You are currently viewing ਭਾਰਤ-ਅਮਰੀਕਾ ਦੀਆਂ ਵਧੀਆਂ ਹੋਰ ਨਜ਼ਦੀਕੀਆਂ 5 ਨਵੇਂ ਸਮਝੌਤੇ
india and united states of America relations

ਭਾਰਤ-ਅਮਰੀਕਾ ਦੀਆਂ ਵਧੀਆਂ ਹੋਰ ਨਜ਼ਦੀਕੀਆਂ 5 ਨਵੇਂ ਸਮਝੌਤੇ

ਨਵੀਂ ਦਿੱਲੀ, 27 ਅਕਤੂਬਰ (ਕੇਸਰੀ ਨਿਊਜ਼ ਨੈਟਵਰਕ)– ਭਾਰਤ ਤੇ ਅਮਰੀਕਾ ਨੇ ਆਪਣੇ ਰਿਸ਼ਤਿਆਂ ਨੂੰ ਹੋਰ ਨਜ਼ਦੀਕੀਆਂ ਪਰਦਾਨ ਕਰਦੇ ਹੋਏ ਅੱਜ ਇਤਿਹਾਸਕ ਰੱਖਿਆ ਸਮਝੌਤੇ ‘ਬੇਕਾ (ਬੀ.ਈ.ਸੀ.ਏ.)’ ਸਮੇਤ 5 ਵੱਡੇ ਸਮਝੌਤਿਆਂ ‘ਤੇ ਹਸਤਾਖਰ ਕੀਤੇ | ਤੀਜੀ 2+2 ਮੰਤਰੀ ਪੱਧਰ ਦੀ ਬੈਠਕ ਲਈ ਭਾਰਤ ਆਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰੱਖਿਆ ਮੰਤਰੀ ਮਾਰਕ ਟੀ. ਐਸਪਰ ਨਾਲ ਭਾਰਤੀ ਹਮਰੁਤਬਾ ਐਸ. ਜੈਸ਼ੰਕਰ ਤੇ ਰਾਜਨਾਥ ਸਿੰਘ ਨੇ ਮੁਲਾਕਾਤ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ‘ਚ ਇਸ ਅਹਿਮ ਕਦਮ ਦਾ ਐਲਾਨ ਕੀਤਾ | ਗੱਲਬਾਤ ਨੂੰ ਭਾਰਤ-ਚੀਨ ਦਰਮਿਆਨ ਜਾਰੀ ਤਣਾਅ ਦੇ ਸੰਦਰਭ ‘ਚ ਰਣਨੀਤਿਕ ਤੌਰ ‘ਤੇ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | ਗੱਲਬਾਤ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਨੇ ਕਿਹਾ ਕਿ ਅਮਰੀਕਾ ਨਾਲ ‘ਬੇਕਾ’ ਸਮਝੌਤਾ ਇਕ ਮਹੱਤਵਪੂਰਨ ਕਦਮ ਹੈ | ਦੋਵਾਂ ਦੇਸ਼ਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ ਤੇ ਸੁਰੱਖਿਆ ਲਈ ਫਿਰ ਤੋਂ ਆਪਣੀ ਪ੍ਰਤੀਬੱਧਤਾ ਜਤਾਈ ਹੈ | ਭਾਰਤ ਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (ਐਲ. ਏ. ਸੀ.) ‘ਤੇ ਮਹੀਨਿਆਂ ਤੋਂ ਜਾਰੀ ਤਣਾਅ ਦਰਮਿਆਨ ਅਮਰੀਕਾ ਨਾਲ ਇਸ ਸਮਝੌਤੇ ਨੂੰ ਭਾਰਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ | ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਲੰਬੇ ਸਮੇਂ ਤੋਂ ਲਟਕ ਰਹੇ ਬੀਈਸੀਏ ਸਮਝੌਤੇ ਨੂੰ ਅੰਤਿਮ ਰੂਪ ਮਿਲਣ ਨਾਲ ਦੋਵੇਂ ਦੇਸ਼ ਅਤਿ-ਆਧੁਨਿਕ ਫੌਜੀ ਤਕਨੀਕ, ਸਾਜੋ ਸਾਮਾਨ ਤੇ ਭੂ-ਸਥਾਨਕ ਨਕਸ਼ੇ (ਜੀਓ-ਸਪੇਸ਼ੀਅਲ ਮੈਪਸ) ਸਾਂਝੇ ਕਰ ਸਕਣਗੇ | ਬੀਈਸੀਏ ਭਾਰਤ ਤੇ ਅਮਰੀਕਾ ਵਿਚਾਲੇ ਚਾਰ ਮੌਲਿਕ ਸਮਝੌਤਿਆਂ ‘ਚੋਂ ਇਕ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਾਜੋ-ਸਾਮਾਨ ਤੇ ਫੌਜੀ ਸਹਿਯੋਗ ਵਧੇਗਾ |

ਇਨ੍ਹਾਂ ‘ਚੋਂ ਪਹਿਲਾ ਸਮਝੌਤਾ 2002 ‘ਚ ਫੌਜੀ ਸੂਚਨਾ ਦੀ ਸੁਰੱਖਿਆ ਨਾਲ ਸਬੰਧਿਤ ਸੀ ਅਤੇ ਦੋ ਹੋਰ ਸਮਝੌਤੇ 2016 ਤੇ 2018 ‘ਚ ਸਾਜੋ-ਸਾਮਾਨ ਤੇ ਸੁਰੱਖਿਅਤ ਸੰਚਾਰ ਨਾਲ ਸਬੰਧਿਤ ਕੀਤੇ ਗਏ ਸਨ | ‘ਬੀਈਸੀਏ ਸਮਝੌਤਾ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਲਈ ਮੀਲ ਪੱਥਰ ਮੰਨਿਆ ਜਾ ਰਿਹਾ ਹੈ | ਇਸ ਸਮਝੌਤੇ ਕਾਰਨ ਹੁਣ ਭਾਰਤ ਤੇ ਅਮਰੀਕਾ ਜੀਓ-ਸਪੇਸ਼ੀਅਲ ਨਕਸ਼ਿਆਂ ਦਾ ਇਸਤੇਮਾਲ ਕਰ ਸਕਣਗੇ, ਜਿਸ ਨਾਲ ਆਟੋਮੇਟਡ ਹਾਰਡਵੇਅਰ ਸਿਸਟਮਸ ਤੇ ਕਰੂਜ਼ ਬੈਲਿਸਟਕ ਮਿਜ਼ਾਈਲਾਂ ਸਮੇਤ ਹਥਿਆਰਾਂ ਦੀ ਤਾਕਤ ਵਧੇਗੀ | ਇਹ ਭਾਰਤ ਵਲੋਂ ਅਮਰੀਕਾ ਤੋਂ ਹਥਿਆਰਾਂ ਨਾਲ ਲੈਸ ਮਨੁੱਖ ਰਹਿਤ ਜਹਾਜ਼ਾਂ ਦੀ ਖਰੀਦ ਲਈ ਵੀ ਆਧਾਰ ਦਾ ਕੰਮ ਕਰੇਗਾ | ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ-ਅਮਰੀਕਾ ਕੋਲੋਂ 30 ਜਨਰਲ ਅਟੋਮਿਕ ਐਮ ਕਿਊ-9 ਗਾਰਜੀਅਨ ਡਰੋਨ ਖਰੀਦਣ ‘ਤੇ ਵਿਚਾਰ ਕਰ ਰਿਹਾ ਹੈ |
ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਮੋਦੀ ਨਾਲ ਬੈਠਕ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਅਮਰੀਕੀ ਰਾਜਦੂਤ ਕੈਨਥ ਜਸਟਰ ਵੀ ਮੌਜੂਦ ਸਨ |
ਇਸ ਦੌਰਾਨ ਬੀਜਿੰਗ (ਚੀਨ) ਤੋਂ ਏਜੰਸੀ ਦੀ ਖ਼ਬਰ ਅਨੁਸਾਰ-2+2 ਗੱਲਬਾਤ ਲਈ ਭਾਰਤ ਆਏ ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਦੇ ਦੌਰੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਬੀਜਿੰਗ ਤੇ ਖੇਤਰ ਦੇ ਹੋਰ ਦੇਸ਼ਾਂ ਦੇ ਨਾਲ-ਨਾਲ ਖੇਤਰੀ ਸ਼ਾਂਤੀ ਤੇ ਸਥਿਰਤਾ ‘ਚ ਮਤਭੇਦ ਪੈਦਾ ਨਾ ਕਰਨ | ਪੋਂਪੀਓ ਵਲੋਂ ਭਾਰਤ ਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਕੀਤੇ ਜਾ ਰਹੇ ਦੌਰੇ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਪੱਤਰਕਾਰਾਂ ਨਾ ਗੱਲਬਾਤ ਕਰਦਿਆਂ ਕਿਹਾ ਕਿ ਪੋਂਪੀਓ ਵਲੋਂ ਚੀਨ ਖ਼ਿਲਾਫ਼ ਕੀਤੇ ਜਾ ਰਹੇ ਹਮਲੇ ਤੇ ਹੋਰ ਦੋਸ਼ ਲਗਾਉਣਾ ਕੋਈ ਨਵੀਂ ਗੱਲ ਨਹੀਂ ਹੈ | ਇਹ ਆਧਾਰਹੀਣ ਦੋਸ਼ ਸਾਬਿਤ ਕਰਦੇ ਹਨ ਕਿ ਉਹ ਸੀਤ ਯੁੱਧ ਦੀ ਮਾਨਸਿਕਤਾ ਤੇ ਵਿਚਾਰਕ ਪੱਖਪਾਤ ਨਾਲ ਜੂਝ ਰਹੇ ਹਨ | ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸੀਤ ਯੁੱਧ ਦਾ ਵਿਚਾਰ ਮਨ ‘ਚੋਂ ਕੱਢ ਦੇਣ ਤੇ ਚੀਨ ਤੇ ਖੇਤਰੀ ਦੇਸ਼ਾਂ ਵਿਚਾਲੇ ਮਤਭੇਦ ਪੈਦਾ ਨਾ ਕਰਨ |

ਪਾਕਿਸਤਾਨ ਦੀ ਵੀ ਹੋਈ ਖਿਚਾਈ-ਭਾਰਤ ਤੇ ਅਮਰੀਕਾ ਨੇ ਸਰਹੱਦ ਪਾਰੋਂ ਅੱਤਵਾਦ ਦੇ ਸਾਰੇ ਸਰੂਪਾਂ ਦੀ ਸਖ਼ਤੀ ਨਾਲ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਇਹ ਯਕੀਨੀ ਬਣਾਉਣ ਲਈ ਤੁਰੰਤ ਨਿਰੰਤਰ ਅਤੇ ਅਟੱਲ ਕਦਮ ਚੁੱਕੇ ਕਿ ਉਸ ਦੇ ਕੰਟਰੋਲ ਅਧੀਨ ਪੈਂਦੇ ਇਲਾਕਿਆਂ ਦੀ ਅੱਤਵਾਦੀ ਹਮਲੇ ਕਰਨ ਲਈ ਵਰਤੋਂ ਨਾ ਕੀਤੀ ਜਾਵੇ | ਭਾਰਤ ਤੇ ਅਮਰੀਕਾ ਵਿਚਕਾਰ 2+2 ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਸਰਹੱਦ ਪਾਰੋਂ ਅੱਤਵਾਦ ਦਾ ਮੁੱਦਾ ਉੱਠਿਆ | ਗੱਲਬਾਤ ਤੋਂ ਬਾਅਦ ਇਕ ਸਾਂਝੇ ਬਿਆਨ ‘ਚ ਕਿਹਾ ਗਿਆ ਕਿ ਦੋਵਾਂ ਧਿਰਾਂ ਨੇ ਅੱਤਵਾਦ ਪ੍ਰਾਕਸੀਆਂ ਦਾ ਇਸਤੇਮਾਲ ਕਰਨ ਅਤੇ ਸਰਹੱਦ ਪਾਰੋਂ ਅੱਤਵਾਦ ਦੇ ਸਾਰੇ ਸਰੂਪਾਂ ਦੀ ਸਖ਼ਤੀ ਨਾਲ ਨਿੰਦਾ ਕੀਤੀ ਹੈ ਅਤੇ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਦੀਨ, ਅਲਕਾਇਦਾ ਅਤੇ ਆਈ.ਐਸ.ਆਈ.ਐਸ./ਦਾਹੀਸ਼ ਸਮੇਤ ਸਾਰੇ ਅੱਤਵਾਦੀ ਨੈਟਵਰਕਾਂ ਖ਼ਿਲਾਫ਼ ਠੋਸ ਕਦਮ ਚੁੱਕਣ ‘ਤੇ ਜ਼ੋਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਸੀਂ ਇਹ ਸਪੱਸ਼ਟ ਕੀਤਾ ਹੈ ਕਿ ਸਰਹੱਦ ਪਾਰੋਂ ਅੱਤਵਾਦ ਕਦੇ ਵੀ ਬਰਦਾਸ਼ਤ ਨਹੀਂ ਹੈ | ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ 26/11 ਮੁੰਬਈ, ਉੜੀ ਤੇ ਪਠਾਨਕੋਟ ਹਮਲਿਆਂ ਦੇ ਦੋਸ਼ੀਆਂ ਤੇ ਸਾਜਿਸ਼ਕਰਤਾਵਾਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਗੱਲ ਆਖੀ | ਉਨ੍ਹਾਂ ਅੱਤਵਾਦੀ ਸੰਗਠਨਾਂ ਖ਼ਿਲਾਫ਼ ਪਾਬੰਦੀਆਂ ਸਬੰਧੀ ਜਾਣਕਾਰੀ ਦੇ ਆਦਾਨ-ਪ੍ਰਦਾਨ ਜਾਰੀ ਰੱਖਣ ਦੀ ਵਚਨਬੱਧਤਾ ਵੀ ਪ੍ਰਗਟਾਈ |