ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਖੇਡ ਮੰਤਰੀ ਰਾਣਾ ਸੋਢੀ ਨੇ ਖੋਲ੍ਹੇ ਖ਼ਜ਼ਾਨੇ

punjab launches 5 new schemes

ਬਸੇਰਾ ਸਕੀਮ, ਸਮਾਰਟ ਮੀਟਰ, ਈ-ਦਾਖਿਲ ਪੋਰਟਲ, ਧੀਆਂ ਦੀ ਲੋਹੜੀ ਅਤੇ ਸਪੋਰਟਸ ਕਿੱਟਾਂ

ਜਲੰਧਰ, 7 ਜਨਵਰੀ (ਕੇਸਰੀ ਨਿਊਜ਼ ਨੈੱਟਵਰਕ )- ਪੰਜਾਬ ਫੀ ਕੈਪਟਨ ਸਰਕਾਰ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀਰਵਾਰ ਨੂੰ ਜਲੰਧਰ ਵਿਖੇ ਰਾਜ ਸਰਕਾਰ ਦੀਆਂ ਪੰਜ ਮਹੱਤਵਪੂਰਣ ਸਕੀਮਾਂ ਦੀ ਸ਼ੁਰੂਆਤ ਕੀਤੀ, ਜਿਸ ਸਦਕਾ ਪੰਜਾਬ ਦੇ ਵਸਨੀਕਾਂ ਨੂੰ ਵੱਡੇ ਪੱਧਰ ‘ਤੇ ਲਾਭ ਹੋਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਰਚੂਅਲ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਹੋਏ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਇਨ੍ਹਾਂ ਪੰਜ ਸਕੀਮਾਂ ਜਿਨ੍ਹਾਂ ਵਿੱਚ ਝੁੱਗੀ-ਝੌਪੜੀ ਨਿਵਾਸੀਆਂ ਨੂੰ ਮਾਲਕਾਨਾ ਹੱਕ ਦੇਣ ਲਈ ਬਸੇਰਾ ਸਕੀਮ, ਸਮਾਰਟ ਮੀਟਰਜ਼, ਈ-ਦਾਖਿਲ, ਧੀਆਂ ਦੀ ਲੋਹੜੀ ਅਤੇ ਸਪੋਰਟਸ ਕਿੱਟਾਂ ਦੀ ਵੰਡ ਸ਼ਾਮਲ ਹੈ, ਦੀ ਸ਼ੁਰੂਆਤ ਕਰਦਿਆਂ ਇਤਿਹਾਸਕ ਕਦਮ ਚੁੱਕਿਆ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਾਜਿੰਦਰ ਬੇਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਮੇਅਰ ਜਗਦੀਸ਼ ਰਾਜ ਰਾਜਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਵੀ ਮੌਜੂਦ ਸਨ।
ਪੰਜਾਬ  ਸਰਕਾਰ ਨੇ ਬਸੇਰਾ ਸਕੀਮ ਰਾਹੀਂ ਪੰਜਾਬ ਨੂੰ ਝੁੱਗੀ-ਝੌਂਪੜੀ ਮੁਕਤ ਬਣਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ, ਜਿਸ ਤਹਿਤ ਇਕ ਲੱਖ ਤੋਂ ਵੱਧ ਝੁੱਗੀ-ਝੌਪੜੀ ਨਿਵਾਸੀਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ। ਜਲੰਧਰ  ਵਿੱਚ 8 ਝੁੱਗੀ-ਝੌਂਪੜੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਪੰਜ ਨਗਰ ਨਿਗਮ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਅਤੇ ਤਿੰਨ ਕਰਤਾਰਪੁਰ, ਆਦਮਪੁਰ ਅਤੇ ਫਿਲੌਰ ਨਗਰ ਕੌਂਸਲਾਂ ਦੇ ਅਧਿਕਾਰ ਖੇਤਰਾਂ ਵਿੱਚ ਹਨ।
ਉਨ੍ਹਾਂ ਫੀਲਡ ਵਿੱਚ ਪਹਿਲਾਂ ਤੋਂ ਸਰਵੇਖਣ ਟੀਮਾਂ ਨੂੰ ਝੁੱਗੀਆਂ ਬਾਰੇ ਮੋਬਾਈਲ ਐਪ ‘ਤੇ ਸਹੀ ਡੇਟਾ ਅਪਲੋਡ ਕਰਨ ਲਈ ਕਿਹਾ ਅਤੇ ਇਹ ਪ੍ਰਕਿਰਿਆ 28 ਫਰਵਰੀ, 2020 ਤੱਕ ਖਤਮ ਹੋ ਜਾਵੇਗੀ।
ਕੈਬਨਿਟ ਮੰਤਰੀਆਂ ਨੇ ਦੱਸਿਆ ਕਿ 4-ਜੀ ਤਕਨੀਕ ਆਧਾਰਿਤ ਸਮਾਰਟ ਮੀਟਰ ਨਾ ਸਿਰਫ ਬਿਜਲੀ ਖਪਤਕਾਰਾਂ ਨੂੰ ਪਾਰਦਰਸ਼ੀ ਮੀਟਰਿੰਗ, ਬਿੱਲਿੰਗ ਅਤੇ ਕੁਲੈਕਸ਼ਨ ਪ੍ਰਕਿਰਿਆ ਨੂੰ ਯਕੀਨੀ ਬਣਾਉਣਗੇ ਸਗੋਂ ਬਿਜਲੀ ਚੋਰੀ ਨੂੰ ਵੀ ਘੱਟ ਕਰਨਗੇ।
ਤੀਜੀ ਸਕੀਮ ਈ-ਦਾਖਿਲ ਪ੍ਰਾਜੈਕਟ ਦਾ ਉਦੇਸ਼ ਖਪਤਕਾਰਾਂ ਨੂੰ ਵਧੇਰੇ ਅਧਿਕਾਰ ਦੇਣ ਲਈ ਇੱਕ ਸੌਖਾ ਅਤੇ ਸਰਲ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ, ਜਿਥੇ ਉਹ ਖਪਤਕਾਰ ਕਮਿਸ਼ਨ ਦੇ ਆਨਲਾਈਨ ਐਪਲੀਕੇਸ਼ਨ ਪੋਰਟਲ ‘ਤੇ ਸ਼ਿਕਾਇਤ ਦਰਜ ਕਰਾਉਣ ਤੋਂ ਇਲਾਵਾ ਇਥੇ ਰਵੀਜ਼ਨ ਪਟੀਸ਼ਨ ਅਤੇ ਪਹਿਲੀ ਅਪੀਲ ਵੀ ਦਾਇਰ ਕਰ ਸਕਦੇ ਸਨ ।
‘ਧੀਆਂ ਦੀ ਲੋਹੜੀ’ ਸਕੀਮ ਦੀ ਸ਼ੁਰੂਆਤ ਸਮੇਂ ਮੰਤਰੀਆਂ ਨੇ ਆਸ ਪ੍ਰਗਟ ਕੀਤੀ ਕਿ ਕਿਹਾ ਕਿ ਲੋਹੜੀ ਵਰਗੇ ਰਵਾਇਤੀ ਤਿਉਹਾਰਾਂ ਨੂੰ ‘ਧੀਆਂ ਦੀ ਲੋਹੜੀ’ ਦੇ ਰੂਪ ਵਿਚ ਮਨਾਉਣਾ ਰਾਜ ਵਿਚ ਲਿੰਗ ਅਨੁਪਾਤ ਨੂੰ ਹੋਰ ਬਿਹਤਰ ਬਣਾਉਣ ਵਿਚ ਮਹੱਤਵਪੂਰਣ ਸਾਬਤ ਹੋਵੇਗਾ।
ਕੰਨਿਆ ਭਰੂਣ ਹੱਤਿਆ ਖ਼ਿਲਾਫ਼ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਸਭ ਤੋਂ ਜ਼ਰੂਰੀ ਹੈ, ਜਿਸ ਨਾਲ ਮਹਿਲਾ ਸਸ਼ਕਤੀਕਰਨ ਕੀਤਾ ਜਾ ਸਕਦਾ ਹੈ।
ਮੰਤਰੀਆਂ ਨੇ ਕਿਹਾ ਕਿ 2500 ਸਪੋਰਟਸ ਕਿੱਟਾਂ ਦੀ ਵੰਡ ਦੀ ਪਹਿਲਕਦਮੀ ਨਾਲ ਰਾਜ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਮੰਤਰੀਆਂ ਨੇ ਕਿਹਾ ਕਿ ਇਹ ਕਿੱਟਾਂ ਪੇਂਡੂ ਖੇਤਰਾਂ ਵਿਚ ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਨਗੀਆਂ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਕਿ ਖੇਡਾਂ ਦੇ ਖੇਤਰ ਵਿਚ ਵੀ ਪੰਜਾਬ ਮੋਹਰੀ ਰਾਜ ਬਣ ਕੇ ਉੱਭਰੇ।
ਇਸ ਮੌਕੇ ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ (ਪੀ.ਡਬਲਯੂ.ਆਰ.ਐਮ.ਡੀ.ਸੀ.) ਦੇ ਚੇਅਰਮੈਨ ਜਗਬੀਰ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਜਸਬੀਰ ਸਿੰਘ, ਡੀ.ਸੀ.ਪੀ. ਟ੍ਰੈਫਿਕ ਨਰੇਸ਼ ਡੋਗਰਾ, ਐਸ.ਡੀ.ਐਮ ਡਾ. ਜੈ ਇੰਦਰ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਡੀ.ਐਫ.ਐੱਸ.ਸੀ ਨਰਿੰਦਰ ਸਿੰਘ ਅਤੇ ਹੋਰ ਮੌਜੂਦ ਸਨ।