ਦਿੱਲੀ ਕਿਸਾਨ ਸੰਘਰਸ਼: ਦਿਲਚਸਪ ਤੱਥ, ਸੰਸਾਰ ਇਤਿਹਾਸ ਵਿਚ ਇਹ ਕੁੱਝ ਵਾਪਰਿਆ ਪਹਿਲੀ ਵਾਰ

* Delhi Farmers Protest World Records

#20 interesting points of kissan sangharsh

ਜਲੰਧਰ ( ਕੇਸਰੀ ਵਿਰਾਸਤ ਨੈੱਟਵਰਕ )-ਭਾਰਤ ਦੀ ਰਾਜਧਾਨੀ ਦਿੱਲੀ ਵਿਚ ਪਿਛਲੇ ਕਈ  ਹਫਤਿਆ਼ ਤੋਂ ਚਲ ਰਹੇ ਕਿਸਾਨ ਸੰਘਰਸ਼ ਨੇ ਵਿਸ਼ਵ ਇਤਿਹਾਸ ਵਿਚ ਆਪਣੇ ਹੀ ਤਰ੍ਹਾਂ ਦੀਆਂ ਨਿਵੇਕਲੀਆਂ ਪੈੜਾਂ ਪਾ ਦਿੱਤੀਆਂ ਹਨ । ਪੰਜਾਬੀਆਂ ਦੀ ਅਗਵਾਈ ਹੇਠਲੇ ਇਸ ਸੰਘਰਸ਼ ਨੂੰ ਵਿਸ਼ਵ ਇਤਿਹਾਸ ਵਿਚ ਜਿਨ੍ਹਾਂ ਤੱਥਾਂ ਕਾਰਨ ਯਾਦ ਰੱਖਿਆ ਜਾਵੇਗਾ ਉਨ੍ਹਾਂ ਵਿਚੋਂ ਕੁੱਝ ਇਸ ਤਰ੍ਹਾਂ ਹਨ ।

1. ਦੁਨੀਆਂ ਦਾ ਪਹਿਲਾ ਅੰਦੋਲਨ ਜਿਸ ਨੂੰ ਸ਼ੁਰੂ ਜਥੇਬੰਦੀਆਂ ਨੇ ਕੀਤਾ ਪਰ ਇਸਨੂੰ ਲੋਕ ਚਲਾ ਰਹੇ ਹਨ।
2. ਇਸਦੀ ਵਾਂਗਡੋਰ ਲੀਡਰਾਂ ਦੇ ਹੱਥ ਨਹੀਂ ਲੋਕਾਂ ਦੇ ਹੱਥ ਵਿੱਚ ਹੈ, ਇਸਦਾ ਫ਼ੈਸਲਾ ਵੀ ਲੀਡਰ ਨਹੀਂ ਲੋਕ ਕਰਨਗੇ।
3. ਪਹਿਲੀ ਵਾਰ ਇਸ ਅੰਦੋਲਨ ਦੀ ਅਗਵਾਈ ਕੋਈ ਨਿਰੋਲ ਸਿਆਸੀ ਲੀਡਰਸ਼ਿਪ ਨਹੀਂ ਕਰ ਰਹੀ, ਨਾ ਹੀ ਕਿਸੇ ਸਥਾਪਿਤ ਸਿਆਸੀ ਲੀਡਰ ਨੂੰ ਸਟੇਜ ਤੇ ਬੋਲਣ ਦਿੱਤਾ ਜਾ ਰਿਹਾ ਹੈ ।

