ਪੰਜਾਬ ਸਿਹਾਂ ਕੁਦਰਤ ਦੀ ਕਰੋਪੀ ਤੋਂ ਬਚਣਾ ਤਾਂ ਇਹ ਕੰਮ ਹੁਣੇ ਕਰ ਲੈ, ਨਹੀਂ ਤਾਂ ਰੁਲ ਜਾਣੀਆਂ ਪੀਡ਼ੀਆਂ

Avoid the evils of nature Punjab

ਕੁਦਰਤੀ ਖੇਤੀ  Natural Farming 

ਭਾਰਤ ਦੀ ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਗਏ 3 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਕਈ ਪੱਖਾਂ ਤੋਂ ਇਤਿਹਾਸ ਸਿਰਜਦਾ ਜਾ ਰਿਹਾ ਹੈ। ਜਦੋਂ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਯੂਪੀ ਦੇ ਐਮਐਸਪੀ (ਘੱਟੋ ਘੱਟ ਸਮਰਥਨ ਮੁੱਲ) ਦੀ ਸਹੂਲਤ ਹਾਸਿਲ ਕਰ ਰਹੇ ਖੇਤਰਾਂ ਦੇ ਕਿਸਾਨਾਂ ਨੂੰ ਭਾਜਪਾ ਵਿਰੋਧੀ ਸਿਆਸੀ ਧਿਰਾਂ ਦਾ ਪੂਰਨ ਸਮਰਥਨ ਮਿਲ ਰਿਹਾ ਹੈ।
ਜੋਰਦਾਰ ਸੰਘਰਸ਼ ਦੌਰਾਨ ਦੇਸ਼ ਖਾਸ ਤੌਰ ਉੱਪਰ ਉੱਤਰੀ ਭਾਰਤ ਦੇ ਖੇਤੀਬਾਡ਼ੀ ਵਿਕਾਸ ਮਾਡਲ ਦੀ ਇਕ ਵਾਰ ਫਿਰ ਤੋਂ ਜੋਰਦਾਰ ਚਰਚਾ ਚਲ ਰਹੀ ਹੈ।
ਇਸ ਦੌਰਾਨ ਖੇਤੀ ਵਿਰਾਸਤ ਮਿਸ਼ਨ ਦੇ ਮੁਖੀ ਸ਼੍ਰੀ ਉਮਿੰਦਰ ਦੱਤ ਦੇ ਸਹਿਯੋਗ ਨਾਲ ਖੇਤੀਬਾਡ਼ੀ ਦੇ ਕੁਦਰਤੀ ਮਾਡਲ ਬਾਰੇ ਵੱਖ ਵੱਖ ਸਵਾਲਾਂ ਦੇ ਜਵਾਬ ਪੰਜਾਬ ਦੇ ਸਮੂਹ ਕਿਸਾਨ ਭਰਾਵਾਂ ਦੀ ਸੇਵਾ ਵਿਚ ਕੇਸਰੀ ਵਿਰਾਸਤ ਵਲੋਂ ਪੇਸ਼ ਕਰਨ ਦੀ ਖੁਸ਼ੀ ਹੈ ਰਹੇ ਹਾਂ।
1. ਕੁਦਰਤੀ ਖੇਤੀ ਹੈ ਕੀ?

ਕੁਦਰਤੀ ਖੇਤੀ ਬਾਜ਼ਾਰ ਦੇ ਦਖਲ ਤੋਂ ਨਿਰਲੇਪ ਰਹਿੰਦਿਆਂ ਕੁਦਰਤ ਨਾਲ ਸੰਤੁਲਿਤ ਤਾਲਮੇਲ ਦੌਰਾਨ ਆਪਣੇ ਘਰ, ਖੇਤ ਅਤੇ ਆਲੇ-ਦੁਆਲੇ ਉਪਲਬਧ ਕੁਦਰਤੀ ਸਾਧਨਾਂ ਜਿਵੇਂ ਰੁੱਖਾਂ, ਪਸ਼ੂ-ਪੰਛੀਆਂ, ਕੀਟ-ਪਤੰਗਿਆਂ, ਸੂਖਮ ਜੀਵਾਂ ਆਦਿ ਨਾਲ ਸਹਿਹੋਂਦ ਵਿਚ ਬਿਨਾਂ ਰਸਾਇਣਕ ਖਾਦਾਂ ਅਤੇ ਜ਼ਹਿਰੀਲੇ ਸਪਰੇਅ ਵਰਤਿਆਂ, ਖੇਤਾਂ ਜਾਂ ਭੂਮੀ ਵਿਚੋ ਸਰਬੱਤ ਦੇ ਭਲੇ ਹਿੱਤ ਸ਼ੁੱਧ ਖੁਰਾਕ ਉਪਜਾਉਣਾ ਹੀ ਕੁਦਰਤੀ ਖੇਤੀ ਅਖਵਾਉ੍ਹਂਦਾ ਹੈ ।

2. ਕੁਦਰਤੀ ਖੇਤੀ ਕਰਨ ਦੀ  ਲੋੜ ਹੀ ਕੀ ਹੈ ?

ਪੰਜਾਬ ਨੂੰ ਦਰਪੇਸ਼ ਖੇਤੀਬਾਡ਼ੀ ਦੀ ਮਹਿੰਗੀ ਲਾਗਤ, ਲੋਕ ਸਿਹਤ ਵਿਚ ਆ ਰਹੇ ਨਿਘਾਰ ਅਤੇ ਵਾਤਾਵਰਣ ਦੀ ਮਲੀਨਤਾ ਦੇ ਮੌਜੂਦਾ ਸੰਕਟ ਦੇ ਚਲਦਿਆਂ ਪੰਜਾਬ ਸਰੀਰਕ, ਮਾਨਸਿਕ ਅਤੇ ਪ੍ਰਜਨਣ ਸਿਹਤ ਪੱਖੋਂ ਰੋਗਾਂ ਦਾ ਘਰ ਬਣਕੇ ਰਹਿ ਗਿਆ ਹੈ। ਪੰਜਾਬ ਦੀ ਜ਼ਮੀਨ ਨਿਰੰਤਰ ਬੰਜ਼ਰ ਹੋਣ ਵੱਲ ਵਧਦੀ ਜਾ ਰਹੀ ਹੈ। ਪੰਜਾਬ ਦਾ ਧਰਤੀ ਹੇਠਲਾ ਪਾਣੀ ਪਲੀਤ ਹੀ ਨਹੀਂ ਹੋਇਆ ਸਗੋਂ ਮੁੱਕਣ ਕੰਢੇ ਪੁੱਜ ਗਿਆ ਹੈ। ਪੰਜਾਬ ਦੀਆਂ ਹਵਾਵਾਂ ਵਿਚ ਮਣਾਂਮੂੰਹੀਂ ਜ਼ਹਿਰ ਘੁਲ ਚੁੱਕੇ ਹਨ। ਆਰਥਿਕ ਪੱਖੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਪੰਜਾਬ ਦੀ ਕਿਰਸਾਣੀ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਚੱਲੀ ਹੈ। ਏਨਾਂ ਹੀ ਨਹੀਂ ਪੰਜਾਬੀ ਆਪਣੇ ਸੁਰੱਖਿਅਤ ਭਵਿੱਖ ਦੀ ਚਾਹ ਵਿਚ ਕਿਸੇ ਵੀ ਕੀਮਤ ’ਤੇ ਵੱਡੀ ਗਿਣਤੀ ਵਿਚ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਇਸ ਸਾਰੇ ਵਰਤਾਰੇ ਲਈ ਸਰਕਾਰਾਂ ਵੱਲੋਂ ਕਿਸਾਨਾਂ ਉੱਤੇ ਥੋਪੀ ਗਈ ਹਰੀ ਕ੍ਰਾਂਤੀ ਵਾਲੀ ਰਸਾਇਣਕ ਖੇਤੀ ਵੱਡੇ ਪੱਧਰ ’ਤੇ ਮੁੱਖ ਰੂਪ ਨਾਲ ਜਿੰਮੇਵਾਰ ਹੈ। ਕੁਦਰਤੀ ਖੇਤੀ ਉਪਰੋਕਤ ਸਾਰੇ ਵਰਤਾਰੇ ਨੂੰ ਠੱਲ ਪਾ ਕੇ ਮੌਜੂਦਾ ਖੇਤੀ ਸਿਹਤ ਅਤੇ ਵਾਤਾਵਰਨ ਸੰਕਟ ਤੋਂ ਪੰਜਾਬ ਨੂੰ ਨਿਜ਼ਾਤ ਦਿਵਾਉਣ ਦਾ ਮਾਦਾ ਰੱਖਦੀ ਹੈ। ਇਸ ਲਈ ਕੁਦਰਤੀ ਖੇਤੀ ਕਰਨਾ ਅਜੋਕੇ ਸਮੇਂ ਦੀ ਫ਼ੌਰੀ ਲੋੜ ਹੈ।

3. ਕੀ ਕੁਦਰਤੀ ਖੇਤੀ ਸ਼ੁਰੂ ਕਰਨ ਦੌਰਾਨ ਪਹਿਲੇ ਕੁੱਝ ਸਾਲ ਝਾੜ ਘਟਦਾ ਹੈ ?

ਜੇਕਰ ਬਿਨਾਂ ਪੂਰੀ ਤਿਆਰੀ ਤੇ ਵਿਓਂਤਬੰਦੀ ਕੀਤਿਆਂ ਅਤੇ ਬਿਨਾ ਢੁ੍ਕਵੀਂ ਸਿਖਲਾਈ ਲਿਆਂ ਕੁਦਰਤੀ ਖੇਤੀ ਕਰਨ ਲੱਗ ਜਾਈਏ ਤਾਂ ਪਹਿਲੇ ਕੁੱਝ ਸਾਲ ਹੀ ਨਹੀਂ ਸਗੋਂ ਕੈਮੀਕਲ ਖੇਤੀ ਦੇ ਮੁਕਾਬਲੇ ਹਰ ਸਾਲ ਹੀ ਝਾੜ ਘੱਟ ਨਿਕਲਦਾ ਹੈ। ਇਸ ਲਈ ਕੁਦਰਤੀ ਖੇਤੀ ਕਰਨ ਲਈ ਯੋਗ ਸਿਖਲਾਈ ਬਹੁਤ ਲਾਜ਼ਮੀ ਹੈ।

4. ਘੱਟੋ-ਘੱਟ ਕਿੰਨੀ ਜ਼ਮੀਨ ਤੋਂ ਕੁਦਰਤੀ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ ?

ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਲੋੜ ਨੂੰ ਮੁੱਖ ਰੱਖਦਿਆਂ ਘੱਟੋ-ਘੱਟ 4 ਕਨਾਲਾਂ ਰਕਬੇ ਵਿਚ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

5. ਕੁਦਰਤੀ ਖੇਤੀ ਉਤਪਾਦ ਦੀ ਮੰਡੀ ਕਿੱਥੇ  ਹੈ? market for Organic Products

ਸਾਡਾ ਮੰਨਣਾ ਹੈ ਕਿ ਜੇਕਰ ਸਾਨੂੰ ਆਪਣੇ ਪਰਿਵਾਰ ਵਾਸਤੇ ਜ਼ਹਿਰਮੁਕਤ ਖ਼ੁਰਾਕ ਦੀ ਵ੍ਵੱਡੀ ਲੋਡ਼ ਹੈ ਤਾਂ ਸਾਨੂੰ ਦੂਜਿਆਂ ਨੂੰ ਵੀ ਰਸਾਇਣਿਕ ਜ਼ਹਿਰਾਂ ਯੁਕਤ ਖ਼ੁਰਾਕ ਮੁਹੱਈਆ ਕਰਵਾਉਣ ਦਾ ਕੋਈ ਹੱਕ ਨਹੀ। ਪਰ ਜੇਕਰ ਅਸੀਂ ਪਹਿਲਾਂ ਆਪਣੇ ਪਰਿਵਾਰ ਵਾਸਤੇ ਵੀ ਕੁਦਰਤੀ ਖੇਤੀ ਕਰਨ ਲਈ ਤਿਆਰ ਨਹੀਂ ਤਾਂ ਫਿਰ ਅਸੀਂ ਹੋਰ ਕਿਹਡ਼ੇ ਕੰਮ ਦੇ ਹੋਏ। ਇਸ ਲਈ ਆਪਣੇ ਪਰਿਵਾਰ ਤੋਂ ਹੀ ਪਹਿਲੇ ਸਾਲ ਆਪਣੇ ਪਰਿਵਾਰ ਲਈ ਲੋਡ਼ੀਂਦੀ ਫਸਲ ਦੀ ਹੀ ਕੁਦਰਤੀ ਖੇਤੀ ਸ਼ੁਰੂ ਕਰੋ । ਇਹ ਕਰਦੇ ਹੋਏ ਜੇਕਰ ਤੁਹਾਨੂੰ ਲੱਗੇ ਕਿ ਕੁਦਰਤੀ ਖੇਤੀ ਹੋਰ ਵਧਾਈ ਜਾ ਸਕਦੀ ਹੈ ਤਾਂ ਹੀ ਬਜ਼ਾਰ ਵਾਸਤੇ ਪੈਦਾ ਕਰਨ ਬਾਰੇ ਸੋਚੋ ।

ਪਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਭਰੀ ਹੈਰਾਨੀ ਹੋਵੇਗੀ ਕਿ ਮੌਜੂਦਾ ਸਮੇਂ ਕੁਦਰਤੀ ਖੇਤੀ ਕਰਨ ਵਾਲੇ ਬਹੁਗਿਣਤੀ ਕਿਸਾਨਾਂ ਦਾ ਸਾਰੇ ਉਤਪਾਦ ਉਨਾਂ ਦੇ ਘਰੋਂ ਹੀ ਵਿਕ ਜਾਂਦੇ ਹਨ। ਉਹਨਾ ਨੂੰ ਆਪਣੇ ਉਤਪਾਦ ਟਰਾਲੀਆਂ ਵਿਚ ਭਰਕੇ ਮੰਡੀਆਂ ਵਿਚ ਸੁੱਟਣ ਲਈ ਨਹੀਂ ਜਾਣਾ ਪੈਂਦਾ। ਇਸ ਮਾਮਲੇ ਵਿਚ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਖੇਤੀ ਵਿਰਾਸਤ ਮਿਸ਼ਨ ਦੀਆਂ ਕੁਦਰਤੀ ਕਿਸਾਨ ਹਟਾਂ ਅਤੇ ਕੁਦਰਤ ਹੱਟਾਂ ਵੀ ਕਿਸਾਨਾਂ ਨੂੰ ਉਹਨਾਂ ਦੇ ਜ਼ਹਿਰਮੁਕਤ ਉਤਪਾਦਾਂ ਦੇ ਮੰਡੀਕਰਨ ਲਈ ਯੋਗ ਮੰਚ ਮੁਹੱਈਆ ਕਰਵਾ ਰਹੀਆਂ ਹਨ।

6. ਕੁਦਰਤੀ ਖੇਤੀ ਵਿਚ ਕਿਹੜੇ ਪਸ਼ੂ ਹਿੱਤਕਾਰੀ ਸਾਬਿਤ ਹੁੰਦੇ ਨੇ ? natural farming and Animals

