ਸਿੰਘੂ ਬਾਰਡਰ ਵਿਖੇ ਕਾਂਗਰਸੀ ਮੈਂਬਰ ਪਾਰਲੀਮੈਂਟ ਉੱਪਰ ਹਮਲਾ,ਪੱਗ ਉੱਤਰੀ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ )- ਕਿਸਾਨ ਅੰਦੋਲਨ ਦੌਰਾਨ ਸਿੱਘੂ ਬਾਰਡਰ ਦਿੱਲੀ ਤੋਂ ਵੱਡੀ ਖ਼ਬਰ ਆਈ ਹੈ ਜਿਸ ਦੌਰਾਨ ਸੰਘਰਸ਼ ਨੂੰ ਆਪਣੀ ਹਿਮਾਇਤ ਦੇਣ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਉੱਪਰ ਕੁੱਝ ਨੌਜਵਾਨਾਂ ਵਲੋਂ ਹਮਲਾ ਕਰਕੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤੇ ਜਾਣ ਦੀ ਸੂਚਨਾ ਹੈ ।

ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਐਮਪੀ ਅਤੇ ਕਾਂਗਰਸ ਆਗੂ ਰਵਨੀਤ ਸਿੰਘ ਬਿੱਟੂ ਅੱਜ ਸਿੰਘੂ ਬਾਰਡਰ ਵਿਖੇ ਪੁੱਜੇ ਤਾਂ ਕੁੱਝ ਨੌਜਵਾਨ ਉਨ੍ਹਾਂ ਦੀ ਆਮਦ ਦਾ ਵਿਰੋਧ ਕਰਨ ਲੱਗੇ । ਇਨ੍ਹਾਂ ਨੌਜਵਾਨਾਂ ਵਿੱਚੋਂ ਬਹੁਗਿਣਤੀ ਦੇ ਹੱਥਾਂ ਵਿਚ ਕੇਸਰੀ ਝੰਡੇ ਨਜ਼ਰ ਆ ਰਹੇ ਸਨ ਜਿਨ੍ਹਾਂ ਉੱਪਰ ਖੰਡੇ ਦੇ ਨਿਸ਼ਾਨ ਤੋਂ ਇਲਾਵਾ ਰਾਜ ਕਰੇਗਾ ਖਾਲਸਾ ਵੀ ਅੰਕਿਤ ਸੀ। 

ਬਿੱਟੂ ਦਾ ਵਿਰੋਧ ਏਨਾ ਵਧ ਗਿਆ ਕਿ ਗੁੱਸੇ ਵਿਚ ਆਏ ਨੌਜਵਾਨ ਬਿੱਟੂ ਨਾਲ ਉਲਝ ਪਏ ਅਤੇ ਝੜਪ ਦੌਰਾਨ ਦੇਖਦੇ ਹੀ ਦੇਖਦੇ ਬਿੱਟੂ ਦੇ ਸਿਰ ਉੱਪਰੋਂ ਦਸਤਾਰ ਉੱਤਰ ਗਈ। ਕੁਝ ਹੁੱਲੜਬਾਜਾਂ ਨੇ ਕਾਂਗਰਸ ਐਮਪੀ ਦੀ ਗੱਡੀ ਨੂੰ ਵੀ ਨਿਸ਼ਾਨਾ ਬਣਾਇਆ ਜਿਸ ਦੌਰਾਨ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ। 

ਇਸ ਘਟਨਾ ਚੱਕਰ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਭੀੜ ਵਿੱਚੋਂ ਕੱਢ ਕੇ ਸੁਰੱਖਿਅਤ ਥਾਂਟੇ ਪਹੁੰਚਾਇਆ । ਹਾਲਾਂਕਿ ਕਿਸਾਨ ਆਗੂਆਂ ਨੇ ਨੌਜਵਾਨਾਂ ਨਾਲ ਆਪਣਾ ਸਿੱਧਾ ਸੰਪਰਕ ਹੋਣ ਤੋਂ ਇਨਕਾਰ ਕੀਤਾ ਹੈ । 

ਕੁਝ ਸਿੱਖ ਗਰਮ ਖਿਆਲੀਆਂ ਅਤੇ ਖਾਲਿਸਤਾਨ ਪੱਖੀਆਂ ਵਲੋਂ ਕਿਸਾਨਾਂ ਦੇ ਭੇਸ ਵਿਚ ਘੁਸਪੈਠ ਕਰ ਜਾਣ ਦੀਆਂ ਮੀਡੀਆ ਵਿਚ ਉੱਠ ਰਹੀਆਂ ਖ਼ਬਰਾਂ ਦੌਰਾਨ ਅਜਿਹੀ ਹਿੰਸਕ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ । ਹਾਲਾਂਕਿ ਚਲ ਰਹੇ ਸੰਘਰਸ਼ ਦੀ ਤੀਬਰਤਾ ਨੂੰ ਦੇਖਦੇ ਹੋਏ ਕਾਂਗਰਸ ਆਗੂ ਇਸ ਮਾਮਲੇ ਵਿਚ ਕੁੱਝ ਆਖਣ ਤੋਂ ਗੁਰੇਜ਼ ਹੀ ਕਰ ਰਹੇ ਹਨ । ਸ਼ਾਇਦ ਅਜਿਹੀਆਂ ਹਿੰਸਕ ਕਾਰਵਾਈਆਂ ਦਾ ਵਿਰੋਧ ਕਰਨ ਉੱਪਰ ਕਾਂਗਰਸ ਨੂੰ ਕਿਸਾਨਾਂ ਦੇ ਗੁੱਸੇ ਦੀ ਗਾਜ਼ ਮੋਦੀ ਸਰਕਾਰ ਵਲੋਂ ਹਟ ਕੇ ਉਨ੍ਹਾਂ ਉੱਪਰ ਹੀ ਆ ਡਿੱਗਣ ਦਾ ਡਰ ਸਤਾ ਰਿਹਾ ਹੈ ।