You are currently viewing ਜਲੰਧਰ ਪੁਲਿਸ ਨੂੰ ਗੱਡੀ ਦੀ ਸਟੱਪਣੀ ਚੋਂ ਹਵਾ ਨਹੀਂ ਮਿਲੀ 26 ਕਿਲੋਗ੍ਰਾਮ ਅਫ਼ੀਮ
ਸੀ.ਪੀ. ਜਲੰਧਰ

ਜਲੰਧਰ ਪੁਲਿਸ ਨੂੰ ਗੱਡੀ ਦੀ ਸਟੱਪਣੀ ਚੋਂ ਹਵਾ ਨਹੀਂ ਮਿਲੀ 26 ਕਿਲੋਗ੍ਰਾਮ ਅਫ਼ੀਮ

ਜਲੰਧਰ ਪੁਲਿਸ ਵੱਲੋਂ ਔਰਤ ਸਮੇਤ ਤਿੰਨ ਗ੍ਰਿਫ਼ਤਾਰ

ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ )-ਡਰੱਗ ਮਾਫੀਆ ਖਿਲਾਫ ਆਪਣੀ ਜੰਗ ਜਾਰੀ ਰੱਖਦਿਆਂ ਕਮਿਸ਼ਨਰੇਟ ਪੁਲਿਸ ਨੇ ਬੁੱਧਵਾਰ ਨੂੰ ਇਕ ਔਰਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਜਿਸ ਵਾਹਨ ਵਿੱਚ ਮੁਲਜ਼ਮ ਯਾਤਰਾ ਕਰ ਰਹੇ ਸਨ, ਉਸ ਦੀਆਂ ਦੋ ਸਟੇਪਨੀਜ਼ ‘ਚੋਂ 26 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ।
ਮੁਲਜ਼ਮਾਂ ਦੀ ਪਛਾਣ ਪੂਨਮ ਦੇਵੀ ਰਾਓ (40), ਉਸ ਦੇ ਪੁੱਤਰ ਕ੍ਰਿਸ਼ਨ ਰਾਓ (19) ਜਮਸ਼ੇਦਪੁਰ ਅਤੇ ਦੂਰ ਦੇ ਭਤੀਜੇ ਰਾਜਾ ਕੁਮਾਰ ਭਗਤ (29) ਪੂਰਬੀ ਸਿੰਘਭੂਮ, ਝਾਰਖੰਡ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ ਸਟਾਫ -1 ਦੇ ਮੁਖੀ ਹਰਮਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਤਿੰਨੇ ਮੁਲਜ਼ਮ ਅੱਜ ਨਸ਼ੇ ਦੀ ਖੇਪ ਅੰਮ੍ਰਿਤਸਰ ਪਹੁੰਚਾਉਣ ਲਈ ਸਿਲਵਰ ਸੁਮੋ (ਜੇਐਚ05-ਏਪੀ-8743) ਵਿੱਚ ਸਫ਼ਰ ਕਰ ਰਹੇ ਹਨ, ਜਿਸ ਤੋਂ ਬਾਅਦ ਏਸੀਪੀ ਮੇਜਰ ਸਿੰਘ ਦੀ ਨਿਗਰਾਨੀ ਹੇਠ ਪਰਾਗਪੁਰ ਪੁਲਿਸ ਚੌਕੀ ਵਿਖੇ ਚੈਕਿੰਗ ਕੀਤੀ ਗਈ ਅਤੇ ਪੁਲਿਸ ਨੇ ਨਾਕੇ ਦੌਰਾਨ ਸਿਲਵਰ ਸੁਮੋ (ਜੇਐਚ05-ਏਪੀ -8743) ਨੂੰ ਰੋਕਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮਹਿਲਾ ਮੁਲਾਜ਼ਮਾਂ ਦੇ ਨਾਲ ਸੁਮੋ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਦੋ ਸਟੇਪਨੀਜ਼ (ਵਾਧੂ ਟਾਇਰ) ਮਿਲੇ। ਉਨ੍ਹਾਂ ਦੱਸਿਆ ਕਿ ਦੋਵੇਂ ਸਟੇਪਨੀਜ਼ ਨੂੰ ਪਾਨਿਆਂ (ਰੈਂਚ ਸੈੱਟ) ਦੀ ਮਦਦ ਨਾਲ ਖੋਲ੍ਹਿਆ ਗਿਆ ਤਾਂ ਉਨ੍ਹਾਂ ਵਿੱਚੋਂ ਹਵਾ ਦੀ ਥਾਂ ਭਾਰੀ ਮਾਤਰਾ ਵਿਚ ਨਸਦੀਲਾ ਪਦਾਰਥ ਭਰਿਆ ਮਿਲਿਆ ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਵਾਂ ਟਾਇਰਾਂ ਵਿੱਚੋਂ ਇਕ ‘ਚੋਂ 26 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ, ਜੋ ਪਲਾਸਟਿਕ ਦੇ 26 ਛੋਟੇ ਥੈਲਿਆਂ ਵਿੱਚ ਭਰੀ ਹੋਈ ਸੀ।
ਪੁਲਿਸ  ਪਾਰਟੀ ਨੇ ਤੁਰੰਤ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਨ੍ਹਾਂ ਖਿਲਾਫ਼ ਛਾਉਣੀ ਪੁਲਿਸ ਥਾਣੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ 18, 61 ਅਤੇ 85 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੂਨਮ ਦੇਵੀ ਰਾਓ ਝਾਰਖੰਡ ਨਾਲ ਸਬੰਧਤ ਨਸ਼ਾ ਤਸਕਰਾਂ ਤੋਂ ਸਪਲਾਈ ਮਿਲਣ ‘ਤੇ ਪਿਛਲੇ 6 ਮਹੀਨਿਆਂ ਤੋਂ ਆਪਣੇ ਪੁੱਤਰ ਅਤੇ ਦੂਰ ਦੇ ਭਤੀਜੇ ਨਾਲ ਸੂਮੋ ਵਿੱਚ ਅੰਮ੍ਰਿਤਸਰ ਵਿੱਚ ਅਫੀਮ ਪਹੁੰਚਾ ਰਹੀ ਸੀ। ਉਨ੍ਹਾਂ ਕਿਹਾ ਕਿ ਉਸ ਦਾ ਬੇਟਾ ਕ੍ਰਿਸ਼ਨਾ ਰਾਓ ਬਾਰ੍ਹਵੀਂ ਵਿੱਚ ਪੜ੍ਹ ਰਿਹਾ ਹੈ ਜਦਕਿ ਰਾਜਾ ਕੁਮਾਰ ਭਗਤ ਸਮੌਸੇ-ਪਕੌੜੇ ਵੇਚਣ ਦਾ ਕੰਮ ਕਰਦਾ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਸਥਾਨਕ ਅਦਾਲਤਾਂ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ।