ਟਰੈਕਟਰ ਮਾਰਚ ਨੂੰ ਮਨਜ਼ੂਰੀ ਤੋਂ ਉਤਸ਼ਾਹਿਤ ਕਿਸਾਨ ਆਗੂਆਂ ਵਲੋਂ ਮੋਦੀ ਸਰਕਾਰ ਦੀ ਢਿੰਬਰੀ ਟਾਈਟ ਕਰਨ ਦਾ ਨਵਾਂ ਫਾਰਮੂਲਾ ਤਿਆਰ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਕੇਂਦਰ ਸਰਕਾਰ ਵਲੋਂ ਜਾਰੀ ਨਵੇਂ  ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਕਰੀਬ 2 ਮਹੀਨਿਆਂ ਤੋਂ ਜਾਰੀ ਅੰਦੋਲਨ ਦੀ ਰੂਪਰੇਖਾ ਦਿਨੋ ਦਿਨ ਪੇਚੀਦਾ ਹੁੰਦੀ ਜਾ ਰਹੀ ਹੈ। ਇਸ ਨਾਲ ਜਿੱਥੇ ਕਿਸਾਨ ਜਥੇਬੰਦੀਆਂ ਦੀ ਸਰਕਾਰ ਉੱਪਰ ਦਬਾਅ ਵਧਦਾ ਜਾ ਰਿਹਾ ਹੈ ਉੱਥੇ ਸਮੁੱਚੇ ਭਾਰਤ ਦੇ ਕਰੋੜਾਂ ਕਿਸਾਨਾ ਦੇ ਭਵਿੱਖ ਅੱਗੇ ਵੀ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਚੁੱਕੇ ਹਨ।

ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿਚ ਕਿਸਾਨ ਜਥੇਬੰਦੀਆਂ ਵਲੋਂ ਉਲੀਕੀ ਗਈ ਗਣਤੰਤਰ ਦਿਵਸ ਮੌਕੇ ਟਰੈਕਟਰ ਰੋਸ ਮਾਰਚ ਦੀ ਰੂਪਰੇਖਾ ਨੂੰ ਬੂਰ ਪੈਂਦਾ ਦਿਸਣ ਤੋਂ ਬਾਅਦ ਜਿੱਥੇ ਕਿਸਾਨ ਜਥੇਬੰਦੀਆਂ ਨੂੰ ਆਪਣੀ ਚੜਤ ਦਿਖਾਈ ਦੇਣ ਲੱਗੀ ਹੈ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਫਿਲਹਾਲ ਕਿਸਾਨਾਂ ਦੇ ਰੋਹ ਨੂੰ ਹੋਰ ਵਧਾਉਣ ਤੋਂ ਹਰ ਹੀਲੇ ਬਚਦੀ ਦਿਖਾਈ ਦੇ ਰਹੀ ਹੈ।

ਟਰੈਕਟਰ ਮਾਰਚ ਦੀ ਰੂਪਰੇਖਾ ਨੂੰ ਦਿੱਲੀ ਪੁਲਿਸ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਕਿਸਾਨ ਆਗੂਆਂ ਨੇ ਅਗਲੀ ਸੰਘਰਸ਼ ਦੀ ਰੂਪਰੇਖਾ ਦਾ ਵੀ ਐਲਾਨ ਕਰ ਦਿੱਤਾ ਹੈ ਜਿਸ ਕਾਰਨ ਸਰਕਾਰ ਨੂੰ ਹ੍ੱਥਾਂ ਪੈਰਾਂ ਦੀ ਪੈ ਜਾਣੀ ਸੁਭਾਵਿਕ ਹੈ।  ਜਥੇਬੰਦੀਆਂ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣ ਦੀ ਤਿਆਰੀ ‘ਚ ਹਨ।

ਇਸ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਸੋਮਵਾਰ ਨੂੰ  ਇਹ ਕਹਿੰਦੇ ਹੋਏ ਸਨਸਨੀ ਫੈਲਾਅ ਦਿੱਤੀ ਕਿ ਅਸੀਂ ਇਕ ਫ਼ਰਵਰੀ ਨੂੰ ਦਿੱਲੀ ‘ਚ ਵੱਖ-ਵੱਖ ਥਾਂਵਾਂ ਤੋਂ ਸੰਸਦ ਵੱਲ ਪੈਦਲ ਮਾਰਚ ਕੱਢਾਂਗੇ।

ਮਾਰਕਸਵਾਦੀ ਵਿਚਾਰਧਾਰਾ ਨਾਲ ਸਬੰਧਤ ਆਗੂਆਂ ਹੱਥ ਇਸ ਸਮੁੱਚੇ ਅੰਦੋਲਨ ਦੀ ਫਿਲਹਾਲ ਵਾਗਡੋਰ ਆ ਜਾਣ ਕਾਰਨ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਯੋਗੇਂਦਰ ਯਾਦਵ, ਦਰਸ਼ਨ ਪਾਲ ਤੋਂ ਇਲਾਵਾ ਬਲਬੀਰ ਸਿੰਘ ਰਾਜੇਵਾਲ ਵਰਗੇ ਮਾਰਕਸੀ ਵਿਚਾਰਧਾਰਾ ਦੇ ਆਗੂਆਂ ਦੇ ਪੰਜਾਬ ਦੇ ਘਰ ਘੜ ਵਿਚੋਂ ਕਿਸਾਨ ਹਿੱਤਾਂ ਦੇ ਨਾਂ ਤੇ ਮਿਲ ਰਹੀ ਜੋਰਦਾਰ ਹਿਮਾਇਤ ਕਾਰਨ ਦਿਨੋ ਦਿਨ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। 

ਸਿੱਖ ਮਾਨਸਿਕਤਾ ਦਾ ਵੀ ਮੋਦੀ ਸਰਕਾਰ ਖਿਲਾਫ਼ ਡਟ ਕੇ ਖੜ੍ਹ ਜਾਣਾ ਖੱਬੇਪੱਖੀ ਧਿਰਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਜੇਕਰ ਭਲਕੇ 26 ਜਨਵਰੀ ਨੂੰ ਟਰੈਕਟਰ ਮਾਰਚ ਸਹੀ ਸਲਾਮਤ ਨਿੱਬੜ ਜਾਂਦਾ ਹੈ ਤਾਂ ਸਰਕਾਰ ਨੂੰ ਐਲਾਨੇ ਗਏ ਪੈਦਲ ਮਾਰਚ ਨਾਲ ਨਜਿੱਠਣ ਦੀ ਨਵੀਂ ਸਿਰਦਰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਲ ਮਿਲਾ ਕੇ ਮੋਦੀ ਸਰਕਾਰ ਦਾ ਇਮਤਿਹਾਨ ਦਿਨੋ ਦਿਨ ਸਖ਼ਤ ਹੁੰਦਾ ਜਾ ਰਿਹਾ ਹੈ।