4. ਪਹਿਲੀ ਵਾਰ ਕਿਸੇ ਅੰਦੋਲਨ ਚ ਬਜ਼ੁਰਗਾਂ ਦਾ ਹੋਸ਼ ਤੇ ਜਵਾਨਾਂ ਦਾ ਜੋਸ਼ ਆਪਸੀ ਤਾਲਮੇਲ ਨਾਲ਼ ਚੱਲ ਰਿਹਾ ਹੈ ।
5. ਪਹਿਲੀ ਵਾਰ, ਐਨੀਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਜਾਬਤੇ ਵਿੱਚ ਰਿਹਾ ਤੇ ਕਿਧਰੇ ਵੀ ਕੋਈ ਕਿਸੇ ਕਿਸਮ ਦੀ ਭੰਨ ਤੋੜ ਤੋਂ ਬਚਾਅ ਰਿਹਾ ।
6. ਅੰਦੋਲਨਕਾਰੀਆਂ ਵਲੋਂ ਸਰਕਾਰੀ ਪ੍ਰਾਪਰਟੀ, ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਾ ਕੀਤਾ ਗਿਆ ਹੋਵੇ ਤੇ ਕੋਈ ਵੀ ਲੜਾਈ ਝਗੜਾ ਨਾ ਹੋਇਆ ਹੋਵੇ।
7. ਅਜਿਹਾ ਪਹਿਲਾ ਅੰਦੋਲਨ ਜਿਸ ਦੌਰਾਨ ਕਿਸੇ ਸਰਕਾਰ ਨੇ ਖ਼ੁਦ ਸਰਕਾਰੀ ਤੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਜ਼ਾਹਰਾ ਤੌਰ ਤੇ ਆਪ ਕੀਤਾ ਹੋਵੇ। ਜਿਵੇਂ ਨੈਸ਼ਨਲ ਹਾਈਵੇ ਉੱਪਰ ਵੀਹ ਵੀਹ ਫੁੱਟ ਦੇ  ਡੂੰਘੇ ਟੋਏ ਪੁੱਟੇ ਗਏ ।
8. ਪਹਿਲੀ ਵਾਰ ਕਿਸੇ ਅੰਦੋਲਨਕਾਰੀਆਂ ਨੂੰ ਰੋਕਣ ਲਈ ਸੱਤ ਸੱਤ ਲੇਅਰ ਦੀ ਬੈਰੀਕ਼ੇਡਿੰਗ ਕੀਤੀ ਗਈ। ਮਿੱਟੀ ਦੇ ਪਹਾੜ ਖੜ੍ਹੇ ਕੀਤੇ ਗਏ । ਸਰਕਾਰੀ ਤੇ ਗ਼ੈਰ ਸਰਕਾਰੀ ਵਹੀਕਲ ਵੱਡੀ ਗਿਣਤੀ ਵਿੱਚ ਰਸਤਾ ਰੋਕਣ ਲਈ ਇਸਤੇਮਾਲ ਕੀਤੇ ਗਏ।

9. ਇਹ ਵੀ ਪਹਿਲੀ ਵਾਰ ਹੋਇਆ ਕਿ ਐਨੀਂ ਭਾਰੀ ਬੈਰੀਕ਼ੇਡਿੰਗ ਨੂੰ ਨੌਜਵਾਨਾਂ ਵੱਲੋਂ ਜਾਬਤੇ ਵਿੱਚ ਰਹਿੰਦੇ ਹੋਏ ਕੁੱਝ ਮਿੰਟਾਂ ਵਿੱਚ ਹੀ ਹਟਾ ਦਿੱਤਾ ਗਿਆ। ਕਰੇਨਾਂ ਦੀ ਮਦਦ ਨਾਲ ਰੱਖੇ ਗਏ ਕਈ ਕਈ ਟਨ ਭਾਰੇ ਪੱਥਰਾਂ ਨੂੰ ਹੱਥਾਂ ਨਾਲ਼ ਪਾਸੇ ਕੀਤਾ ਗਿਆ। ਫੋਰਸਾਂ ਤੇ ਕੋਈ ਹੱਥ ਵੀ ਨਹੀਂ ਚੁੱਕਿਆ ਗਿਆ ।
10. ਪਹਿਲੀ ਵਾਰ ਇੱਕ ਇਲਾਕੇ ਤੋਂ ਸ਼ੁਰੂ ਹੋਇਆ ਅੰਦੋਲਨ ਐਨੇ ਘੱਟ ਸਮੇਂ ਚ ਦੇਸ਼ਵਿਆਪੀ ਅੰਦੋਲਨ ਬਣਿਆਂ ਜਿਸਨੂੰ ਬਹੁਤ ਵੱਡੀ ਕੌਮਾਂਤਰੀ ਹਿਮਾਇਤ ਮਿਲੀ।
11. ਸ਼ਾਇਦ ਪਹਿਲੀ ਵਾਰ ਕਿਸੇ ਅੰਦੋਲਨ ਵਿੱਚ ਐਨੀ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਸ਼ਾਮਿਲ ਹੋਈਆਂ ਹੋਣ ਤੇ ਓਹਨਾਂ ਨੂੰ ਰੈਣ ਬਸੇਰੇ ਲਈ ਵਰਤਿਆ ਗਿਆ। 
12. ਪਹਿਲੀ ਵਾਰ,ਕਿਸੇ ਮੋਰਚੇ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਅੰਦੋਲਨਕਾਰੀਆਂ ਵੱਲੋਂ ਇੱਕੋ ਥਾਂ ਆਪ ਲਿਆਂਦੀਆਂ ਗਈਆਂ। ਖਾਣ ਪੀਣ ਤੋਂ ਲੈ ਕੇ ਕੱਪੜੇ ਧੋਣ ਵਾਲ਼ੀਆਂ ਮਸ਼ੀਨਾਂ, ਮਸਾਜ਼ ਮਸ਼ੀਨਾਂ, ਗਰਮ ਕੱਪੜਿਆਂ ਦੀ ਵੰਡ, ਟੁੱਥ ਪੇਸਟ, ਦਾਤਣਾ ਤੋਂ ਹਜਾਮਤ ਤੇ ਵਾਲ਼ ਡਾਈ ਕਰਨ, ਦੰਦਾਂ ਦਾ ਚੈੱਕਅਪ, ਜ਼ਿੰਮ, ਹਰ ਚੀਜ਼ ਮਿਲ਼ਦੀ ਹੋਵੇ ਤੇ ਸੱਭ ਲਈ ਹੋਵੇ ਚਾਹੇ ਓਹ ਅੰਦੋਲਨ ਦਾ ਹਿੱਸਾ ਹੈ ਚਾਹੇ ਨਹੀਂ।
13. ਪਹਿਲੀ ਵਾਰ, 1947 ਤੋਂ ਬਾਅਦ ਦੇਸ਼ ਭਰ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਇੱਕ ਮੰਚ ਉੱਪਰ ਇਕੱਠੀਆਂ ਹੋਈਆਂ ।
