ਪਿੰਡ ਬਚਾਓ ਪੰਜਾਬ ਬਚਾਓ ਦੇ ਬੈਨਰ ਹੇਠ 1 ਨਵੰਬਰ ਤੋਂ ਪੰਜਾਬ ਭਰ ਵਿਚ ਜਾਵੇਗਾ ਕਾਫ਼ਲਾ
ਕੀ ਬਣਿਆ ਪਿੰਡ ਬਚਾਓ ਪੰਜਾਬ ਬਚਾਓ ਲਹਿਰ ਦਾ

ਪਿੰਡ ਬਚਾਓ ਪੰਜਾਬ ਬਚਾਓ ਦੇ ਬੈਨਰ ਹੇਠ 1 ਨਵੰਬਰ ਤੋਂ ਪੰਜਾਬ ਭਰ ਵਿਚ ਜਾਵੇਗਾ ਕਾਫ਼ਲਾ

ਅੰਮ੍ਰਿਤਸਰ (ਕੇਸਰੀ ਨਿਊਜ਼ ਨੈੱਟਵਰਕ)- ਸਿੱਖ ਪੰਥ ਦੇ ਮੁੱਖ ਕੇਂਦਰੀ ਅਸਥਾਨ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਸੰਘਰਸ਼ ਦੇ ਰਾਹ ਪਈ ਪੰਜਾਬ ਦੀ ਕਿਰਸਾਣੀ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਦੇ ਇਰਾਦੇ ਨਾਲ ਪੰਜਾਬ ਦੇ ਵੱਖ-ਵੱਖ ਬੁੱਧੀਜੀਵੀਆਂ ਵਲੋਂ ਪੰਜਾਬ ਸਮੇਤ ਸੂਬਿਆਂ ਨੂੰ ਵਧ ਅਧਿਕਾਰਾਂ ਦੀ ਮੰਗ ਕਰਨ ਅਤੇ ਪੰਜਾਬ ਦੇ ਲੋਕਾ ਦੀਆ ਹੋਰ ਹੱਕੀ ਮੰਗਾਂ ਸਬੰਧੀ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨ ਹਿੱਤ ‘ਪਿੰਡ ਬਚਾਓ ਪੰਜਾਬ ਬਚਾਓ’ ਕਾਫ਼ਲਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਡਾ. ਪਿਆਰਾ ਲਾਲ ਗਰਗ, ਡਾ. ਸ਼ਿਆਮ ਸੁੰਦਰ ਦੀਪਤੀ, ਬੀਬੀ ਰਮਨਦੀਪ ਕੌਰ, ਜਸਵਿੰਦਰ ਐਡਵੋਕੇਟ ਅਤੇ ਹੋਰਨਾਂ ਬੁਲਾਰਿਆਂ ਨੇ ਦੱਸਿਆ ਕਿ ‘ਪਿੰਡ ਬਚਾਓ ਪੰਜਾਬ ਬਚਾਓ’ ਕਾਫ਼ਲਾ ਇਕ ਨਵੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਆਰੰਭ ਹੋਵੇਗਾ, ਜੋ ਲਗਾਤਾਰ ਤਿੰਨ ਮਹੀਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗਾ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਆਉਂਦੇ ਸਮੇਂ ‘ਚ ਇਸ ਕਾਫ਼ਲੇ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਦੇਸ਼ ਦੀਆਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਇਸ ਨੂੰ ਦੇਸ਼ ਦੇ ਦੂਜੇ ਸੂਬਿਆਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਬੀਬੀ ਕਿਰਨਜੀਤ ਕੌਰ ਝੁਨੀਰ, ਪ੍ਰੋਫੈਸਰ ਮਨਜੀਤ ਸਿੰਘ, ਡਾ. ਖੁਸ਼ਾਲ ਸਿੰਘ, ਡਾ. ਜਸਪਾਲ ਸਿੰਘ ਸਿੱਧੂ ਅਤੇ ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।