੇਵਾਰਾਨਾ ਅਤੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਕਾਰਵਾਈ ਮੰਨਦੇ ਹੋਏ ਉਸ ਨੂੰ ਪਾਰਟੀ ਦੇ ਅਹੁਦਿਆਂ ਤੋਂ ਤੁਰੰਤ ਪ੍ਰਭਾਵ ਨਾਲ ਮੁਕਤ ਕਰ ਦਿੱਤਾ ਹੈ। ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਜਿਲਾ ਜਲੰਧਰ ਦੇ ਇੰਚਾਰਜ ਡਾਕਟਰ ਸੁਭਾਸ਼ ਸ਼ਰਮਾ ਵਲੋਂ ਜਾਰੀ ਬਿਆਨ ਅਨੁਸਾਰ ਅਜੇ ਜੋਸ਼ੀ ਨੂੰ ਤੁਰੰਤ ਹੀ ਪਾਰਟੀ ਦੀ ਹਰ ਜਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਤਾਂ ਜੋ ਪੁਲਸ ਬਿਨਾ ਕਿਸੇ ਦਬਾਅ ਦੇ ਆਪਣੀ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾ ਸਕੇ।