ਗੁਰਦੁਆਰਾ ਸਾਹਿਬ ਦੀ ਪਰਧਾਨਗੀ ਦਾ ਰੇੜਕਾ ਵਧਿਆ, ਰਿਸੀਵਰ ਲਾਉਣ ਦੀ ਮੰਗ

ਜਲੰਧਰ- ਸਥਾਨਕ ਛਾਉਣੀ ਖੇਤਰ ਵਿਚ ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਦਾ ਵਿਵਾਦ ਮੁੜ ਤੋਂ ਭਖਦਾ ਨਜ਼ਰ ਆ ਰਿਹਾ ਹੈ। ਅੱਜ ਜਲੰਧਰ ਛਾਉਣੀ ਦੀ ਸਿੱਖ ਸੰਗਤ ਵਲੋਂ ਇਕ ਪੱਤਰਕਾਰ ਸੰਮੇਲਨ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਗਈ ਹੈ ਕਿ ਉਹ ਸਾਲਾਂ ਪੁਰਾਣੇ ਇਸ ਵਿਵਾਦ ਨੂੰ ਪਹਿਲ ਦੇ ਆਧਾਰ ‘ਤੇ ਖ਼ਤਮ ਕਰਵਾਉਣ ਲਈ ਰਿਸੀਵਰ ਲਗਾ ਕੇ ਜਲਦ ਚੋਣਾਂ ਕਰਵਾਈਆਂ ਜਾਣ।

ਸੰਗਤ ਦੇ ਵਫਦ ਵਿਚ ਅੰਮਿ੍ਤਪਾਲ ਸਿੰਘ ਲਵਲੀ, ਜਸਬੀਰ ਸਿੰਘ ਭਸੀਨ, ਹਰਪ੍ਰੀਤ ਸਿੰਘ ਭਸੀਨ, ਅਵਤਾਰ ਸਿੰਘ ਮਹਾਜਨ, ਪਵਿੱਤਰ ਸਿੰਘ, ਨਿਰਮੋਲਕ ਸਿੰਘ, ਦਵਿੰਦਰ ਸਿੰਘ ਲਾਂਬਾ, ਜੁਗਿੰਦਰ ਸਿੰਘ ਟੀਟੂ, ਰੁਪਿੰਦਰ ਸਿੰਘ ਭਸੀਨ, ਬਾਬਾ ਮਹਿੰਦਰ ਸਿੰਘ, ਤੇਜਾ ਸਿੰਘ ਤੇ ਰਾਮ ਸਿੰਘ ਆਦਿ ਨੇ ਪ੍ਰਸਾਸਨਿਕ ਅਧਿਕਾਰੀਆਂ ਕੋਲੋਂ ਮੰਗ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਚਰਨਜੀਤ ਸਿੰਘ ਵਿੱਕੀ ਚੱਢਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਦੀ ਉਲੰਘਣਾਂ ਕਰਦੇ ਹੋਏ 7 ਅਪ੍ਰੈਲ 2019 ਨੂੰ ਆਪਣੇ ਆਪ ਨੂੰ ਸਰਬਸੰਮਤੀ ਨਾਲ ਪ੍ਰਧਾਨ ਐਲਾਨ ਦਿੱਤਾ ਸੀ ਜਦਕਿ ਇਸ ਚੋਣ ‘ਚ ਇਲਾਕੇ ਦੀ ਕੋਈ ਵੀ ਸਿੱਖ ਸੰਗਤ ਹਾਜ਼ਰ ਨਹੀਂ ਸੀ। ਸੰਗਤ ਅਨੁਸਾਰ ਪ੍ਰਧਾਨ ਵਿੱਕੀ ਚੱਢਾ ਨੇ ਸਰਕਾਰੀ ਹੁਕਮਾਂ ਦੀ ਉਲੰਘਣਾਂ ਕਰਦੇ ਹੋਏ ਆਪਣੇ ਆਪ ਨੂੰ ਪ੍ਰਧਾਨ ਐਲਾਨ ਦਿੱਤਾ ਸੀ, ਜਿਸ ਸਬੰਧੀ ਸਿੱਖ ਸੰਗਤ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ , ਪਰ ਕੋਈ ਵੀ ਕਾਰਵਾਈ ਨਹੀਂ ਹੋ ਸਕੀ। ਹਾਜ਼ਰ ਲੋਕਾਂ ਨੇ ਡੀ.ਸੀ. ਪਾਸੋਂ ਮੰਗ ਕੀਤੀ ਕਿ ਇਹ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਪਾਸ ਵਿਚਾਰ ਅਧੀਨ ਹੋਣ ਕਾਰਨ ਇਸ ਪ੍ਰਧਾਨਗੀ ਨੂੰ ਤੁਰੰਤ ਰੱਦ ਕਰਕੇ ਗੁਰੂ ਘਰ ਦੀ ਦੇਖਭਾਲ ਲਈ ਕਿਸੇ ਰਿਸੀਵਰ ਨੂੰ ਨਿਯੁਕਤ ਕੀਤਾ ਜਾਵੇ ਤੇ ਨਾਲ ਹੀ ਚੋਣਾਂ ਕਰਵਾਈਆਂ ਜਾਣ | ਹਾਜ਼ਰ ਲੋਕਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਕੋਵਿਡ-19 ਦੌਰਾਨ ਸੰਗਤ ਵਲੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਖੁਰਾਕ ਸਮੱਗਰੀ ਤੇ ਹੋਰ ਚੀਜ਼ਾਂ ਦਿੱਤੀਆਂ ਗਈਆਂ ਸਨ, ਉਸ ਦੀ ਜਾਣਕਾਰੀ ਵੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਜਨਤਕ ਕੀਤੀ ਜਾਵੇ।
ਦੂਜੇ ਪਾਸੇ ਗੁ: ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਕੀ ਚੱਢਾ ਦਾ ਕਹਿਣਾ ਸੀ ਕਿ ਇਹ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਥਾਂ ਅਦਾਲਤ ‘ਚ ਵਿਚਾਰ ਅਧੀਨ ਹੈ ਤੇ ਮਾਮਲੇ ਸਬੰਧੀ ਅੱਜ ਵੀ ਦੋਵੇਂ ਹੀ ਪਾਰਟੀਆਂ ਦੀ ਪੇਸ਼ੀ ਸੀ, ਪ੍ਰੰਤੂ ਕੋਵਿਡ-19 ਹੋਣ ਕਾਰਨ ਅਦਾਲਤ ਵਲੋਂ ਇਸ ‘ਚ ਤਰੀਕ ਪਾ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੋਣ ਛਾਉਣੀ ਦੀ ਸਮੂਹ ਸਿੱਖ ਸੰਗਤ ਦੀ ਸਰਬਸੰਮਤੀ ਨਾਲ ਹੋਈ ਹੈ ਤੇ ਇਸ ਚੋਣ ‘ਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਰੋਕ ਨਹੀਂ ਲਾਈ ਗਈ ਸੀ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸਿਆਸੀ ਸ਼ਹਿ ‘ਤੇ ਛਾਉਣੀ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਜੋ ਵੀ ਫ਼ੈਸਲਾ ਕਰੇਗੀ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।