ਭਾਰਤੀ ਕਿਸਾਨ ਯੂਨੀਅਨ ਦਾ ਸੁਪਰੀਮ ਦਾਅ, ਅਦਾਲਤ ਵਿਚ ਦੋ ਦੋ ਹੱਥ ਕਰਨਗੇ ਕਿਸਾਨ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)-ਪਿਛਲੇ ਕਈ ਦਿਨਾ ਤੋਂ ਦਿੱਲੀ ਦੇ ਰਾਹ ਪੈ ਚੁੱਕਾ ਉੱਤਰੀ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਹੁਣ ਆਪਣੀ ਚਰਮ ਸੀਮਾ ਨੂੰ ਪੁੱਜ ਗਿਆ ਹੈ ਜਦੋਂ ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਸੰਘਰਸ਼ ਦੌਰਾਨ ਕੇਂਦਰ ਸਰਕਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵਿਚ ਵੀ ਚੁਣੌਤੀ ਦੇ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਨੇ ਕੇਂਦਰ ਦੇ ਵਜ਼ੀਰਾਂ ਵਲੋਂ ਕੋਈ ਰਾਹ ਨਾ ਦਿੱਤੇ ਜਾਣ ਨੂੰ ਦੇਖਦੇ ਹੋਏ ਆਪਣੇ ਸੰਘਰਸ਼ ਨੂੰ ਹੁਣ ਕਾਨੂੰਨੀ ਲਡ਼ਾਈ ਦਾ ਰੂਪ ਵੀ ਦੇ ਦਿੱਤਾ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਤਰਾਂ ਕਰਕੇ ਕਿਸਾਨ ਜਥੇਬੰਦੀਆਂ ਨੇ ਇਕ ਸਿਆਣਪ ਦਾ ਸਬੂਤ ਹੀ ਦਿੱਤਾ ਹੈ ਜਿਸ ਨਾਲ ਸੰਘਰਸ਼ ਕੁਝ ਲੰਬਾ ਤਾਂ ਚਲ ਸਕਦਾ ਹੈ ਪਰ ਇਸ ਨੂੰ ਕੇਂਦਰ ਨਾਲ ਸਿੱਧੇ ਟਕਰਾਅ ਦੀ ਨੀਤੀ ਤੋਂ ਬਚ ਕੇ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋਣ ਤੋਂ ਬਚਾਉਣ ਦੇ ਇਕ ਕਦਮ ਵਜੋਂ ਹੀ ਦੇਖਿਆ ਜਾ ਰਿਹਾ ਹੈ। 

ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਜਿਨਾਂ ਵਿਚੋਂ ਬਹੁਤੀਆਂ ਪੰਜਾਬ ਨਾਲ ਸਬੰਧਤ ਹਨ, ਕੇਂਦਰ ਦੀ ਮੋਦੀ ਸਰਕਾਰ ਵਲੋਂ ਪਿਛਲੀ ਦਿਨੀਂ ਕਿਸਾਨੀ ਉਪਜਾਂ ਵਾਸਤੇ ਕੌਮਂਤਰੀ ਮੰਡੀਆਂ ਖੋਲਣ, ਕਿਸਾਨ ਉਤਪਾਦਾਂ ਦੇ ਕੌਮਂਤਰੀ ਮੰਡੀਕਰਨ ਅਤੇ ਕੰਟਰੈਕਟ ਫਾਰਮਿੰਗ ਨੂੰ ਕਾਨੂੰਨੀ ਰੂਪ ਦਿੱਤੇ ਜਾਣ ਨੂੰ ਮਹਿਜ਼ ਕਾਰਪੋਰੇਟਰ ਜਗਤ ਲਈ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਫਸਲਾਂ ਦੀ ਲੁੱਟ ਦਾ ਰਾਹ ਖੋਲਣ ਵਜੋਂ ਦੇਖ ਰਹੀਆਂ ਹਨ। ਹੌਲੀ ਹੌਲੀ ਕਿਸਾਨ ਜਥੇਬੰਦੀਆਂ ਦਾ ਇਹ ਸੰਘਰਸ਼ ਤਿੱਖਾ ਹੀ ਹੁੰਦਾ ਜਾ ਰਿਹਾ ਹੈ। ਜਦ ਕਿ ਪਿਛਲੇ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਘੇਰਨ ਲਈ ਸਿੰਘੂ ਬਾਰਡਰ ਵਿਖੇ ਜੋਰਦਾਰ ਧਰਨਾ ਪਰਦਰਸ਼ਨ ਕਰ ਰਹੀਆਂ ਹਨ।