5 ਨਵੰਬਰ ਤੋਂ ਕਿਸਾਨ ਸੰਘਰਸ਼ ਆਰ-ਪਾਰ ਦੇ ਮੂਡ਼ ਵਿਚ, ਦਿੱਲੀ ਕੂਚ ਦਾ ਨਵਾਂ ਨਾਅਰਾ

ਜਲੰਧਰ- ਕੇਂਦਰ ਸਰਕਾਰ ਵਲੋਂ ਬਣਾਏ 3 ਖੇਤੀ ਕਾਨੂੰਨਾਂ ਦੇ ਵਿਰੋਧ ਦਾ ਅੰਦੋਲਨ ਨਵਾਂ ਮੋੜ ਲੈ ਗਿਆ, ਜਦੋਂ ਦਿੱਲੀ ਵਿਚ ਦੇਸ਼ ਭਰ ਦੀਆਂ 260 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਨੇ ਸਰਬ ਸੰਮਤੀ ਨਾਲ ਇਨ੍ਹਾਂ 3 ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਖ਼ਿਲਾਫ਼ ਦੇਸ਼ ਵਿਆਪੀ ਅੰਦੋਲਨ ਕਰਨ ਦਾ ਫ਼ੈਸਲਾ ਲਿਆ। ਮੀਟਿੰਗ ਵਿਚ 5 ਨਵੰਬਰ ਨੂੰ ਸਵੇਰੇ 12 ਵਜੇ ਤੋਂ 4 ਵਜੇ ਸ਼ਾਮ ਤੱਕ ਦੇਸ਼ ਭਰ ਵਿਚ ਸੜਕੀ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਅਤੇ 26 ਅਤੇ 27 ਨਵੰਬਰ ਨੂੰ ਕੇਂਦਰ ਸਰਕਾਰ ਨੂੰ ਤਿੰਨੇ ਕਾਨੂੰਨ ਅਤੇ ਬਿਜਲੀ ਬਿੱਲ ਵਾਪਸ ਲੈਣ ਲਈ ਮਜਬੂਰ ਕਰਨ ਲਈ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ । ਇਸ ਪ੍ਰੋਗਰਾਮ ਨੂੰ ‘ਦਿੱਲੀ ਕੂਚ’ ਦਾ ਨਾਂਅ ਦਿੱਤਾ ਗਿਆ ਹੈ | ਕਿਸਾਨ ਜਥੇਬੰਦੀਆਂ ਨੇ ਲੰਮੀ ਬਹਿਸ ਤੋਂ ਬਾਅਦ ਸਰਬ ਸੰਮਤੀ ਨਾਲ ਇਸ ਮੁਹਿੰਮ ਨੂੰ ਸਿਰੇ ਚੜ੍ਹਾਉਣ ਅਤੇ ਕਿਸਾਨ ਸੰਘਰਸ਼ ਦੀ ਜਿੱਤ ਯਕੀਨੀ ਬਣਾਉਣ ਲਈ 5 ਮੈਂਬਰੀ ਕੇਂਦਰੀ ਤਾਲਮੇਲ ਕਮੇਟੀ ਬਣਾਉਣ ਦਾ ਫ਼ੈਸਲਾ ਵੀ ਲਿਆ | ਇਸ ਤਾਲਮੇਲ ਕਮੇਟੀ ਵਿਚ ਬਲਵੀਰ ਸਿੰਘ ਰਾਜੇਵਾਲ ਪੰਜਾਬ, ਗੁਰਨਾਮ ਸਿੰਘ ਚੜੂਕੀ ਹਰਿਆਣਾ, ਵੀ. ਐਸ. ਸਿੰਘ ਉੱਤਰ ਪ੍ਰਦੇਸ਼, ਰਾਜੂ ਸ਼ੈਟੀ ਸਾਬਕਾ ਐਮ. ਪੀ. ਮਹਾਰਾਸ਼ਟਰ ਅਤੇ ਯੋਗਿੰਦਰ ਯਾਦਵ ਦਿੱਲੀ ਨੂੰ ਸ਼ਾਮਿਲ ਕੀਤਾ ਗਿਆ ਹੈ ।ਮੀਟਿੰਗ ਵਿਚ ਮੁੱਖ ਤੌਰ ‘ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਕੇਰਲ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਦਿੱਲੀ ਦੀਆਂ ਮੁੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਦੇਸ਼ ਦੇ ਹੋਰ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧ ਵੀ ਸ਼ਾਮਿਲ ਸਨ। ਇਸੇ ਦੌਰਾਨ ਮੀਟਿੰਗ ਵਿਚ ਪੰਜਾਬ ਨੂੰ ਕਿਸਾਨ ਅੰਦੋਲਨ ਲਈ ਨਵਾਂ ‘ਰਾਹ ਦਸੇਰਾ’ ਦੱਸਿਆ ਗਿਆ ਅਤੇ ਉਨ੍ਹਾਂ ਦੀ 31 ਜਥੇਬੰਦੀਆਂ ਦੀ ਏਕਤਾ ਕਰਨ ਅਤੇ ਭਾਜਪਾ ਨੇਤਾਵਾਂ ਵਲੋਂ ਉਕਸਾਉਣ ਦੇ ਬਾਵਜੂਦ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਸ਼ਲਾਘਾ ਕੀਤੀ । ਇਸ ਮੌਕੇ ਇਕ ਮਤਾ ਪਾਸ ਕਰਕੇ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ ਗਿਆ ਕਿ ਉਨ੍ਹਾਂ ਨੇ ਇਸ ਅੰਦੋਲਨ ਦੇ ਹੱਕ ਵਿਚ ਥਾਂ-ਥਾਂ ਭਾਰਤੀ ਦੂਤ ਘਰਾਂ ਅਤੇ ਯੂ. ਐਨ. ਓ. ਸਾਹਮਣੇ ਮੁਜ਼ਾਹਰੇ ਕੀਤੇ ਅਤੇ ਮੰਗ ਪੱਤਰ ਦਿੱਤੇ।
ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਰੇਲ ਲਾਈਨਾਂ ਖਾਲੀ ਕਰਕੇ ਮਾਲ ਗੱਡੀਆਂ ਚਲਾਉਣ ਲਈ ਸਹਿਮਤੀ ਦਿੱਤੇ ਜਾਣ ਤੋਂ ਬਾਅਦ ਵੀ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਰੋਕੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਖੇਡ ਕਰਾਰ ਦਿੱਤਾ ਗਿਆ ।
ਇਸ ਦਰਮਿਆਨ ਦੇਸ਼ ਪੱਧਰੀ 5 ਮੈਂਬਰੀ ਤਾਲਮੇਲ ਕਮੇਟੀ ਵਿਚ ਸ਼ਾਮਿਲ ਮੈਂਬਰ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਦੀਆਂ ਸਾਰੀਆਂ 31 ਕਿਸਾਨ ਜਥੇਬੰਦੀਆਂ ਵਲੋਂ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਕਿ ਹੁਣ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਰਿਹਾ, ਸਗੋਂ ਦੇਸ਼-ਵਿਆਪੀ ਹੋ ਗਿਆ ਹੈ, ਜਿਸ ਕਰਕੇ ਕੇਂਦਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ | ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਕੁਰਬਾਨੀ ਰੰਗ ਲਿਆ ਰਹੀ ਹੈ |
ਇਸ ਮੌਕੇ ਪੰਜਾਬ ‘ਚੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ, ਜਿਨ੍ਹਾਂ ਵਿਚ ਮੇਧਾ ਪਾਟੇਕਰ, ਡਾ: ਦਰਸ਼ਨ ਪਾਲ, ਰੂਲਦੂ ਸਿੰਘ ਮਾਨਸਾ, ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ, ਬੋਘ ਸਿੰਘ ਮਾਨਸਾ, ਜਗਮੋਹਨ ਸਿੰਘ, ਕੁਲਵੰਤ ਸਿੰਘ ਸੰਧੂ, ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਬਹਿਰੂ, ਕਾਕਾ ਸਿੰਘ ਕੋਰੜਾ, ਕੁਲਵੰਤ ਸਿੰਘ ਬ੍ਰਹਮਕੇ, ਕਾਮਰੇਡ ਪ੍ਰੇਮ ਸਿੰਘ ਭੰਗੂ, ਕੁਲਵੰਤ ਸਿੰਘ ਸੇਖੋਂ, ਨਿਰਭੈ ਸਿੰਘ ਢੁੱਡੀਕੇ, ਸੂਰਤ ਸਿੰਘ ਮੋਗਾ, ਗੁਲਜ਼ਾਰ ਸਿੰਘ, ਉਂਕਾਰ ਸਿੰਘ ਅਗੋਲ ਅਤੇ ਹੋਰ ਕਈ ਕਿਸਾਨ ਨੇਤਾ ਵੀ ਮੀਟਿੰਗ ਵਿਚ ਸ਼ਾਮਿਲ ਹੋਏ |

ਦੂਜੇ ਪਾਸੇ ਸਿਰਸਾ ਤੋਂ ਆਈ ਖ਼ਬਰ ਅਨੁਸਾਰ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਪੱਕਾ ਮੋਰਚੇ ‘ਤੇ ਬੈਠੇ ਕਿਸਾਨਾਂ ਦੀ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਤਰ੍ਹਾਂ ਟੋਲ ਪਲਾਜ਼ਿਆਂ ‘ਤੇ ਧਰਨਾ ਦੇਣ ਤੇ ਮਰਨ ਵਰਤ ਰੱਖਣ ਦੀ ਵੀ ਚਿਤਾਵਨੀ ਦਿੱਤੀ ਹੈ। ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਹੋਈ ਹੈ | ਭੁੱਖ ਹੜਤਾਲ ਦੇ ਅੱਜ ਚੌਥੇ ਦਿਨ ਗਿਆਰ੍ਹਾਂ ਕਿਸਾਨਾਂ ਨੇ 24 ਘੰਟਿਆਂ ਦੀ ਭੁੱਖ ਹੜਤਾਲ ਕੀਤੀ | ਇਸ ਦੇ ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਦੇ ਧਰਨਿਆਂ, ਭੁੱਖ ਹੜਤਾਲ ਆਦਿ ਨੂੰ ਅਣਗੌਲਿਆ ਕਰ ਰਹੀ ਹੈ, ਇਸ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਤਰ੍ਹਾਂ ਭਲਕੇ 28 ਅਕਤੂਬਰ ਤੋਂ ਇਕ ਟੋਲ ਪਲਾਜ਼ੇ ‘ਤੇ ਧਰਨਾ ਦੇਣਗੇ ਤੇ ਇਸ ਨੂੰ ਦੂਜੇ ਟੋਲ ਪਲਾਜ਼ਿਆਂ ਤੱਕ ਵਧਾਇਆ ਜਾਵੇਗਾ। ਕਿਸਾਨ ਆਗੂਆਂ ਨੇ ਪੰਜਾਬ ‘ਚ ਮਾਲ ਗੱਡੀਆਂ ਬੰਦ ਕੀਤੇ ਜਾਣ ‘ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ | ਇਸ ਮੌਕੇ ‘ਤੇ ਕਈ ਪਿੰਡਾਂ ਦੇ ਕਿਸਾਨ ਮੌਜੂਦ ਸਨ।