ਕੁਦਰਤੀ ਖੇਤੀ ਲਈ ਖਾਸ ਤੌਰ ਤੇ ਦੇਸੀ ਗਊ ਅਤੇ ਮੱਝ ਸਮੇਤ ਉਹ ਹਰੇਕ ਪਸ਼ੂ ਹਿੱਤਕਾਰੀ ਹੈ ਜਿਹੜੇ ਬਹੁਤ ਘੱਟ ਬਿਮਾਰ ਹੁੰਦੇ ਹੋਣ। ਜਿਹੜਾ ਗਰਮੀ ਅਤੇ ਸਰਦੀ ਦਾ ਟਾਕਰਾ ਆਪਣੇ ਦਮ ’ਤੇ ਕਰ ਸਕਦਾ ਹੋਵੇ ਅਤੇ ਜਿਸਨੂੰ ਲਗਾਤਾਰ ਐਂਟੀਬਾਇਓਟਿਕ ਦਵਾਈਆਂ ਨਾ ਦੇਣੀਆਂ ਪੈਂਦੀਆਂ ਹੋਣ। ਉਹ ਪਸ਼ੂ ਜਿਸਦੇ ਗੋਹੇ ਜਾਂ ਮਲ ਨੂੰ ਅਸੀਂ ਇੱਕ ਹੱਥ ਨਾਲ ਚੁੱਕ ਕੇ ਇਕ ਥਾਂ ਤੋਂ ਦੂਜੀ ਥਾਂ ਲਿਜਾ ਸਕਦੇ ਹੋਈਏ ।

7. ਕੁਦਰਤੀ ਖੇਤੀ ਸ਼ੁਰੂ ਕਰਨ ਵਾਸਤੇ ਜ਼ਮੀਨ ਕਿਵੇਂ ਤਿਆਰ ਕੀਤੀ ਜਾਵੇ ? How to Ready farms for natural farming

ਕੁਦਰਤੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਤ ਖੇਤ ਦੀ ਜ਼ਮੀਨ ਨਰੋਈ, ਵਧੇਰੇ ੳਪਜਾਊ ਅਤੇ ਤੰਦਰੁਸਤ ਬਣਾਉਣਾ ਬੇਹੱਦ ਲਾਜ਼ਮੀ ਕਾਰਜ ਹੈ। ਇਸ ਲਈ ਪੂਰਾ ਇੱਕ ਸੀਜ਼ਨ ਖੇਤ ਵਿਚ ਪ੍ਰਤੀ ਏਕੜ ਵੇਸਟ ਡੀਕੰਪੋਜ਼ਰ ਨਾਲ ਤਿਆਰ ਕੀਤੀਆਂ ਗਈਆਂ 4 ਟਰਾਲੀਆਂ ਰੂੜੀ ਦੀ ਖਾਦ ਪਾ ਕੇ ਮਿਸ਼ਰਤ ਹਰੀ ਖਾਦ ਬੀਜੋ ।

ਜਦੋਂ ਮਿਸ਼ਰਤ ਹਰੀ ਖਾਦ 6-6 ਫੁੱਟ ਦੀ ਹੋ ਜਾਵੇ ਤਾਂ ਉਸਤੇ ਹੇਠੋਂ 6 ਇੰਚ ਛੱਡ ਕੇ ਕਟਰ ਚਲਾਉਣ ਉਪਰੰਤ ਖੇਤ ਨੂੰ ਪ੍ਰਤੀ ਏਕੜ 200 ਲੀਟਰ ਵੇਸਟ ਡੀਕੰਪੋਜ਼ਰ ਪਾਉਂਦੇ ਹੋਏ ਪਾਣੀ ਲਾ ਦਿੳ। ਹੇਠੋਂ ਮੁੱਢ ਫੁੱਟਣ ਉਪਰੰਤ ਫਿਰ ਵਧਣੇ-ਫੁੱਲਣੇ ਸ਼ੁਰੂ ਹੋਣਗੇ ਹਰੀ ਖਾਦ ਦੇ ਦੁਬਾਰਾ ਫਿਰ 6-6 ਫੁੱਟ ਦੀ ਹੋਣ ਉਪਰੰਤ ਉਸਤੇ ਉਸੇ ਤਰ੍ਹਾਂ ਕਟਰ ਚਲਾ ਕੇ ਖੇਤ ਨੂੰ ਪ੍ਰਤੀ ਏਕੜ 200 ਲੀਟਰ ਵੇਸਟ ਡੀਕੰਪੋਜ਼ਰ ਪਾਉਂਦੇ ਹੋਏ ਪਾਣੀ ਲਾ ਦਿਉ। ਇਸ ਵਾਰ ਹਰੀ ਖਾਦ ਨੂੰ 4-4 ਫੁੱਟ ਦੀ ਹੋਣ ’ਤੇ ਤਵਿਆਂ ਜਾਂ ਰੋਟਾਵੇਟਰ ਨਾਲ ਖੇਤ ਚ ਵਾਹ ਕੇ ਫਿਰ ਤੋਂ ਪ੍ਰਤੀ ਏਕੜ 200 ਲੀਟਰ ਵੇਸਟ ਡੀਕੰਪੋਜ਼ਰ ਪਾਉਂਦੇ ਹੋਏ ਪਾਣੀ ਲਾ ਦਿਉ ਅਤੇ ਵੱਤਰ ਆਉਣ ਉਪਰੰਤ ਵਾਹੁਣ-ਸੰਵਾਰਨ ਤੋਂ ਬਾਅਦ ਸੀਜ਼ਨ ਦੀਆਂ ਫਸਲਾਂ ਬੀਜਣ ਲਈ ਖੇਤ ਤਿਆਰ ਹੈ।

ਜੇਕਰ ਇਹ ਕਾਰਜ 10 ਮਈ ਨੂੰ ਸ਼ੁਰੂ ਕੀਤਾ ਜਾਵੇ ਤਾਂ ਇਸ ਪ੍ਰਕਾਰ ਅਕਤੂਬਰ ਮਹੀਨੇ ਹਾੜੀ ਦੀਆਂ ਫਸਲਾਂ ਦੀ ਬਿਜਾਈ ਲਈ ਪੂਰਾ ਤਗੜਾ ਖੇਤ ਤਿਆਰ ਹੋ ਜਾਵੇਗਾ।

8. ਕੁਦਰਤੀ ਖੇਤੀ ਤਹਿਤ ਬੀਜ ਕਿਸ ਤਰ੍ਹਾਂ ਸੋਧਿਆ ਜਾਵੇ ? seeds 

ਕੁਦਰਤੀ ਖੇਤੀ ਤਹਿਤ ਬੀਜ ਸ਼ੋਧਣ ਦੇ ਕਈ ਤਰੀਕੇ ਹਨ ਜਿਵੇਂ ਕਿ ਬੀਜ ਅੰਮ੍ਰਿਤ ਨਾਲ ਬੀਜ ਸ਼ੋਧਣਾ। ਕੱਚੇ ਦੁੱਧ ਹਿੰਗ ਅਤੇ ਨਿੰਮ ਦੇ ਪਾਣੀ ਦੇ ਘੋਲ ਨਾਲ ਬੀਜ ਸ਼ੋਧਣਾ। ਟ੍ਰਾਈਕੋਡਰਮਾ, ਸੂਡੋਮੋਨਾਜ਼, ਅਜੋਟੋਬੈਕਟਰੇਰਾਈਜੋਬੈਕਟਰ ਜੀਵਾਣੂ ਕਲਚਰਾਂ ਨਾਲ ਬੀਜ ਸ਼ੋਧਣਾ ਆਦਿ।

9. ਬੀਜ ਅੰਮ੍ਰਿਤ ਕਿਵੇਂ ਤਿਆਰ ਕਰੀਦਾ ਹੈ ?seed amrit

ਬੀਜ ਅੰਮ੍ਰਿਤ ਬਣਾਉਣ ਲਈ ਦੇਸੀ ਗਊ ਜਾਂ ਮੱਝ ਦਾ 1 ਕਿੱਲੋ ਤਾਜਾ ਗੋਬਰ, 1 ਲੀਟਰ ਮੂਤਰ, 100 ਗ੍ਰਾਮ ਕੱਚੇ ਦੁੱਧ ਅਤੇ 2 ਲੀਟਰ ਸਾਦੇ ਪਾਣੀ ਨੂੰ ਇਕ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਚ ਘੋਲ ਦਿਉ। ਇਸੇ ਪ੍ਰਕਾਰ ਦੇ ਇੱਕ ਦੂਸਰੇ ਭਾਂਡੇ ਚ ਅੱਧਾ ਲੀਟਰ ਪਾਣੀ ਅਤੇ 50 ਗ੍ਰਾਮ ਚੂਨਾ (ਸਫੈਦੀ) ਘੋਲ ਦਿਉ। ਦੋਹਾਂ ਮਿਸ਼ਰਣਾਂ ਨੂੰ 12 ਤੋਂ 24 ਘੰਟੇ ਵੱਖ-ਵੱਖ ਰੱਖਣ ਉਪਰੰਤ ਇਕੱਠੇ ਕਰਕੇ ਕੱਪੜੇ ਨਾਲ ਪੁਣ ਲਉ। ਬੀਜ ਅੰਮ੍ਰਿਤ ਤਿਆਰ ਹੈ। ਖਾਸ ਗੱਲ ਕਿ ਦਾਲਾਂ ਅਤੇ ਨਰਮ ਛਿਲਕੇ ਵਾਲੇ ਬੀਜਾਂ ਲਈ ਬੀਜ ਅੰਮ੍ਰਿਤ ਤਿਆਰ ਕਰਦੇ ਸਮੇਂ ਬੀਜ ਅੰਮ੍ਰਿਤ ਵਿਚ ਚੂਨੇ ਦੀ ਵਰਤੋਂ ਨਾ ਕਰੋ।

10. ਬੀਜਾਂ ਨੂੰ ਬੀਜ ਅੰਮ੍ਰਿਤ ਕਿਵੇਂ ਲਗਾਇਆ ਜਾਵੇ ?

ਬੀਜਾਂ ਨੂੰ ਪਲਾਸਿਟਕ ਦੀ ਤ੍ਰਿਪਾਲ ਜਾਂ ਪੱਕੇ ਫਰਸ਼ ਤੇ ਢੇਰੀ ਕਰਨ ਉਪਰੰਤ ਉਸ ਉੱਤੇ ਹੱਥ ਵਾਲੇ ਸਪਰੇਅ ਪੰਪ ਨਾਲ ਬੀਜ ਅੰਮ੍ਰਿਤ ਦਾ ਫੁਹਾਰਾ ਮਾਰਦੇ ਹੋਏ ਓਨਾਂ ਚਿਰ ਦੋਹਾਂ ਹੱਥਾਂ ਨਾਲ ਪੋਲਾ-ਪੋਲਾ ਮਲਦੇ ਰਹੋ ਜਦੋਂ ਤੱਕ ਕਿ ਹਰ ਇੱਕ ਦਾਣੇ ਨੂੰ ਬੀਜ ਅੰਮ੍ਰਿਤ ਨਾ ਲੱਗ ਜਾਵੇ।

11. ਇਹ ਗੁੜਜਲ ਅੰਮ੍ਰਿਤ ਕੀ ਹੁੰਦਾ ਹੈ ?

ਪੁਰਾਣੇ ਗੁੜ, ਦੇਸੀ ਗਊ ਜਾਂ ਮੱਝ ਦੇ ਗੋਬਰ, ਸੇਂਧਾ ਨਮਕ, ਸਰੋਂ ਦੇ ਤੇਲ, ਦੇਸੀ ਗਊ ਜਾਂ ਮੱਝ ਦੇ ਪਿਸ਼ਾਬ ਅਤੇ ਪਾਣੀ ਨੂੰ ਇਕ ਨਿਸ਼ਚਿਤ ਅਨੁਪਾਤ ਮਿਲਾ ਕੇ ਤਿਆਰ ਕੀਤੇ ਜਾਣ ਵਾਲੇ ਮਿਸ਼ਰਣ ਨੂੰ ਗੁੜਜਲ ਅੰਮ੍ਰਿਤ ਆਖਦੇ ਹਨ। ਦਰਅਸਲ ਉਪਰੋਕਤ ਪਦਾਰਥਾਂ ਤੋਂ ਤਿਆਰ ਹੋਣ ਵਾਲਾ ਇਹ ਘੋਲ ਭੂਮੀ ਅੰਦਰ ਸੂਖਮ ਜੀਵਾਣੂਆਂ ਦੇ ਰੂਪ ਵਿਚ ਜੀਵ ਤੱਤ ਵਿਚ ਨਿਰੰਤਰ ਵਾਧਾ ਕਰਨ ਵਾਲਾ ਇੱਕ ਬਿਹਤਰੀਨ ਜੀਵਾਣੂ ਕਲਚਰ ਹੈ।

12. ਗੁੜਜਲ ਅੰਮ੍ਰਿਤ ਬਣਦਾ ਕਿਵੇਂ ਹੈ ? Gurhjal

ਗੁੜਜਲ ਅੰਮ੍ਰਿਤ ਬਣਾਉਣ ਲਈ ਦੇਸੀ ਗਊ ਜਾਂ ਮੱਝ ਦੇ 60 ਕਿੱਲੋ ਤਾਜੇ ਗੋਬਰ ਵਿਚ 1 ਕਿੱਲੋ ਸੇਂਧਾ ਨਮਕ, 200 ਗ੍ਰਾਮ ਸਰੋਂ ਦਾ ਤੇਲ, 2 ਕਿੱਲੋ ਗੁੜ ਇਸ ਪ੍ਰਕਾਰ ਮਿਲਾਉ ਕਿ ਸਰੋਂ ਦਾ ਤੇਲ ਗੋਬਰ ਵਿਚ ਰਚ-ਮਿਚ ਜਾਵੇ। ਹੁਣ ਇਸ ਮਿਸ਼ਰਣ ਨੂੰ 200 ਲੀਟਰ ਸਮਰੱਥਾ ਵਾਲੇ ਪਲਾਸਟਿਕ ਦੇ ਡਰੰਮ ਵਿਚ ਪਾ ਕੇ ਉੱਪਰੋਂ ਦੇਸੀ ਗਊ ਜਾਂ ਮੱਝ ਦਾ 5 ਲੀਟਰ ਮੂਤ ਅਤੇ 150 ਲੀਟਰ ਪਾਣੀ ਮਿਲਾ ਕੇ ਮਿਸ਼ਰਣ ਨੂੰ ਲੱਕਡ਼ੀ ਦੀ ਸੋਟੀ ਨਾਲ 10 ਮਿੰਟ ਚੰਗੀ ਤਰ੍ਹਾਂ ਘੋਲਣ ਉਪਰੰਤ ਡਰੰਮ ਦੇ ਮੂੰਹ ’ਤੇ ਕੋਈ ਹਵਾਦਾਰ ਕੱਪੜਾ ਬੰਨ੍ਹ ਕੇ ਸਰਦੀਆਂ ਚ ਧੁੱਪੇ ਅਤੇ ਗਰਮੀਆਂ ਚ ਛਾਂਵੇ ਰੱਖ ਦਿਉ। ਦਿਨ ਚ ਦੋ ਵਾਰ ਮਿਸ਼ਰਣ ਨੂੰ ਹਿਲਾਉਂਦੇ ਰਹੋ। ਸਰਦੀਆਂ ਚ 7 ਤੋਂ 10 ਦਿਨਾਂ ਅਤੇ ਗਰਮੀਆਂ ਚ 2 ਤੋਂ 4 ਦਿਨਾਂ ਵਿਚ ਗੁੜਜਲ ਅੰਮ੍ਰਿਤ ਵਰਤੋਂ ਲਈ ਤਿਆਰ ਹੋ ਜਾਾਵੇਗਾ ।

13. ਪਾਥੀਆਂ ਦਾ ਪਾਣੀ ਕੀ ਹੈ, ਇਸਦੇ ਕੁਦਰਤੀ ਖੇਤੀ ਵਿਚ ਕੀ ਲਾਭ ਹਨ ?

ਪਾਥੀਆਂ ਦਾ ਪਾਣੀ ਇਕ ਬਹੁਤ ਹੀ ਵਧੀਆ ਗਰੋਥ ਪ੍ਰੋਮੋਟਰ ਹੈ। ਇਸ ਵਿਚ ਇੱਕ ਜਿਬਰੈਲਿਕ ਅਤੇ ਹਿਊਮਿਕ ਐਸਿਡ ਸਮੇਤ ਇੱਕ ਪੌਦੇ ਨੂੰ ਆਪਣੇ ਵਾਧੇ-ਵਿਕਾਸ ਲਈ ਲੋੜੀਂਦੇ 11 ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ।ਕਿਸੇ ਵੀ ਫਸਲ ਉੱਤੇ ਇੱਕ ਨਿਸ਼ਚਿਤ ਮਾਤਰਾ ਵਿਚ ਇਸਦੀ ਸਪਰੇਅ ਕਰਨ ਉਪਰੰਤ ਫਸਲ ਦੇ ਵਾਧੇ ਵਿਕਾਸ ਪੱਖੋਂ ਚਮਤਕਾਰੀ ਨਤੀਜੇ ਮਿਲਦੇ ਹਨ।

14. ਪ੍ਰਤੀ ਏਕੜ ਕਿੰਨਾ ਪਾਥੀਆਂ ਦਾ ਪਾਣੀ ਅਤੇ ਕਿਸ ਤਰ੍ਹਾਂ ਵਰਤਣਾ ਹੈ ?

ਪ੍ਰਤੀ ਏਕੜ 10 ਤੋਂ 12 ਲੀਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ ।

15. ਪਾਥੀਆਂ ਦਾ ਪਾਣੀ ਕਿਵੇਂ ਤਿਆਰ ਹੁੰਦਾ ਹੈ ?

ਪਾਥੀਆਂ ਦਾ ਪਾਣੀ ਤਿਆਰ ਕਰਨ ਲਈ ਇੱਕ ਸਾਲ ਪੁਰਾਣੀਆਂ ਅਤੇ ਅਣਭਿੱਜੀਆਂ 8 ਪਾਥੀਆਂ 35 ਲੀਟਰ ਪਾਣੀ ਚ ਪਾਉਣ ਉਪਰੰਤ 4 ਦਿਨਾਂ ਲਈ ਢਕ ਕੇ ਛਾਵੇਂ ਰੱਖ ਦਿਉ। ਚਾਰ ਦਿਨਾਂ ਉਪਰੰਤ ਪਾਥੀਆਂ ਨੂੰ ਪਾਣੀ ਚੋਂ ਬਾਹਰ ਕੱਢ ਦਿਉ।ਪਿੱਛੇ ਬਚਿਆ 20-22 ਲੀਟਰ ਪਾਥੀਆਂ ਦਾ ਪਾਣੀ ਵਰਤੋਂ ਲਈ ਤਿਆਰ ਹੈ।ਲੋੜ ਅਨੁਸਾਰ ਪਾਥੀਆਂ ਅਤੇ ਪਾਣੀ ਦੀ ਮਾਤਰਾ ਵਧਾਈ ਵੀ ਜਾ ਸਕਦੀ ਹੈ।

16. ਕੁਦਰਤੀ ਖੇਤੀ ਵਿਚ ਲੱਸੀ ਦੀ ਕੀ ਅਹਿਮੀਅਤ ਹੈ ?

ਪੰਜ ਰਸਾਂ ਦਾ ਸੁਮੇਲ ਲੱਸੀ ਇਕ ਬਿਹਤਰੀਨ ਗਰੋਥ ਪ੍ਰੋਮੋਟਰ ਹੋਣ ਦੇ ਨਾਲ-ਨਾਲ ਬੇਹੱਦ ਅਸਰਕਾਰੀ ਉੱਲੀ ਰੋਗ ਨਾਸ਼ਕ ਹੈ। ਸੋ ਸਭ ਪ੍ਰਕਾਰ ਦੀਆਂ ਫਸਲਾਂ ਉੱਤੇ ਇਕ ਨਿਸ਼ਚਿਤ ਮਾਤਰਾ ਵਿਚ ਇਸਦੀ ਸਪਰੇਹ ਕਰਨ ਸਦਕਾ ਜਿੱਥੇ ਫਸਲਾਂ ਦਾ ਵਧੀਆ ਵਾਧਾ-ਵਿਕਾਸ ਹੁੰਦਾ ਹੈ ਓਥੇ ਹੀ ਉਹਨਾਂ ਨੂੰ ਉੱਲੀ ਰੋਗਾਂ ਤੋਂ ਵੀ ਨਿਜ਼ਾਤ ਮਿਲਦੀ ਹੈ।

17. ਪ੍ਰਤਿ ਏਕੜ ਕਿੰਨੀ ਮਾਤਰਾ ਵਿਚ ਅਤੇ ਕਿੰਨੀ ਪੁਰਾਣੀ ਲੱਸੀ ਦਾ ਛਿੜਕਾਅ ਕਰਨਾ ਚਾਹੀਦਾ ਹੈ ?

ਵਧੀਆ ਨਤੀਜੇ ਪ੍ਰਾਪਤ ਕਰਨ ਲਈ ਕਿਸੇ ਵੀ ਫਸਲ ਉੱਤੇ ਪ੍ਰਤਿ ਏਕੜ, 4 ਦਿਨ ਪੁਰਾਣੀ 6 ਲੀਟਰ ਲੱਸੀ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।

18. ਫਸਲਾਂ ਨੂੰ ਕੀਟਾਂ ਅਤੇ ਬਿਮਾਰੀਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?

ਫਸਲਾਂ ਨੂੰ ਕੀਟਾਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਹੇਠ ਦਿੱਤੇ ਨੁਕਤਿਆਂ ’ਤੇ ਅਮਲ ਕੀਤਾ ਜਾਵੇ:

  • ਹਰੇਕ ਫਸਲ ਸਮੇਂ ਸਿਰ ਬੀਜੀ ਜਾਵੇ।
  • ਬੀਜ ਅੰਮ੍ਰਿਤ ਆਦਿ ਨਾਲ ਬੀਜ ਸ਼ੋਧਣ ਲਾਜ਼ਮੀ ਕੀਤਾ ਜਾਵੇ।
  • ਖੇਤ ਵਿਚ ਕੱਚੀ ਰੂੜੀ ਦੀ ਪਾਉਣ ਦੀ ਥਾਂ ਹਮੇਸ਼ਾ ਰੂੜੀ ਦੀ ਤਿਆਰ ਖਾਦ ਹੀ ਪਾਈ ਜਾਵੇ।
  • ਫਸਲ ਬੀਜਦੇ ਸਮੇਂ ਖੇਤ ਵਿਚ ਹਵਾ ਦੇ ਢੁੱਕਵੇਂ ਸੰਚਾਰ ਅਤੇ ਰੌਸ਼ਨੀ ਦੀ ਭਰਪੂਰ ਉਪਲਬਧਤਾ ਯਕੀਨੀ ਬਣਾਈ ਜਾਵੇ ਭਾਵ ਲਾਈਨ ਤੋਂ ਲਾਈਨ ਅਤੇ ਪੌਦੇ ਤੋਂ ਪੌਦੇ ਵਿਚਾਲੇ ਏਨਾ ਕੁ ਫਾਸਲਾ ਰੱਖਿਆ ਜਾਵੇ  ਕਿ ਫਸਲ ਨੂੰ ਭਰਪੂਰ ਫੁਟਾਰਾ ਕਰਨ ਲਈ ਪੂਰੀ ਜਗ੍ਹਾ ਮਿਲੇ। ਜਿਵੇਂ ਝੋਨੇ ਚ 1 * 1 ਫੁੱਟ, ਕਣਕ ਚ 9 * 9 ਇੰਚ, ਸਰੋਂ ਚ 3.5 * 3.5 ਫੁੱਟ, ਨਰਮੇ ਚ 3.5 * 3.5 ਫੁੱਟ।
  • ਹਰੇਕ ਫਸਲ ਨੂੰ ਪਾਣੀ ਉਦੋਂ ਹੀ ਲਾਇਆ ਜਾਵੇ ਜਦੋਂ ਫਸਲ ਪਾਣੀ  ਮੰਗੇ। ਪਾਣੀ ਕਦੇ ਵੀ ਭਰ ਕੇ ਨਾ ਲਾਇਆ ਜਾਵੇ। ਇਸ ਮਕਸਦ ਦੀ ਪੂਰਤੀ ਲਈ ਇੱਕ ਏਕੜ ਵਿਚ ਘੱਟੋ-ਘੱਟ 6 ਕਿਆਰੇ ਪਾਏ ਜਾਣ ਅਤੇ ਪਾਣੀ ਹਮੇਸ਼ਾ ਖੇਤ ਵਿਚ ਮੌਜੂਦ ਰਹਿ ਕੇ ਲਾਇਆ ਜਾਵੇ। 
  • ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਜਗਤ ਗੁਰੂ ਬਾਬਾ ਨਾਨਕ ਜੀ ਦੇ ਉਪਦੇਸ਼ ਜਿਸ ਵਿਚ ਉਹਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੀਆਂ ਪਾਵਨ ਤੁਕਾਂ ਰਾਹੀਂ ਸਾਨੂੰ ਕੁਦਰਤੀ ਨਿਯਮਾਂ ਦੀ ਪਾਲਣਾ ਕਰਦਿਆਂ ਕੁਦਰਤ ਦੇ ਅਨੁਸਾਰੀ ਜੀਵਨ ਜੀਣ ਦਾ ਸੁਨੇਹਾ ਦਿੱਤਾ ਸੀ, ਦੀ ਆਪਣੇ ਜੀਵਨ ਵਿਚ ਪਾਲਣਾ ਕਰਕੇ ਬਾਬਾ ਨਾਨਕ ਜੀ ਦੀਆਂ ਰਹਿਮਤਾਂ ਦੇ ਪਾਤਰ ਬਣਨ ਦਾ ਸੁਭਾਵ ਸਹਿਜੇ ਹੀ ਹਾਸਿਲ ਹੋ ਸਕੇਗਾ।