14. ਅੰਦੋਲਨ ਲਈ ਹਰ ਮਜ਼੍ਹਬ, ਹਰ ਧਰਮ ਹਰ ਖਿੱਤੇ ਦੇ ਲੋਕਾਂ ਦਾ ਤੇ ਹਜ਼ਾਰਾ ਧਾਰਮਿਕ, ਸਮਾਜਿਕ ਜਥੇਬੰਦੀਆਂ, ਸੰਤ ਮਹਾਤਮਾ, ਟਰੇਡ ਯੂਨੀਅਨਾਂ, ਫ਼ਿਲਮ ਕਾਰਾਂ, ਕਲਾਕਾਰਾਂ, ਗੀਤਕਾਰਾਂ, ਕਲਮਕਾਰਾਂ, ਅਦਾਕਾਰਾਂ, ਪੱਤਰਕਾਰਾਂ, ਦੁਕਾਨਦਾਰਾਂ, ਕਾਰਖਾਨੇਦਾਰਾਂ, ਵਿਦਿਆਰਥੀਆਂ, ਸਰਕਾਰੀ ਤੇ ਗੈਰਸਰਕਾਰੀ ਮੁਲਾਜ਼ਮਾਂ ਦਾ ਸਮਰੱਥਨ ਮਿਲਿਆ।
15. ਪਹਿਲੀ ਵਾਰ, ਵਕੀਲਾਂ, ਜੱਜਾਂ, ਡਿਊਟੀ ਤੇ ਤਾਇਨਾਤ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਸਿੱਧੇ ਰੂਪ ਚ ਸਰਕਾਰ ਨੂੰ ਚਿਤਾਵਨੀ ਦਿੱਤੀ ਤੇ ਅੰਦੋਲਨ ਦਾ ਸਮਰੱਥਨ ਕੀਤਾ।
16. ਇਤਿਹਾਸ ਵਿਚ ਪਹਿਲੀ ਵਾਰ ਨਿਹੰਗ ਸਿੰਘ ਜਥੇਬੰਦੀਆਂ ਅੰਦੋਲਨਕਾਰੀਆਂ ਦੇ ਲਈ ਆਪਣਾ ਦੱਲਬੱਲ ਲੈ ਕੇ ਓਹਨਾਂ ਦੀ ਢਾਲ਼ ਬਣਕੇ ਪੁਲਿਸ ਦੇ ਸਾਹਮਣੇ ਖੜ੍ਹੇ ਹੋਏ।
17. ਪਹਿਲੀ ਵਾਰ ਕਿਸੇ ਅੰਦੋਲਨ ਦੌਰਾਨ ਨੈਸ਼ਨਲ ਮੀਡੀਆ ਦੇ ਸਾਹਮਣੇ ਸੋਸ਼ਲ ਮੀਡੀਆ ਨੇ ਅਹਿਮ ਰੋਲ਼ ਅਦਾ ਕੀਤਾ ਤੇ ਮੋਰਚੇ ਨੂੰ ਕੌਮਾਂਤਰੀ ਪਹਿਚਾਣ ਤੱਕ ਪਹੁੰਚਾਇਆ।
18. ਪਹਿਲੀ ਵਾਰ, ਲੱਗੇ ਹੋਏ ਮੋਰਚੇ ਵਿੱਚ 36 ਪ੍ਰਕਾਰ ਦੇ ਭੋਜਨ ਲੰਗਰਾਂ ਵਿੱਚ ਵਰਤਾਏ ਜਾਂਦੇ ਹੋਣ, ਸਥਾਨਕ ਲੋਕ ਵੱਡੀ ਗਿਣਤੀ ਚ ਆ ਕੇ ਲੰਗਰ ਛਕਦੇ ਹੋਣ ।
19. ਇਹ ਵੀ ਪਹਿਲੀ ਵਾਰ ਹੀ ਹੈ ਕਿ ਹੁਣ ਤਕ ਜਿਸ ਮੰਡੀ ਤੇ ਆੜਤੀ ਸਿਸਟਮ ਵਿਚ ਕਿਸਾਨਾਂ ਦੀ ਲੁੱਟ ਖਸੁੱਟ ਹੋਣ ਦੀ ਧਾਰਨਾ ਬਣ ਚੁੱਕੀ ਸੀ ਇਹ ਉਸ ਧਾਰਨਾ ਦੇ ਐਨ ਉਲਟ ਉਸੇ ਮੰਡੀ ਤੇ ਆੜਤੀ ਨੂੰ ਆਪਣੇ ਲਈ ਰੱਬ ਵਰਗਾ ਕਰਾਰ ਦਿੰਦੇ ਹੋਏ ਉਸਨੂੰ ਬਹਾਲ ਰੱਖਣ ਦੀ ਮੁੱਖ ਮੰਗ ਮੁੱਖ ਹੈ ।

20. ਸ਼ਾਇਦ ਇਹ ਵੀ ਪਹਿਲੀ ਵਾਰ ਹੈ ਕੋਈ ਸੰਘਰਸ਼ ਕਿਸੇ ਵਰਗ ਨੂੰ ਦਰਪੇਸ਼ ਮੌਜੂਦਾ ਸਮੱਸਿਆਵਾਂ ਖਿਲਾਫ਼ ਨਾ ਹੋ ਕੇ ਭਵਿੱਖ ਵਿਚ ਆਉਣ ਵਾਲੀ ਕਿਸੇ ਸਮੱਸਿਆ ਦੇ ਤੌਖਲੇ ਨੂੰ ਲੈ ਕੇ ਵਿੱਢਿਆ ਗਿਆ ਹੋਵੇ ।