ਮਾਘੀ ਮੌਕੇ ਜਲੰਧਰ ਪ੍ਰਸਾਸ਼ਨ ਦਾ ਸ਼ਹਿਰ ਵਾਸੀਆਂ ਨਾਲ ਮਜ਼ਾਕ! ਸੜਕਾਂ ‘ਤੇ ਘੁੰਮਦੇ ਹਜ਼ਾਰਾਂ ਬੇਸਹਾਰਾ ਪਸ਼ੂਆਂ ਚੋਂ 6 ਗਊਸ਼ਾਲਾ ਭੇਜਕੇ ਛਪਵਾਈਆਂ ਖ਼ਬਰਾਂ

ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪ੍ਰਸ਼ਾਸਨ ਨੇ ਵਿੱਢੀ ਮੁਹਿੰਮ

ਬੇਸਹਾਰਾ ਪਸ਼ੂਆਂ ਨੂੰ ਵਾਹਨਾਂ ਰਾਹੀਂ ਕੰਨੀਆਂ ਕਲਾਂ ਗਊਸ਼ਾਲਾ ਪਹੁੰਚਾਇਆ

ਪਸ਼ੂਆਂ ਦੇ ਰੇਡੀਅਮ ਬੈਲਟਾਂ ਲਾਉਣ ਦਾ ਕੰਮ ਸ਼ੁਰ

ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਪਸ਼ੂਆਂ ਨੂੰ ਸੜਕਾਂ ਤੋਂ ਤਬਦੀਲ ਕਰਨਾ ਜ਼ਰੂਰੀ : ਡਿਪਟੀ ਕਮਿਸ਼ਨਰ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ )- ਜੀ ਹਾਂ ਉੱਪਰ ਦਿੱਤੇ ਗਏ ਸਿਰਲੇਖਾਂ ਤੋਂ ਤਾਂ ਇੰਜ ਜਾਪਦਾ ਹੈ ਜਿਵੇਂ ਜਿਲ੍ਹਾ ਪ੍ਰਸਾਸ਼ਨ ਨੇ ਸ਼ਹਿਰ ਵਾਸੀਆਂ ਦੀ ਬੇਸਹਾਰਾ ਪਸ਼ੂਆਂ ਬਾਰੇ ਦਰਪੇਸ਼ ਸਪੱਸਿਆ ਨੂੰ ਵੱਡੇ ਪੱਧਰ ‘ਤੇ ਹੱਲ ਕਰ ਦਿੱਤਾ ਹੈ । ਪਰ ਖ਼ਬਰ ਅੱਗੇ ਪੜ੍ਹੋਗੇ ਤਾਂ ਪਹਿਲੇ ਦਿਨ ਦੀ ਪ੍ਰਾਪਤੀ ਸੁਣਕੇ ਤੁਹਾਡਾ ਹਾਸਾ 😀😀😀😀😀ਨਹੀਂ ਰੁਕਣਾ।

ਜਲੰਧਰ ਵਾਸੀਆਂ ਨੂੰ ਬੇਸਹਾਰਾ ਪਸ਼ੂਆਂ 🐂🐂🐃🐃🐂🐃ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਅਤੇ ਬੇਸਹਾਰਾ ਪਸ਼ੂਆਂ ਕਾਰਨ ਹੁੰਦੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢ ਦਿੱਤੀ ਗਈ ਹੈ, ਜਿਸ ਤਹਿਤ ਜਿਥੇ ਬੇਸਹਾਰਾ ਪਸ਼ੂਆਂ ਦੇ ਰੇਡੀਅਮ ਬੈਲਟਾਂ ਲਾਈਆਂ ਗਈਆਂ ਉਥੇ 6 ਬੇਸਹਾਰਾ ਪਸ਼ੂਆਂ ਨੂੰ ਵਾਹਨਾਂ ਰਾਹੀਂ ਕੰਨੀਆਂ ਕਲਾਂ ਗਊਸ਼ਾਲਾ ਵਿਖੇ ਭੇਜਿਆ ਗਿਆ ਤਾਂ ਜੋ ਲੋਕਾਂ ਦੀਆਂ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਬੇਸਹਾਰਾ ਪਸ਼ੂਆਂ ਨੂੰ ਕੰਨੀਆਂ ਕਲਾਂ ਗਊਸ਼ਾਲਾ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਰੇਡੀਅਮ ਬੈਲਟਾਂ ਜ਼ਿਲ੍ਹੇ ਵਿੱਚ ਉਨ੍ਹਾਂ ਸਾਰੇ ਪਸ਼ੂਆਂ ਦੇ ਲਗਾਈਆਂ ਜਾਣਗੀਆਂ, ਜਿਨ੍ਹਾਂ ਨੂੰ ਗਊਸ਼ਲਾਵਾਂ ਵਿੱਚ ਨਹੀਂ ਲਿਜਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਜੋ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਉਥੇ ਇਨ੍ਹਾਂ ਪਸ਼ੂਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਹੋ ਸਕੇ ਅਤੇ ਲੋਕਾਂ ਨੂੰ ਵੀ ਕੋਈ ਦਿੱਕਤ ਨਾ ਆਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਬਹੁ-ਪੱਖੀ ਰਣਨੀਤੀ ਅਪਣਾਈ ਗਈ ਹੈ, ਜਿਸ ਤਹਿਤ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਦੀ ਸੁਵਿਧਾ ਲਈ ਹੈਲਪਲਾਈਨ ਸ਼ੁਰੂ ਕਰਨ ਲਈ ਵੀ ਕਿਹਾ ਗਿਆ ਹੈ, ਜਿਥੇ ਉਹ ਬੇਸਹਾਰਾ ਪਸ਼ੂਆਂ ਸਬੰਧੀ ਜਾਣਕਾਰੀ ਦੇ ਸਕਣਗੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਲੰਧਰ ਵਿੱਚ ਇੱਕ ਹੋਰ ਗਊਸ਼ਾਲਾ ਦਾ ਨਿਰਮਾਣ ਕਰਨ ਲਈ ਢੁੱਕਵੀਂ ਜ਼ਮੀਨ ਲੱਭਣ ਵਾਸਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਨਗਰ ਨਿਗਮ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਦੁਰਘਟਨਾਵਾਂ ਨੂੰ ਰੋਕਣ ਲਈ ਫੌਰੀ ਲੋੜ ਪਸ਼ੂਆਂ ਨੂੰ ਸੜਕਾਂ ਤੋਂ ਤਬਦੀਲ ਕਰਨ ਅਤੇ ਉਨ੍ਹਾਂ ਦੀ ਢੁੱਕਵੀਂ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਹੈ। ਉਨ੍ਹਾਂ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਸੜਕਾਂ ’ਤੇ ਖੁੱਲ੍ਹਾ ਨਾ ਛੱਡਣ ਤਾਂ ਜੋ ਇਨ੍ਹਾਂ ਕਾਰਨ ਸੜਕਾਂ ’ਤੇ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।